
: ਇਕ ਪਾਸੇ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਆਮ ਜਨਤਾ ਪਹਿਲਾਂ ਹੀ ਜੰਗ ਦੇ ਹਲਾਤਾਂ ਦੇ ਡਰ ਕਾਰਨ ਸਹਿਮੀ...
ਅਬੋਹਰ : ਇਕ ਪਾਸੇ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਆਮ ਜਨਤਾ ਪਹਿਲਾਂ ਹੀ ਜੰਗ ਦੇ ਹਲਾਤਾਂ ਦੇ ਡਰ ਕਾਰਨ ਸਹਿਮੀ ਹੋਈ ਹੈ, ਉਥੇ ਹੀ ਸ਼ਹਿਰ ਦੇ ਕੁੱਝ ਇਲਾਕਿਆਂ ਵਿਚ ਖ਼ਾਲਿਸਤਾਨ ਜ਼ਿੰਦਾਬਾਦ ਤੇ ਰੈਫਰੰਡਮ 2020 ਦੇ ਨਾਅਰਿਆਂ ਲਿਖੇ ਮਿਲਣ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਹੋਰ ਵਖਰੀਆਂ ਭਾਜੜਾਂ ਪੈ ਗਈਆਂ ਹਨ। ਉਕਤ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪੁੱਜੀ ਅਤੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਸਾਰੀ ਸਥਿਤੀ ਤੋਂ ਉਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੁੱਝ ਅਣਪਛਾਤੇ ਲੋਕਾਂ ਵੱਲੋਂ ਸਥਾਨਕ ਸ੍ਰੀ ਗੰਗਾਨਗਰ ਰੋਡ ਸਥਿਤ ਫ਼ੋਕਲ ਪੁਆਇੰਟ ਅਤੇ ਰਿਧੀ ਸਿਧੀ ਕਾਲੌਨੀ ਦੇ ਨੇੜੇ ਕੰਧਾਂ ਅਤੇ ਦਿਸ਼ਾ ਸੂਚਕ ਪੱਥਰਾਂ 'ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਕਾਲੇ ਰੰਗ ਦੇ ਪੈਂਟ ਨਾਲ ਲਿਖੇ ਹੋਏ ਮਿਲੇ। ਜਿਸ ਨੂੰ ਦੇਖਦੇ ਹੀ ਆਸ ਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਜਿਸ ਤਹਿਤ ਥਾਣਾ ਸਿਟੀ 2 ਮੁਖੀ ਪਰਵਿੰਦਰ ਸਿੰਘ ਅਤੇ ਸੰਜੀਵ ਸੇਤੀਆ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਜਾਇਜ਼ਾ ਲੈਂਦੇ ਹੋਏ ਸੂਚੀ ਤਰ੍ਹਾਂ ਕੀਤੀ ਗਈ। ਜਿਸ ਦੀ ਰਿਪੋਰਟ ਉਚ ਪੁਲਿਸ ਅਧਿਕਾਰੀਆਂ ਨੂੰ ਦੇ ਦਿਤੀ ਗਈ।
ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਹਿਰ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿਤਾ ਜਾਵੇਗਾ। ਇਸ ਬਾਬਤ ਡੀ.ਐਸ.ਪੀ ਅਬੋਹਰ ਕੁਲਦੀਪ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਥਾਣਾ ਸਿਟੀ 2 ਦੇ ਮੁਖੀ ਦੀ ਉਕਤ ਘਟਨਾਕ੍ਰਮ ਬਾਬਤ ਜਾਂਚ ਲਈ ਡਿਊਟੀ ਸੌਂਪੀ ਗਈ ਹੈ ਅਤੇ ਉਹ ਸ਼ਹਿਰ ਚ ਲੱਗੇ ਕੈਮਰਿਆਂ ਨੂੰ ਖੰਗਾਲਣ ਲੱਗੇ ਹੋਏ ਹਨ, ਜਲਦੀ ਹੀ ਸ਼ਰਾਰਤੀ ਅਨਸਰ ਦਾ ਪਤਾ ਲਗਾ ਲਿਆ ਜਾਵੇਗਾ।