
ਕਾਲਾਂਵਾਲੀ : ਇੰਡੀਅਨ ਨੈਸ਼ਨਲ ਸਟੂਡੈਂਟ ਆਰਗੇਨਾਈਜ਼ੇਸ਼ਨ ਦੇ ਰਾਸ਼ਟਰੀ ਪ੍ਰਧਾਨ ਅਤੇ ਜਨ ਨਾਇਕ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਦਿਗਵਿਜੈ ਚੌਟਾਲਾ ਜਨ ਸੰਪਰਕ...
ਕਾਲਾਂਵਾਲੀ : ਇੰਡੀਅਨ ਨੈਸ਼ਨਲ ਸਟੂਡੈਂਟ ਆਰਗੇਨਾਈਜ਼ੇਸ਼ਨ ਦੇ ਰਾਸ਼ਟਰੀ ਪ੍ਰਧਾਨ ਅਤੇ ਜਨ ਨਾਇਕ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਦਿਗਵਿਜੈ ਚੌਟਾਲਾ ਜਨ ਸੰਪਰਕ ਮੁਹਿੰਮ ਤਹਿਤ ਜੇਜੇਪੀ ਦੇ ਸੀਨੀਅਰ ਨੇਤਾ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਨੋਦ ਮਿੱਤਲ ਦੀ ਰਿਹਾਇਸ਼ 'ਤੇ ਪੁੱਜੇ। ਦਿਗਵਿਜੈ ਨੇ ਕਿਹਾ ਕਿ ਹਰਿਆਣਾ 'ਚ ਵੱਖਰੀ ਗੁਰਵਾਰਾ ਪ੍ਰਬੰਧਕ ਕਮੇਟੀ ਬਣਨ ਸਦਕਾ ਹਰਿਆਣਾ ਦੇ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਹਰਿਆਣਾ ਦੀ ਵਖਰੀ ਗੁਰਦਵਾਰਾ ਕਮੇਟੀ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਜੇਪੀ ਦੀ ਸਰਕਾਰ ਬਣਨ 'ਤੇ ਘੱਗਰ 'ਤੇ ਚੈਨਲ ਬਣਾ ਕੇ ਪੂਰੇ ਕਾਲਾਂਵਾਲੀ ਹਲਕੇ ਨੂੰ ਪਾਣੀ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਲੋਕ ਲੁਭਾਵਣੇ ਵਾਅਦੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਭਾਸ਼ਣਾਂ ਵਿਚ ਦੇਸ਼ ਨੂੰ ਸੁਰੱਖਿਅਤ ਹੱਥਾਂ 'ਚ ਦੱਸ ਰਹੇ ਹਨ ਜਦਕਿ ਸੁਰੱਖਿਆ ਮੰਤਰਾਲੇ ਤੋਂ ਰਾਫ਼ੇਲ ਨਾਲ ਜੁੜੇ ਦਸਤਾਵੇਜ਼ ਚੋਰੀ ਹੋ ਗਏ ਹਨ। ਪ੍ਰਧਾਨ ਮੰਤਰੀ ਨੂੰ ਸਰਜੀਕਲ ਸਟਰਾਈਕ ਵਿਚ ਮਰੇ ਅਤਿਵਾਦੀਆਂ ਤੇ ਸੁਰੱਖਿਆ ਮੰਤਰਾਲੇ ਤੋਂ ਰਾਫ਼ੇਲ ਨਾਲ ਸਬੰਤਿ ਦਸਤਾਵੇਜ਼ ਚੋਰੀ ਹੋਣ ਬਾਰੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਜੇਪੀ ਦਾ ਰਾਜ ਆਉਣ 'ਤੇ ਚੌਧਰੀ ਦੇਵੀ ਲਾਲ ਦੀਆਂ, ਕਿਸਾਨ ਮਜ਼ਦੂਰ, ਮੁਲਾਜ਼ਮ ਅਤੇ ਹੋਰ ਸਮਾਜ ਦੇ ਪਛੜੇ ਵਰਗਾਂ ਨੂੰ ਉਪਰ ਚੁੱਕਣ ਦੀਆਂ ਨੀਤੀਆਂ ਨੂੰ ਲੈ ਕੇ ਜਜਪੀ ਆਪਣਾ ਚੋਣ ਪ੍ਰਚਾਰ ਕਰ ਰਹੀ ਹੈ।
ਦਿਗਵਿਜੈ ਨੇ ਕਿਹਾ ਕਿ ਹੁਣ ਹਰਿਆਣਾ ਦਾ ਵੋਟਰ ਸੁਚੇਤ ਹੋ ਚੁਕਿਆ ਹੈ ਤੇ ਉਹ ਤਾਊ ਦੇਵੀ ਲਾਲ ਦੀਆਂ ਵਿਕਾਸ ਦੀਆਂ ਨੀਤੀਆਂ ਨੂੰ ਲਾਗੂ ਕਰਵਾਉਣ ਲਈ ਉਤਾਵਲਾ ਹੈ। ਇਸ ਮੌਕੇ ਜੇਜੇਪੀ ਦੇ ਸੀਨੀਅਰ ਨੇਤਾ ਨਿਰਮਲ ਸਿੰਘ ਮਲੜੀ ਨੇ ਕਿਹਾ ਕਿ ਖੇਤਰ ਦੇ ਲੋਕਾਂ ਦਾ ਭਾਰੀ ਸਮਰਥਨ ਜੇਜੇਪੀ ਨੂੰ ਮਿਲਣ ਕਾਰਨ ਵਿਰੋਧੀ ਪੂਰੀ ਤਰ੍ਹਾਂ ਤਿਲਮਿਲਾਏ ਹੋਏ ਹਨ। ਜਨ ਨਾਇਕ ਜਨਤਾ ਪਾਰਟੀ ਦੇ ਹਲਕਾ ਕਾਲਾਂਵਾਲੀ ਦੇ ਪ੍ਰਧਾਨ ਭਰਪੂਰ ਸਿੰਘ ਗੁਦਰਾਣਾ ਨੇ ਦਸਿਆ ਕਿ ਇਸ ਜਨ ਸੰਪਰਕ ਅਭਿਆਨ ਦੌਰਾਨ ਨੈਨਾਂ ਚੌਟਾਲਾ ਅਤੇ ਦਿਗਵਿਜੈ ਸਮੇਤ ਸਾਰੇ ਜੇਜੇਪੀ ਨੇਤਾ ਕਾਲਾਂਵਾਲੀ ਖੇਤਰ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਸਬੰਧੀ ਸੰਬੋਧਨ ਕਰਨਗੇ।