
ਹੋ ਸਕਦੈ ਵੱਡਾ ਐਲਾਨ
ਕੋਟਕਪੂਰਾ : ਪੰਥਕ ਹਲਕਿਆਂ ਦੇ ਬਹੁ ਚਰਚਿਤ ਅਤੇ ਤਿੰਨ ਸਰਕਾਰਾਂ ਨੂੰ ਪ੍ਰਭਾਵਤ ਕਰਨ ਵਾਲੇ ਬੇਅਦਬੀ ਕਾਂਡ ਨਾਲ ਜੁੜੇ ਗੋਲੀਕਾਂਡ ਦੇ ਮਾਮਲਿਆਂ ਤੋਂ ਪੀੜਤ ਪਰਵਾਰਾਂ ਨੂੰ 8 ਸਾਲ ਬਾਅਦ ਵੀ ਇਨਸਾਫ਼ ਨਾ ਮਿਲਣ ਨੂੰ ਲੈ ਕੇ ਉਨ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਕਤੂਬਰ ਨੂੰ ਸ਼ਹੀਦ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦਾ ਸ਼ਰਧਾਂਜ਼ਲੀ ਸਮਾਗਮ ਵੱਡੀ ਪੱਧਰ ’ਤੇ ਕਰਨ ਦਾ ਐਲਾਨ ਕੀਤਾ ਹੈ।
ਅੱਜ ਤੋਂ 8 ਸਾਲ ਪਹਿਲਾਂ ਅਰਥਾਤ 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦਾ ਇਨਸਾਫ਼ ਮੰਗ ਰਹੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਦੌਰਾਨ ਦੋ ਸਿੱਖ ਨੌਜਵਾਨਾ ਦੀ ਸ਼ਹਾਦਤ ਬਦਲੇ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੂਹਰਲੀ ਕਤਾਰ ਦੇ ਆਗੂ ਹਾਜ਼ਰੀ ਭਰਦੇ ਰਹੇ, ਕਈ ਜਾਂਚ ਕਮਿਸ਼ਨ ਬਣੇ, ਐਸਆਈਟੀ ਵਲੋਂ ਜਾਂਚ ਪੜਤਾਲਾਂ ਹੋਈਆਂ ਪਰ ਅਜੇ ਤਕ ਵੀ ਇਨਸਾਫ਼ ਨਹੀਂ ਮਿਲਿਆ।
ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਵਲੋਂ ਇਸ ਵਾਰ ਵੀ ਅਪਣੇ ਗ੍ਰਹਿ ਪਿੰਡ ਸਰਾਵਾਂ ਵਿਖੇ ਵੱਖਰੇ ਤੌਰ ’ਤੇ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ, ਜਦਕਿ ਸ਼ਹੀਦ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਵਲੋਂ ਗੁਰਦਵਾਰਾ ਟਿੱਬੀ ਸਾਹਿਬ ਬਹਿਬਲ ਕਲਾਂ ਵਿਖੇ ਵੱਡਾ ਸਮਾਗਮ ਹੋਵੇਗਾ, ਜਿਸ ਵਿਚ ਰਾਗੀ-ਢਾਡੀ-ਕਵੀਸ਼ਰੀ ਜੱਥੇ ਅਤੇ ਪੰਥਕ ਆਗੂ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਤੇ ਸੰਗਤਾਂ ਨਾਲ ਗੁਰਇਤਿਹਾਸ ਦੀ ਸਾਂਝ ਪਾਉਣਗੇ। ਬਹਿਬਲ ਮੋਰਚੇ ਦੇ ਆਗੂਆਂ ਤੋਂ ਮਿਲ ਰਹੇ ਸੰਕੇਤ ਮੁਤਾਬਿਕ ਪੰਥਕ ਸਟੇਜ ਤੋਂ ਕਿਸੇ ਵੱਡੇ ਐਲਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।