
ਸ਼ੁਤਰਾਣਾ/ਘੱਗਾ : ਸਿੱਖਾਂ ਦਾ ਧਰਮ ਪ੍ਰਚਾਰ ਕਰਨ ਲਈ ਬਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅੱਜ ਸਿਰਫ਼ ਬਾਦਲਾਂ ਦਾ ਹੱਥ ਠੋਕਾ ਬਣ ਜਾਣ ਕਾਰਨ ਧਰਮ ਦਾ ਪ੍ਰਚਾਰ...
ਸ਼ੁਤਰਾਣਾ/ਘੱਗਾ : ਸਿੱਖਾਂ ਦਾ ਧਰਮ ਪ੍ਰਚਾਰ ਕਰਨ ਲਈ ਬਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅੱਜ ਸਿਰਫ਼ ਬਾਦਲਾਂ ਦਾ ਹੱਥ ਠੋਕਾ ਬਣ ਜਾਣ ਕਾਰਨ ਧਰਮ ਦਾ ਪ੍ਰਚਾਰ ਨਹੀਂ ਹੋ ਰਿਹਾ ਤੇ ਸਿੱਖ ਅਪਣੇ ਧਾਰਮਕ ਅਸੂਲਾਂ ਤੋਂ ਭਟਕ ਕੇ ਬ੍ਰਾਹਮਣਵਾਦੀ ਕਰਮ ਕਾਂਡਾਂ ਵਿਚ ਉਲਝਦੇ ਜਾ ਰਹੇ ਹਨ। ਹੁਣ ਤਾਂ ਨੌਬਤ ਸਿੱਖਾਂ ਦੇ ਗੁਰ ਘਰਾਂ ਤਕ ਵੀ ਆ ਅੱਪੜੀ ਹੈ ਜਿਥੇ ਅੰਧ ਵਿਸ਼ਵਾਸ ਸਿਰ ਚੜ੍ਹ ਬੋਲਣ ਲੱਗ ਪਿਆ ਹੈ, ਜਿਥੇ ਮੂਰਤੀ ਪੂਜਾ, ਗੁਰਦਵਾਰੇ ਵਿਚ ਲੋਹੇ ਦਾ ਕੁੰਭ ਅਤੇ ਮੰਦਰਾਂ ਵਿਚ ਜਗਣ ਵਾਲੀ ਜੋਤ ਹੁਣ ਗੁਰ ਘਰਾਂ ਵਿਚ ਪੱਕੇ ਤੌਰ 'ਤੇ ਹੀ ਜਗਣ ਲੱਗ ਪਈ ਹੈ। ਪਰ ਸਿੱਖ ਧਰਮ ਦੇ ਚੁਣੇ ਰਾਖੇ ਸ਼ਾਇਦ ਬਾਦਲ ਭਗਤੀ ਜਾਂ ਗੋਲਕਾਂ ਵਲ ਧਿਆਨ ਹੋਣ ਕਾਰਨ ਇਹ ਸੱਭ ਵੇਖਣ ਤੋਂ ਅਸਮਰੱਥ ਹਨ ਜਾਂ ਵੇਖਣਾ ਨਹੀਂ ਚਾਹੁੰਦੇ ਹਨ।
ਹਲਕਾ ਸ਼ੁਤਰਾਣਾ ਦੇ ਕਈ ਗੁਰਦਵਾਰਾ ਸਾਹਿਬ ਵਿਚ ਸਿੱਖ ਪ੍ਰਚਾਰ ਦੀ ਘਾਟ ਕਾਰਨ ਲੋਕਾਂ ਨੇ ਗੁਰਦਵਾਰਾ ਸਾਹਿਬ ਵਿਚ ਪੱਕੇ ਤੌਰ 'ਤੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਫ਼ੋਟੋ ਅੱਗੇ ਜੋਤ ਜਗਣ ਲਾ ਦਿਤੀ ਹੈ ਅਤੇ ਨਾਲ ਹੀ ਇਕ ਲੋਹੇ ਦੀ ਗਾਗਰ ਨੂੰ ਕੁੰਭ ਦਾ ਰੂਪ ਦੇ ਕੇ ਰੱਖ ਦਿਤਾ ਜਿਸ ਵਿਚੋਂ ਸੰਗਤ ਬਾਣੀ ਨਾਲ ਭਰਿਆ ਪਾਣੀ ਘਰਾਂ ਵਿਚ ਲੈ ਕੇ ਜਾਂਦੀ ਹੈ ਤਾਕਿ ਉਨ੍ਹਾਂ ਦੇ ਘਰੀਂ ਵੀ ਬਾਣੀ ਪਹੁੰਚ ਸਕੇ। ਜਦੋਂ ਇਸ ਸੱਭ ਬਾਰੇ ਪਾਠੀ ਸਿੰਘ ਨੂੰ ਪੁਛਿਆ ਗਿਆ ਤਾਂ ਉਸ ਨੇ ਇਹ ਸੱਭ ਸੰਗਤ ਵਲੋਂ ਕੀਤਾ ਗਿਆ ਹੈ। ਪਰ ਸੋਚਣ ਵਾਲੀ ਇਹ ਗੱਲ ਹੈ ਕਿ ਜਿਥੋਂ ਸਿੱਖਾਂ ਨੂੰ ਜੀਵਨ ਜਾਚ ਦੀ ਸੇਧ ਮਿਲਣੀ ਹੈ ਜੇਕਰ ਉਥੇ ਹੀ ਬ੍ਰਾਹਮਣਵਾਦੀ ਕਰਮ ਕਾਂਡ ਹੋਣ ਲੱਗ ਪਏ ਤਾਂ ਸਿੱਖ ਅਪਣੇ ਆਪ ਨੂੰ ਹੋਰ ਕਿੰਨਾ ਚਿਰ ਵਖਰੀ ਕੌਮ ਆਖਦੇ ਰਹਿਣਗੇ।