
ਬਿਸ਼ਨ ਸਿੰਘ, ਤਾਰੂ ਸਿੰਘ, ਚਾਵਲਾ 'ਚੋਂ ਕਿਸੇ ਇਕ ਦੇ ਪ੍ਰਧਾਨ ਬਣਨ ਦੀ ਚਰਚਾ
ਲਾਹੌਰ/ਪਾਕਿਸਤਾਨ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮੁੱਚੇ ਪ੍ਰਬੰਧ ਨਾਲ ਮਨਾਉਣ ਲਈ ਪਾਕਿਸਤਾਨ ਸਰਕਾਰ ਵਲੋਂ 10 ਮੈਂਬਰੀ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਲਾਨ ਕੀਤਾ ਹੈ। ਪਾਕਿਸਤਾਨ ਸਰਕਾਰ ਦੇ ਸੂਚਨਾ, ਪ੍ਰਸਾਰਣ, ਨੈਸ਼ਨਲ ਹਿਸਟਰੀ ਅਤੇ ਲਿਟਰੇਰੀ ਹੈਰੀਟੇਜ ਦੇ ਮੰਤਰੀ ਫ਼ਵਾਦ ਚੌਧਰੀ ਨੇ ਪਾਕਿ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਲਾਨ ਕੀਤਾ ਗਿਆ ਜਿਸ ਵਿਚ ਸ. ਬਿਸ਼ਨ ਸਿੰਘ, ਸ. ਗੋਪਾਲ ਸਿੰਘ ਚਾਵਲਾ, ਸ. ਤਾਰੂ ਸਿੰਘ, ਸ. ਮਨਿੰਦਰ ਸਿੰਘ, ਸ. ਭਗਤ ਸਿੰਘ, ਸ. ਮੋਹਿੰਦਰਪਾਲ ਸਿੰਘ, ਸ. ਕੁਲਜੀਤ ਸਿੰਘ, ਸ. ਸਾਹਿਬ ਸਿੰਘ, ਸ. ਸੰਤੋਖ ਸਿੰਘ, ਸ. ਸ਼ਮਸ਼ੇਰ ਸਿੰਘ ਨੂੰ ਸਰਕਾਰ ਵਲੋਂ ਮੈਂਬਰ ਬਣਾਇਆ ਗਿਆ ਹੈ।
ਦਸਣਯੋਗ ਹੈ ਕਿ ਉਸ 10 ਮੈਂਬਰੀ ਕਮੇਟੀ ਵਿਚੋਂ ਹੀ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ। ਪਾਕਿ ਸਰਕਾਰ ਦੇ ਮੰਤਰੀ ਫ਼ਵਾਦ ਅਹਿਮਦ ਚੌਧਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੇ ਮੱਦੇਨਜ਼ਰ ਤੇ ਭਾਰਤ-ਪਾਕਿ ਵਿਚਾਲੇ ਖੁਲ੍ਹਣ ਵਾਲੇ ਕਰਤਾਰਪੁਰ ਸਾਹਿਬ ਲਾਂਘੇ ਦੇ ਇੰਤਜ਼ਾਮ ਕਰਨ ਲਈ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਰੇ ਪ੍ਰਬੰਧਾਂ ਦਾ ਕੰਮ ਇਹ ਕਮੇਟੀ ਕਰਦੀ ਹੈ।
ਬ੍ਰਿਟਿਸ਼ ਸਿੱਖ ਕੌਂਸਲ ਦੇ ਜਨਰਲ ਸਕੱਤਰ ਸ. ਤਰਸੇਮ ਸਿੰਘ ਦਿਉਲ, ਪਾਕਿਸਤਾਨ ਕਾਰਸੇਵਾ ਕਮੇਟੀ ਦੇ ਮੁਖੀ ਭਾਈ ਜੋਗਾ ਸਿੰਘ, ਭਾਈ ਅਵਤਾਰ ਸਿੰਘ ਸੰਘੇੜਾ, ਬੱਬਰ ਖ਼ਾਲਸਾ ਜਰਮਨੀ ਦੇ ਭਾਈ ਰੇਸ਼ਮ ਸਿੰਘ, ਬੈਲਜੀਅਮ ਤੋਂ ਭਾਈ ਹਰਵਿੰਦਰ ਸਿੰਘ ਭਤੇੜੀ, ਸ. ਸਰਬਜੀਤ ਸਿੰਘ ਬਨੂੜ, ਭਾਈ ਹਰਦੀਪ ਸਿੰਘ ਨਿੱਝਰ ਆਦਿ ਨੇ ਸਮੂਹ ਮੈਂਬਰਾਂ ਨੂੰ ਵਧਾਈ ਤੇ ਪਾਕਿ ਸਰਕਾਰ ਦਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਮਨਾਉਣ ਲਈ ਬਣਾਈ ਕਮੇਟੀ ਤੇ ਪੁਖ਼ਤਾ ਇੰਤਜ਼ਾਮ ਕਰਨ ਲਈ ਧਨਵਾਦ ਕੀਤਾ ਗਿਆ। ਦਸਣਯੋਗ ਹੈ ਕਿ ਸ. ਬਿਸ਼ਨ ਸਿੰਘ. ਸ. ਤਾਰੂ ਸਿੰਘ, ਸ. ਗੋਪਾਲ ਸਿੰਘ ਚਾਵਲਾ ਵਿਚੋਂ ਇਕ ਨੂੰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਦੀ ਚਰਚਾ ਹੈ ਅਤੇ ਸ. ਮਨਿੰਦਰ ਸਿੰਘ ਜਾਂ ਸ. ਚਾਵਲਾ ਜਨਰਲ ਸਕੱਤਰ ਬਣ ਸਕਦੇ ਹਨ। ਗੌਰਤਲਬ ਹੈ ਕਿ ਇਸ ਕਮੇਟੀ ਵਿਚ ਖ਼ਾਲਿਸਤਾਨ ਪੱਖੀ ਆਗੂਆਂ ਦਾ ਵੱਡਾ ਬੋਲਬਾਲਾ ਹੈ।