‘ਠੰਢੇ ਬੁਰਜ ਦਾ ਕਿੰਗਰੇ ਰੋ ਰੋ ਪਾਉਂਦੇ ਵੈਣ ਨੀਂ, ਨਾ ਕਮਾ ਏਨਾ ਕਹਿਰ,
ਸਰਹਿੰਦ ’ਚ ਖੁਲਮ ਖੁੱਲ੍ਹੇ ਰੂਪ ਵਿਚ ਇਕ ਆਮ ਬੁਰਜ ਉਸਾਰਿਆ ਗਿਆ ਸੀ। ਇਸ ਬੁਰਜ ਨੂੰ ਉਸ ਵੇਲੇ ਇਤਿਹਾਸਕ ਰੰਗਤ ਚੜ੍ਹਨੀ ਸ਼ੁਰੂ ਹੋ ਗਈ ਜਦ ਲਾਲਚ ਤੇ ਗ਼ਦਾਰਪੁਣੇ ਦੀ ਜ਼ਦ ’ਚ ਆਏ ਗੰਗੂ ਨਾਂ ਦੇ ਰਸੋਈਏ ਦੀ ਸ਼ਿਕਾਇਤ ਕਰਨ ’ਤੇ ਜਾਬਰ ਮੁਗ਼ਲ ਹਕੂਮਤ ਦੇ ਹੁਕਮਰਾਨਾਂ ਨੇ ਜ਼ਬਰ ਦੀ ਹੱਦ ਪਾਰ ਕਰਦਿਆਂ ਗੁਰੂ ਪ੍ਰਵਾਰ ਦੇ ਬੇਕਸੂਰ ਦੋ ਮਾਸੂਮ ਜਿੰਦਾਂ ਬਾਬਾ ਫ਼ਤਹਿ ਸਿੰਘ ਜੀ (ਸੱਤ ਸਾਲ) ਤੇ ਬਾਬਾ ਜ਼ੋਰਾਵਰ ਸਿੰਘ ਜੀ (ਨੌਂ ਸਾਲ) ਅਤੇ ਉਨ੍ਹਾਂ ਦੀ ਦਾਦੀ ਮਾਤਾ ਗੁਜਰੀ (ਗੁਜਰ ਕੌਰ) ਜੀ ਨੂੰ ਸਿਆਲੀ ਮਹੀਨੇ ਪੋਹ ਦੇ ਯਖ ਠੰਢੇ ਦਿਨਾਂ ਵਿਚ ਇਸ ਬੁਰਜ ’ਚ ਕੈਦ ਕਰ ਕੇ ਈਨ ਮੰਨਵਾਉਣ/ਦੀਨ ’ਚ ਲਿਆਉਣ ਲਈ ਕਚਹਿਰੀ ’ਚ ਪੇਸ਼ੀਆਂ ਪਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਇਸ ਇਤਿਹਾਸਕ ਘਟਨਾਕ੍ਰਮ (ਮਹਾਨ ਸ਼ਹੀਦਾਂ ਦੀ ਚਰਨ ਛੋਹ) ਨੇ ਇਸ ਇਕ ਆਮ ਬੁਰਜ ਨੂੰ ਖ਼ਾਸ ਬੁਰਜ (ਪੂਜਣ ਯੋਗ) ਬਣਾ ਦਿਤਾ।
ਫ਼ੌਲਾਦੀ ਜਿਗਰੇ ਤੇ ਬੁਲੰਦ ਹੌਂਸਲੇ ਦੇ ਮਾਲਕ ਬਚਪਨ ਤੇ ਬੁਢਾਪੇ (ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ) ਨੇ ਬਰਫੀਲੀਆਂ ਰਾਤਾਂ ’ਚ ਵੀ ਜਾਬਰ ਦੇ ਜ਼ੁਲਮ ਦਾ ਸਬਰ ਨਾਲ ਡੱਟ ਕੇ, ਚੜ੍ਹਦੀ ਕਲਾ ’ਚ ਮੁਕਾਬਲਾ ਕੀਤਾ। ਪਰ ਜ਼ੁਲਮ ਦੀ ਇੰਤਾਹ ਨੂੰ ਤੱਕ ਕੇ ਇਥੋਂ ਦੀ ਫ਼ਿਜ਼ਾ ਨੇ ਖ਼ੂਨ ਦੇ ਅੱਥਰੂਆਂ ਨਾਲ ਉਦਾਸ ਤੇ ਗ਼ਮਗੀਨ ਮਾਹੌਲ ਦੀ ਪੀੜਾ ਨੂੰ ਬੜੇ ਹੀ ਔਖ ਨਾਲ ਸਹਿਣ ਕੀਤਾ ਹੋਵੇਗਾ। ਠੰਢੇ ਬੁਰਜ ਦੇ ਕਿੰਗਰੇ ਇਸ ਕਹਿਰ ਦੇ ਚਸ਼ਮਦੀਦ ਗਵਾਹ ਬਣੇ :
‘ਠੰਢੇ ਬੁਰਜ ਦਾ ਕਿੰਗਰੇ ਰੋ ਰੋ ਪਾਉਂਦੇ ਵੈਣ ਨੀਂ,
ਨਾ ਕਮਾ ਏਨਾ ਕਹਿਰ,
ਜੋਦੜੀ ਕਰ ਕਰ ਤੈਨੂੰ ਕਹਿਣ ਨੀ। ਹਾਏ ਨੀ ਜ਼ਾਲਮ ਹਕੂਮਤੇ!
ਸਾਥੋਂ ਨੀ ਹੁੰਦਾ ਐਹ ਸਭ ਸਹਿਣ ਨੀ! ਮਸੂਮਾਂ ਜਿੰਦਾਂ ਨੂੰ ਔਹ, ਜ਼ਾਲਮ ਆ ਗਏ ਲੈਣ ਨੀ!’
ਅੱਜ ਵੀ ਇਸ ਮਹਾਨ ਅਸਥਾਨ ਠੰਢੇ ਬੁਰਜ ਦੇ ਦਰਸ਼ਨ ਦੀਦਾਰੇ ਕਰਨ ਸਮੇਂ ਇਸ ਸੂਰਮਗਤੀ ਭਰੇ ਬਿਰਤਾਂਤ ਦਾ ਸੁਨਹਿਰੀ ਇਤਿਹਾਸ ਅੱਖਾਂ ਅੱਗੇ ਆਣ ਘੁੰਮਣ ਲੱਗ ਜਾਂਦੈ, ਠੰਢੇ ਬੁਰਜ ਦਾ ਆਲਾ ਦੁਆਲਾ, ਇਸ ਦੀ ਫ਼ਿਜ਼ਾ, ਥੰਮ/ਕਿੰਗਰੇ, ਧਰਮ ਪ੍ਰਤੀ ਵਫ਼ਾਦਾਰੀ ਤੇ ਕੁਰਬਾਨੀ ਦੀ ਵੀਰ ਗਾਥਾ ਸੁਣਾਉਂਦੇ ਮਹਿਸੂਸ ਹੁੰਦੇ ਹਨ। ਅਹਿਸਾਸ ਵੀ ਕਰਵਾਉਂਦੇ ਹਨ ਕਿ ਉਹ ਘੜੀ ਕਿੰਨੀ ਔਖੀ ਤੇ ਅਸਹਿ ਹੋਵੇਗੀ? ਫਿਰ ਵੀ ਮਾਤਾ ਗੁਜਰੀ ਜੀ ਅਪਣੇ ਲਾਲ (ਦਸਮੇਸ਼) ਦੇ ਲਾਲਾਂ ਨਾਲ ਠੰਢੇ ਬੁਰਜ ਦੀ ਕੈਦ ਸਮੇਂ ਆਉਣ ਵਾਲੇ ਹੋਰ ਵੀ ਕਰੜੇ ਇਮਤਿਹਾਨਾਂ ਨੂੰ ਬੜੇ ਠਰੱਮੇ, ਸਬਰ, ਹੌਂਸਲੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਸਨ।
‘ਮਨਜ਼ੂਰ ਇਸ ਘੜੀ ਜੋ ਤੁਝੇ ਇਮਤਿਹਾਨ ਹੈ।
ਹਾਜ਼ਿਰ ਬਜਾਇ ਪੋਤੋਂ ਕੇ ਦਾਦੀ ਕੀ ਜਾਨ ਹੈ।’
(ਮਿਰਜ਼ਾ ਅੱਲਾ ਯਾਰ ਖ਼ਾਂ ਜੋਗੀ)
ਪਰ ਕੈਦ ਵਿਚ ਬੇਦੋਸ਼ੇ ਮਜ਼ਲੂਮਾਂ ’ਤੇ ਜ਼ਾਲਮ ਹਕੂਮਤ ਦੇ ਅਣ-ਮਨੁੱਖੀ ਵਿਵਹਾਰ ਨੂੰ ਵੇਖ ਕੇ ਭਾਈ ਮੋਤੀ ਮਹਿਰਾ ਦੀ ਰੂਹ ਕੁਰਲਾ ਉਠੀ ਤੇ ਦੰਡ ਦੇ ਰੂਪ ’ਚ ਜ਼ਾਲਮ ਹਕੂਮਤ ਹੱਥੋਂ ਅਪਣੀ ਹੋਣ ਵਾਲੀ ਦੁਰਦਸ਼ਾ ਤੋਂ ਬੇਪ੍ਰਵਾਹ ਹੋ ਕੇ ਉਹ ਅਪਣਾ ਸਭ ਕੁੱਝ ਦਾਅ ’ਤੇ ਲਾਉਂਦਿਆਂ, ਮਹਾਨ ਪੁਰਖਿਆਂ ਨੂੰ ਦੁੱਧ ਛਕਾਉਣ ਦੀ ਸੇਵਾ ਕਮਾਉਣ ’ਚ ਸਫ਼ਲ ਹੋ ਗਿਆ। ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਦੀ ਮੁਗ਼ਲ ਹਕੂਮਤ ਸਾਹਮਣੇ ਹੋਣ ਵਾਲੀ ਪੇਸ਼ੀ ਸਮੇਂ ਵਾਪਰਨ ਵਾਲੇ ਘਟਨਾਕ੍ਰਮ ਤੇ ਉਨ੍ਹਾਂ ਦੇ ਨਿਕਲਣ ਵਾਲੇ ਨਤੀਜਿਆਂ ਨੂੰ ਹਰ ਪੱਖੋਂ ਘੋਖਿਆ/ਪਰਖਿਆ ਹੈ ਤੇ ਭਿਆਨਕ ਹੋਣੀ ਨੂੰ ਭਾਂਪਦਿਆਂ ਅਪਣੇ ਪੋਤਰਿਆਂ ਨੂੰ ਗੋਦੀ ਦੇ ਨਿੱਘ ’ਚ ਬਿਠਾਇਆ ਤੇ ਸਿੱਖੀ ਸਿਦਕ ਕਮਾਉਣ ਤੇ ਹੰਢਾਉਣ ਵਾਲੇ ਅਪਣੇ ਪੁਰਖਿਆਂ ਦੇ ਮਾਣਮੱਤੇ ਇਤਿਹਾਸ ਸੁਣਾ ਕੇ ਮਾਸੂਮ ਪਰ ਮਜ਼ਬੂਤ ਦਿਲਾਂ ’ਤੇ ਚੜ੍ਹੀ ਹੋਈ ਬਹਾਦਰੀ ਦੀ ਪਾਣ ਨੂੰ ਹੋਰ ਤਿੱਖਾ ਕਰਦਿਆਂ ਜ਼ੁਲਮ ਦੇ ਟਾਕਰੇ ਲਈ ਹੋਰ ਦ੍ਰਿੜ ਕੀਤਾ। ਦਿਲ ’ਤੇ ਸਬਰ ਦਾ ਪੱਥਰ ਰੱਖ ਕੇ ਸਵੇਰੇ ਵੇਲੇ ਅਣਖ ਭਰੀ ਦਲੇਰਨਾ ਰੀਝ ਨਾਲ ਦਾਦੀ ਮਾਂ ਪੋਤਰਿਆਂ ਤੋਂ ਮਮਤਾ ਨਿਛਾਵਰ ਕਰਦੀ ਤੇ ਸਦਕੇ ਜਾਂਦੀ ਹੋਈ ਨੇ ਪੇਸ਼ੀ ਲਈ ਤਿਆਰ ਵੀ ਕੀਤਾ :
‘ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ,
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਯਾਰੇ ਸਰੋਂ ਪੇ ਨੰਨ੍ਹੀ ਸੀ ਕਲਗ਼ੀ ਸਜਾ ਤੋ ਲੂੰ,
ਮਰਨੇ ਸੇ ਪਹਲੇ ਤੁਮ ਕੋ ਮੈਂ ਦੁੱਲ੍ਹਾ ਬਨਾ ਤੋ ਲੂੰ।’
(ਅੱਲ੍ਹਾ ਯਾਰ ਖ਼ਾਂ ਜੋਗੀ)
ਹੰਕਾਰ ਤੇ ਜਨੂੰਨ ਦੇ ਨਾਲ-ਨਾਲ ਹਕੂਮਤ ਦੇ ਨਸ਼ੇ ’ਚ ਚੂਰ ਹੋਇਆ ਸਰਹਿੰਦ ਦਾ ਸੂਬੇਦਾਰ ਨਵਾਬ ਵਜ਼ੀਰ ਖ਼ਾਨ ਵਿਸ਼ੇਸ਼ ਕਚਹਿਰੀ (ਸਭਾ) ਬੁਲਾ ਕੇ ਬੈਠਾ ਹੋਇਆ ਸੀ। ਉਹ ਚਮਕੌਰ ਦੀ ਗੜ੍ਹੀ ਵਿਚ ਮਿਲੀ ਨਮੋਸ਼ੀ ਭਰੀ ਹਾਰ ਦਾ ਬਦਲਾ ਗੁਰੂ ਘਰ ਦੇ ਮਾਸੂਮਾਂ ਤੋਂ ਲੈਣ ਲਈ ਬਜ਼ਿੱਦ ਸੀ। ਇਸੇ ਕਰ ਕੇ ਕਚਹਿਰੀ ’ਚ ਪੇਸ਼ੀ ਸਮੇਂ ਇਕ ਸਾਜ਼ਸ਼ ਤਹਿਤ ਮੁੱਖ ਦਰਵਾਜ਼ਾ ਬੰਦ ਕਰ ਕੇ ਬਾਰੀ/ਖਿੜਕੀ ਖੋਲ੍ਹੀ ਗਈ ਤਾਕਿ ਉਹ ਸਿਰ ਝੁਕਾ ਕੇ ਕਚਹਿਰੀ ਵਿਚ ਜਾ ਸਕਣ। ਜਿਸ ਨੂੰ ‘ਗੋਬਿੰਦ ਸਿੰਘ ਦੇ ਫ਼ਰਜ਼ੰਦ ਝੁਕ ਗਏ’ ਆਖ ਹਕੂਮਤ ਦੀ ਜਿੱਤ ਬਣਾ ਕੇ ਉਛਾਲਿਆ ਜਾ ਸਕੇ। ਸਾਹਿਬਜ਼ਾਦਿਆਂ ਦੀ ਪੇਸ਼ੀ ਕਰਵਾਉਣ ਵਾਲੇ ਸਿਪਾਹੀ ਸਿਰ ਝੁਕਾ ਕੇ ਅੰਦਰ ਲੰਘੇ ਤਾਕਿ ਉਹ ਬਾਲ ਵੀ ਅਜਿਹਾ ਕਰਨ ਪਰ ਧਰਮ ਖ਼ਾਤਰ ਵੱਡੇ ਸਾਕੇ ਵਰਤਾਉਣ ਲਈ ਦ੍ਰਿੜ ਨਿੱਕੀਆਂ ਜਿੰਦਾਂ (ਦਿੱਬ-ਦ੍ਰਿਸ਼ਟੀ) ਦੇ ਮਾਲਕ ਸਾਹਿਬਜ਼ਾਦਿਆਂ ਨੇ ਪਹਿਲਾਂ ਪੈਰ ਅੰਦਰ ਧਰੇ, ਪਿੱਛੇ ਨੂੰ ਕੁੱਝ ਝੁੱਕ ਕੇ ਸਿਰ ਉੱਚਾ ਰਖਦਿਆਂ ਪ੍ਰਵੇਸ਼ ਕਰ ਕੇ ਬੁਲੰਦ ਆਵਾਜ਼ ’ਚ ਜਾ ਫ਼ਤਿਹ ਬੁਲਾਈ ਤਾਂ ਸਮੇਤ ਸੂਬਾ ਸਰਹਿੰਦ ਸਭ ਹੀ ਸੜ ਬਲ ਉੱਠੇ। ਪਰ ਮਾਸੂਮ ਜਿੰਦਾਂ ਨੂੰ ਈਨ ਮੰਨਾ ਕੇ ਦੀਨ ਵਿਚ ਲਿਆਉਣ ਲਈ ਲਾਲਚ ਤੇ ਡਰਾਵਿਆਂ ਦੇ ਨਾਲ-ਨਾਲ ਸਾਜ਼ਸ਼ਾਂ ਰਚਣ ਦਾ ਦੌਰ ਵੀ ਜਾਰੀ ਰਖਿਆ ਗਿਆ।
ਸਾਹਿਬਜ਼ਾਦਿਆਂ ਨੂੰ ਮਾਨਸਕ ਤੌਰ ’ਤੇ ਤੋੜਨ ਲਈ ਇਕ ਅਜੀਬ ਜਿਹਾ ਸ਼ੋਸ਼ਾ ਵੀ ਛੱਡਿਆ ਗਿਆ ਕਿ ਤੁਹਾਡੇ ਪਿਤਾ ਗੋਬਿੰਦ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੂੰ ਸਾਰੇ ਸਿੱਖਾਂ ਸਮੇਤ ਮਾਰ ਦਿਤਾ ਗਿਆ ਹੈ। ਹੁਣ ਤੁਸੀਂ ਇਕੱਲੇ ਰਹਿ ਗਏ ਹੋ, ਜੇ ਤਹਾਨੂੰ ਛੱਡ ਦੇਈਏ ਤਾਂ ਤੁਸੀਂ ਇਕੱਲੇ ਕੀ ਕਰੋਗੇ? ਅੱਗੋਂ ਦਲੇਰਾਨਾ ਜਵਾਬ ਸੀ ਕਿ ‘ਸਾਨੂੰ ਕੋਈ ਵੀ ਆਸ ਉਮੀਦ ਨਹੀਂ ਹੈ ਕਿ ਤੁਸੀਂ ਸਾਨੂੰ ਜਿੰਦਾ ਛੱਡ ਦੇਵੇਗੋ ਤੇ ਤੁਹਾਡੇ ਇਸ ਝੂਠੇ ਸ਼ੋਸ਼ੇ ਉੱਤੇ ਵੀ ਉੱਕਾ ਹੀ ਵਿਸ਼ਵਾਸ ਨਹੀਂ ਕਿ ਤੁਸੀਂ ਸਾਡੇ ਪਿਤਾ ਜੀ ਨੂੰ ਮੈਦਾਨੇ ਜੰਗ ’ਚ ਮਾਰ ਦਿਤਾ ਹੋਵੇਗਾ। ਹਾਂ ਜੇ ਕੋਈ ਚਾਲ ਚਲ ਕੇ ਅਜਿਹਾ ਕਰਮ ਕਰਨ (ਸਾਡੇ ਪਿਤਾ ਜੀ ਨੂੰ ਮਾਰਨ) ’ਚ ਸਫ਼ਲ ਵੀ ਹੋ ਗਏ ਹੋਵੋਗੇ ਤੇ ਸਾਨੂੰ ਛੱਡ ਵੀ ਦਿੰਦੇ ਹੋ ਤਾਂ ਅਸੀਂ ਬਚੇ ਖੁਚੇ ਸਿੱਖਾਂ ਨੂੰ ਫਿਰ ਤੋਂ ਲਾਮਬੰਦ ਕਰ ਕੇ ਆਖ਼ਰੀ ਦਮ ਤਕ ਜ਼ੁਲਮ ਵਿਰੁਧ ਲੜਦੇ ਰਹਾਂਗੇ।’ ਅਜਿਹਾ ਦਲੇਰਾਨਾ, ਅਣਖ ਭਰਿਆ ਜੁਆਬ ਸੁਣ ਕੇ ਸੂਬਾ ਸਰਹਿੰਦ ਦੀ ਜੀਭ ਦੰਦਾਂ ਹੇਠ ਆ ਗਈ, ਜ਼ਖ਼ਮੀ ਨਾਗ ਵਾਂਗ ਵਿਸ਼ ਘੋਲਣ ਲੱਗ ਪਿਆ। ਉਪਰੋਂ ਸੁੱਚੇ ਨੰਦ ਦੇ ਰੂਪ ’ਚ ਸ਼ੈਤਾਨੀਅਤ ਨੇ ਬਲਦੀ ’ਤੇ ਤੇਲ ਪਾਉਣ ਦਾ ਘਿਨੌਣਾ ਕੰਮ ਕੀਤਾ।
ਸੂਬੇ ਸਰਹਿੰਦ ਨੇ ਕਾਜ਼ੀ ਨੂੰ ਫ਼ਤਵਾ ਸੁਣਾਉਣ ਲਈ ਆਖਿਆ ਤਾਂ ਮੁਹੰਮਦ-ਬਿਨ-ਸਈਦ ਜਾਂ ਹਾਸਿਮ ਨਾਂ ਦੇ ਕਾਜ਼ੀ ਨੇ ਪਹਿਲਾਂ ਇਸਲਾਮ ਦੇ ਅਸੂਲਾਂ ਦੇ ਮੱਦੇਨਜ਼ਰ ਬੇਗੁਨਾਹ ਮਾਸੂਮਾਂ ਨੂੰ ਸਜ਼ਾ ਸੁਣਾਉਣ ਤੋਂ ਕੱੁਝ ਪਿਛਾਂਹ ਝਿਜਕਿਆ ਤੇ ਫਿਰ ਆਕਾਵਾਂ ਦੀ ਘੂਰੀ ਨਾਲ ਧਰਮ/ਇਮਾਨ (ਸਰਾ ਦੇ ਅਸੂਲਾਂ ਨੂੰ ਦਰਕਿਨਾਰ ਕਰਦਿਆਂ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਉਸ ਕਾਜ਼ੀ ਨੇ ਫ਼ਤਵਾ ਸੁਣਾ ਦਿਤਾ, ‘‘ਇਨ੍ਹਾਂ ਬਾਲਕਾਂ ਨੂੰ ਜ਼ਿੰਦਾ ਹੀ ਨੀਂਹਾਂ ’ਚ ਚਿਣ ਦਿਤਾ ਜਾਵੇ।’’
ਫ਼ਤਵਾ ਸੁਣਦਿਆਂ ਹੀ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਦੀ ਇਨਸਾਨੀਅਤ ਤੜਫ ਉੱਠੀ ਤੇ ‘ਹਾਅ ਦਾ ਨਾਅਰਾ’ ਮਾਰਿਆ, ‘‘ਐ ਸੂਬੇ ਸਰਹਿੰਦ! ਐਹ ਕਿਧਰ ਦਾ ਇਨਾਸਾਫ਼ ਐ? ਸਰਾ ਦੀ ਕਿਹੜੀ ਕਿਤਾਬ ’ਚ ਲਿਖਿਆ ਹੈ ਕਿ ਕਿਸੇ ਦਾ ਬਦਲਾ ਕਿਸੇ ਤੋਂ? ਉਹ ਵੀ ਬੇਕਸੂਰ ਮਾਸੂਮਾਂ ਤੋਂ? ਐਹ ਸਭ ਘੋਰ ਬੇਇਨਸਾਫ਼ੀ ਐ।’’
‘ਕਹਨੇ ਲਗੇ ਵੁਹ ਤੁਮ ਤੋ ਨਿਹਾਯਤ ਜ਼ਲੀਲ ਹੋ।
ਨਾਮਰਦੀ ਕੀ ਬਤਾਤੇ ਜਰੀ ਕੋ ਸਬੀਲ ਹੋ।
ਮੁਖ਼ਤਾਰ ਤੁਮ ਹਮਾਰੇ ਹੋ ਯਾ ਤੁਮ ਵਕੀਲ ਹੋ?
ਨਾਹਕ ਬਯਾਨ ਕਰਤੇ ਜੋ ਬੋਦੀ ਦਲੀਲ ਹੋ।
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫ਼ੂਸ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।’
(ਅੱਲ੍ਹਾ ਯਾਰ ਖਾਂ ਜੋਗੀ)
ਪਰ ਚੰਡਾਲ ਸਭਾ ’ਚ ਸ਼ੈਤਾਨੀਅਤ ਭਾਰੂ ਰਹੀ ਤੇ ਨਿੱਕੀਆਂ ਜਿੰਦਾਂ, ਵੱਡਾ ਸਾਕਾ ਵਰਤਾਅ ਗਈਆਂ :
‘ਦੋ ਬੜੀਆਂ ਕੀਮਤੀ ਜਿੰਦਾਂ,
ਨੀਂਹਾਂ ’ਚ ਆਣ ਖਲੋ ਗਈਆਂ।
ਇਹ ਤੱਕ ਕੇ ਤਸੀਹਾ ਗ਼ਮ ਦਾ,
ਕੰਧਾਂ ਵੀ ਪਾਗ਼ਲ ਹੋ ਗਈਆਂ।’
ਉਧਰ ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ’ਚ ਗੁਰ ਪੁਰੀ ਪਿਆਨਾ ਕਰ ਗਏ।
‘ਹਮ ਜਾਨ ਦੇ ਕੇ ਔਰੌਂ ਕੀ ਜਾਨੇਂ ਬਚਾ ਚਲੇ।
ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ।’
ਸਮੇਂ ਦਾ ਧਨੀ ਦੀਵਾਨ ਟੋਡਰ ਮੱਲ ਜੋ ਦਿਲ ਦਾ ਵੀ ਧਨੀ ਸੀ, ਨੇ ਖੜੇਦਾਰ ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁਗ਼ਲ ਹੁਕਮਰਾਨ ਤੋਂ ਜ਼ਮੀਨ ਖ਼ਰੀਦੀ ਤੇ ਸ਼ਹੀਦਾਂ ਦੇ ਅੰਤਿਮ ਸਸਕਾਰ ਕਰ ਕੇ ਇਨਸਾਨੀਅਤ ਧਰਮ ਦੀ ਪਾਲਣਾ ਕੀਤੀ। ਇਸ ਪਾਕ ਪਵਿੱਤਰ ਜਗ੍ਹਾ (ਜਿਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ) ਨੂੰ ਸਭ ਤੋਂ ਮਹਿੰਗੀ ਜਗ੍ਹਾ ਹੋਣ ਦਾ ਸਦੀਵੀਂ ਮਾਣ ਪ੍ਰਾਪਤ ਹੈ। ਸਾਕਾ ਸਰਹਿੰਦ ਸਮੇਂ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਵਲੋਂ ਹਾਅ ਦਾ ਨਾਅਰਾ ਮਾਰਨਾ ਤੇ ਦੀਵਾਨ ਟੋਡਰ ਮੱਲ ਵਲੋਂ ਸ਼ਹੀਦਾਂ ਦਾ ਅੰਤਿਮ ਸੰਸਕਾਰ ਹੋਣਾ, ਇਹ ਗੱਲ ਸਪੱਸ਼ਟ ਕਰਦੇ ਹਨ ਕਿ ਇਨਸਾਨੀਅਤ ਹਮੇਸ਼ਾਂ ਹੀ ਸਭ ਤੋਂ ਉੱਚੀ ਤੇ ਸੁੱਚੀ ਰਹੀ ਹੈ ਤੇ ਰਹੇਗੀ ਵੀ।
