ਪੁਲਿਸ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਕੀਤਾ ਪਰਚਾ ਦਰਜ, ਕਥਿਤ ਦੋਸ਼ੀ ਗ੍ਰਿਫ਼ਤਾਰ
ਲਹਿਰਾਗਾਗਾ: ਸ਼ਹਿਰ ਅੰਦਰ ਅੱਜ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਗ੍ਰੰਥੀ ਸਿੰਘ ਨਿਰਵੈਰ ਸਿੰਘ ਪੁੱਤਰ ਗੁਰਬਚਨ ਸਿੰਘ ਦੀ ਸ਼ਿਕਾਇਤ ’ਤੇ ਵਿਅਕਤੀ ਵਿਰੁਧ ਧਾਰਾ 295 ਏ ਦੇ ਤਹਿਤ ਮਾਮਲਾ ਦਰਜ ਕਰਕੇ, ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਕੀਤਾ ਹੈ।
ਥਾਣਾ ਲਹਿਰਾਗਾਗਾ ਦੇ ਐਸ.ਐਚ ਓ. ਰਣਬੀਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸਭਾ ਗੁਰੂ ਅਮਰਦਾਸ ਜੀ ਲਹਿਰਾ ਤੋਂ 12 ਅਕਤੂਬਰ ਨੂੰ ਸਾਹਿਬ ਸਿੰਘ ਪੁੱਤਰ ਜਗੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾ ਕੇ ਅਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਸਹਿਜ ਪਾਠ ਆਰੰਭ ਕਰਵਾਇਆ ਸੀ, ਜਿਸ ਦੇ ਭੋਗ 18 ਅਕਤੂਬਰ ਨੂੰ ਪਾਏ ਜਾਣੇ ਸੀ।
ਪ੍ਰੰਤੂ ਅੱਜ ਸਵੇਰੇ ਸ਼ਰਾਬ ਪੀ ਕੇ ਉਸ ਨੇ ਪਾਠ ਪੂਰਾ ਹੋਣ ਤੋਂ ਪਹਿਲੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬਿਨਾਂ ਕਿਸੇ ਰਹਿਤ ਮਰਿਆਦਾ ਦੇ ਇਕੱਲੇ ਹੀ ਚੁੱਕ ਕੇ ਗੁਰਦੁਆਰਾ ਸਾਹਿਬ ਵਿਖੇ ਲਿਆ ਕੇ ਰੱਖ ਦਿਤਾ ਹੈ, ਜਿਸ ਦਾ ਗੁਰਦੁਆਰਾ ਕਮੇਟੀ ਵਲੋਂ ਸਖਤ ਵਿਰੋਧ ਕੀਤਾ ਗਿਆ। ਇਸ ਉਪਰੰਤ ਸਿੱਖ ਸੰਗਤਾਂ ਨੇ ਇਸ ਘਟਨਾ ਦੀ ਸੂਚਨਾ ਪਹਿਲਾਂ ਸਥਾਨਕ ਸਿਟੀ ਥਾਣਾ ਵਿਖੇ ਦਿਤੀ, ਜਿਸ ਉਪਰ ਕਾਰਵਾਈ ਕਰਦਿਆਂ ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਕਥਿਤ ਦੋਸ਼ੀ ਨੂੰ ਬੇਅਦਬੀ ਕਰਨ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਹੈ।