ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੇ ਘੱਟ ਹੋਣ ਦਾ ਮਾਮਲਾ ਉਜਾਗਰ ਹੋਇਆ
Published : Jun 27, 2020, 8:06 am IST
Updated : Jul 23, 2020, 12:10 pm IST
SHARE ARTICLE
Sri Guru Granth Sahib Ji
Sri Guru Granth Sahib Ji

ਸੁਖਬੀਰ ਬਾਦਲ ਨੂੰ ਨਵੀਂ ਮੁਸੀਬਤ ਦਾ ਡਰ, ਸੇਵਾ ਮੁਕਤ ਜਸਟਿਸ ਅਜੀਤ ਸਿੰਘ ਬੈਂਸ ਵਲੋਂ ਪੰਜਾਬ ਸਰਕਾਰ ਕੋਲੋਂ ਠੋਸ ਜਾਂਚ ਦੀ ਮੰਗ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸਾਲ 2015 ਦੌਰਾਨ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਇਨਸਾਫ ਦੀ ਲੜਾਈ ਹਾਲੇ ਅਧਵਾਟੇ ਹੀ ਹੈ ਕਿ ਇਸੇ ਦੌਰਾਨ ਅਜਿਹੇ ਹੀ ਪ੍ਰਸੰਗ ਵਿਚ ਇਕ ਹੋਰ ਮਾਮਲਾ ਉਜਾਗਰ ਹੋ ਗਿਆ ਹੈ। ਜੋ ਸੂਬੇ ਦੀ ਪੰਥਕ ਸਿਆਸਤ ਵਿਚ ਵੀ ਕਾਫੀ ਅਸਰ ਅੰਦਾਜ਼ ਹੋ ਸਕਦਾ ਹੈ। ਜਸਟਿਸ ਅਜੀਤ ਸਿੰਘ ਬੈਂਸ (ਰਿਟਾ.) ਦੀ ਅਗਵਾਈ ਵਾਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਜਾਂਚ ਕਰਤਾ ਸਰਬਜੀਤ ਸਿੰਘ ਵੇਰਕਾ ਨੇ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੂੰ ਅੱਜ ਇਸ ਮੰਗ ਪੱਤਰ ਲਿਖ ਕੇ ਇਸ ਬਾਬਤ ਕਾਫ਼ੀ ਅਹਿਮ ਪ੍ਰਗਟਾਵੇ ਕੀਤੇ ਹਨ।

PhotoPhoto

ਵੇਰਕਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਉਨ੍ਹਾਂ ਵਲੋਂ ਕੀਤੀ ਗਈ ਘੋਖ-ਪੜਤਾਲ ਮੁਤਾਬਕ ਮਿਤੀ 18/19-05-2016 ਦੀ ਰਾਤ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋ ਗਏ ਹਨ, ਜਿਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੂੰ ਸਵੇਰੇ ਜਦੋਂ ਪਤਾ ਲੱਗਾ, ਤਾਂ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ, ਜਿਨ੍ਹਾਂ ਨੇ ਪਾਣੀ ਦੀਆਂ ਬੁਛਾੜਾਂ ਨਾਲ ਅੱਗ ਬੁਝਾਈ ਜਿਸ ਕਰ ਕੇ ਉਥੇ ਪਏ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਾਣੀ ਪੈਣ ਨਾਲ ਗਿੱਲੇ ਹੋ ਗਏ।

SGPCSGPC

ਇਸ ਸਾਰੀ ਕਾਰਵਾਈ ਦੌਰਾਨ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ, ਅਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ, ਅਡੀਸ਼ਨਲ ਸਕੱਤਰ ਸ. ਦਲਜੀਤ ਸਿੰਘ ਬੇਦੀ,  ਮੀਤ ਸਕੱਤਰ ਸਕੱਤਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਮੈਨੇਜਰ ਪ੍ਰਤਾਪ ਸਿੰਘ ਹੋਰਨਾਂ ਤੋਂ ਇਲਾਵਾ ਮੌਕੇ 'ਤੇ ਮੌਜੂਦ ਸਨ। ਡਾ. ਰੂਪ ਸਿੰਘ ਨੇ ਮੌਕੇ 'ਤੇ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਪਰੋਕਤ ਵਾਕਿਆ ਬਾਰੇ ਦਸਿਆ ਜਿਸ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਲੀਡਰਾਂ ਨਾਲ ਹਾਲਾਤ ਦੱਸ ਕੇ ਅਗਲੇ ਹੁਕਮ ਲੈਣ ਲਈ ਸੰਪਰਕ ਕੀਤਾ।

Roop SinghRoop Singh

ਵੇਰਕਾ ਵਲੋਂ ਮੁਖ ਸਕੱਤਰ ਪੰਜਾਬ ਨੂੰ ਭੇਜੇ ਇਸ ਮੰਗ ਪੱਤਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਮੌਕੇ 'ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਵਿਚ ਰੱਖਣ ਦੀ ਹਦਾਇਤ ਦਿਤੀ ਅਤੇ ਕਿਹਾ ਕਿ ਪਹਿਲਾ ਹੀ ਬੁਰਜ ਜਵਾਹਰ ਸਿੰਘ ਅਤੇ ਬਰਗਾੜੀ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰ ਕੇ ਅਕਾਲੀ ਦਲ ਕਟਹਿਰੇ ਵਿਚ ਖੜਾ ਹੈ ਅਤੇ ਇੰਨੇ ਵੱਡੇ ਪੱਧਰ 'ਤੇ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਅਗਨ ਭੇਂਟ ਅਤੇ ਪਾਣੀ ਨਾਲ ਗਿੱਲੇ ਹੋਣਾ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਬਹੁਤ ਵੱਡੀ ਮੁਸ਼ਕਲ ਵਿਚ ਪਾ ਸਕਦਾ ਹੈ ਅਤੇ ਅਕਾਲੀ ਦਲ ਨੂੰ 2017 ਦੀਆਂ ਚੋਣਾਂ ਵਿਚ ਇਸ ਕਰ ਕੇ ਨੁਕਸਾਨ ਹੋ ਸਕਦਾ ਹੈ।

Sukhbir Singh BadalSukhbir Singh Badal

ਅੱਗੇ ਦਾਅਵਾ ਕੀਤਾ ਗਿਆ ਹੈ ਕਿ ਇਹ ਹਦਾਇਤਾਂ ਦਿਤੀਆਂ ਗਈਆਂ ਕਿ ਇਸ ਘਟਨਾ ਬਾਰੇ ਕਿਸੇ ਨੂੰ ਪਤਾ ਨਾ ਲੱਗਣ ਦਿਤਾ ਜਾਵੇ ਅਤੇ ਘਟਨਾ, ਬੇਅਦਬੀ ਤੇ ਅਣਗਹਿਲੀ ਨੂੰ ਗੁਪਤ ਰਖਿਆ ਜਾਵੇ। ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਹੋਏ ਅਤੇ ਪਾਣੀ ਨਾਲ ਗਿੱਲੇ ਹੋਏ ਸਰੂਪਾਂ ਨੂੰ ਸੁੱਕੇ ਰਮਾਲਾ ਸਾਹਿਬ ਵਿਚ ਰੱਖ ਕੇ ਕੁੱਝ-ਗਿਣੇ ਪੱਤਰਕਾਰਾਂ ਅਤੇ ਮੌਕੇ 'ਤੇ ਮੌਜੂਦ ਆਗੂਆਂ ਨੂੰ ਮੌਕਾ ਦਿਖਾ ਕੇ ਇਹ ਯਕੀਨ ਦਿਵਾ ਦਿਤਾ ਗਿਆ ਕਿ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।

Guru Granth Sahib JiGuru Granth Sahib Ji

ਕਿਸੇ ਵੀ ਅਧਿਕਾਰੀ ਨੇ ਅਗਨ ਭੇਂਟ ਹੋਏ ਅਤੇ ਪਾਣੀ ਨਾਲ ਗਿੱਲੇ ਹੋਏ ਸਰੂਪਾਂ ਦੀ ਗਿਣਤੀ ਕਰਨੀ ਜ਼ਰੂਰੀ ਨਾ ਸਮਝੀ ਅਤੇ ਸਿਆਸੀ ਆਗੂਆਂ ਦੇ ਦਬਾਅ ਕਾਰਨ ਮੌਕੇ ਦੀ ਸੀ.ਸੀ.ਟੀ.ਵੀ. ਫ਼ੁਟੇਜ ਨੂੰ ਵੀ ਕਬਜ਼ੇ ਵਿਚ ਨਹੀਂ ਲਿਆ ਗਿਆ ਅਤੇ ਨਾ ਹੀ ਮੌਕੇ 'ਤੇ ਫਰਾਸਿਕ ਟੀਮ ਨੂੰ ਵੀ ਨਹੀਂ ਬੁਲਾਇਆ ਗਿਆ ਜਿਸ ਤੋਂ ਪਤਾ ਲਗਦਾ ਕਿ ਇਹ ਅੱਗ ਬਿਜਲੀ ਸਰਕਟ ਸ਼ਾਟ ਕਰ ਕੇ ਲੱਗੀ ਹੈ ਜਾਂ ਕਿ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਅਜਿਹਾ ਕੀਤਾ ਗਿਆ ਹੈ।

Justice Ranjit SinghJustice Ranjit Singh

ਵਰਣਨਯੋਗ ਹੈ ਕਿ ਸਾਲ 2015-16 ਵਿਚ ਸਿੱਖ ਵਿਰੋਧੀ ਅਨਸਰਾਂ ਵਲੋਂ ਅਜਿਹੀਆਂ ਕਈ ਵਾਰਦਾਤਾਂ ਕੀਤੀਆਂ ਗਈਆਂ ਸਨ ਜਿਸ ਦੇ ਵੇਰਵੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਮੌਜੂਦ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉੱਚ ਅਧਿਕਾਰੀਆਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਮੌਕੇ 'ਤੇ ਜਾਣ ਨਹੀਂ ਦਿਤਾ ਗਿਆ ਅਤੇ ਸਾਰੀ ਘਟਨਾ ਨੂੰ  ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਵੇਰਕਾ ਵਲੋਂ ਮੰਗ ਪੱਤਰ 'ਚ ਉਕਤ ਦਾਅਵਿਆਂ ਦਾ ਆਧਾਰ ਦਸਦੇ ਹੋਏ ਜਾਣਕਰੀ ਦਿਤੀ ਗਈ ਹੈ ਕਿ ਉਨ੍ਹਾਂ ਦੀ ਸੰਸਥਾ ਵਲੋਂ ਸ਼੍ਰੋਮਣੀ   ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ, ਇਸ ਅਧੀਨ ਗੁਰਦੁਆਰਾ ਸਾਹਿਬਾਨ ਅਤੇ ਅਦਾਰਿਆਂ ਵਿਚ ਹੋ ਰਹੀਆਂ ਕਥਿਤ ਬੇਨਿਯਮੀਆਂ ਅਤੇ ਘਪਲਿਆਂ ਸਬੰਧੀ ਇਨਕੁਆਰੀ ਕੀਤੀ ਜਾ ਰਹੀ ਹੈ।

SGPC SGPC

ਇਸੇ ਦੌਰਾਨ 'ਸ. ਗੱਜਣ ਸਿੰਘ ਰੇਡੀਉ ਰਾਜ ਐਫ਼.ਐਮ.' ਵਲੋਂ ਸਾਲ 2016 ਵਿਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਅੰਮ੍ਰਿਤਸਰ ਵਿਚ ਕੁੱਝ ਸਰੂਪ ਅਗਨ ਭੇਂਟ ਹੋਣ ਅਤੇ ਇਸ ਸਬੰਧੀ ਰਹਿਤ ਮਰਿਆਦਾ ਅਨੁਸਾਰ ਕਾਰਵਾਈ ਨਾ ਕਰਨ ਸਬੰਧੀ ਜਾਣਕਾਰੀ ਮਿਲੀ ਸੀ। ਇਸ ਵਾਕਿਆ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਗਈ, ਸਬੂਤਾਂ ਨੂੰ ਘੋਖਿਆ ਗਿਆ ਅਤੇ ਮੌਕੇ ਦੇ ਗਵਾਹਾਂ ਤੋਂ ਸੱਚਾਈ ਪਤਾ ਕੀਤੀ ਗਈ, ਜਿਸ ਤੋਂ ਉਕਤ ਤੱਥ ਸਾਹਮਣੇ ਆਏ ਹਨ. ਮੰਗ ਪੱਤਰ ਵਿਚ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਮਿਤੀ 19.5.2016 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਸਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਹੋਏ ਅਤੇ ਗਿੱਲੇ ਹੋਏ ਸਰੂਪਾਂ ਨੂੰ ਗੁਰਦੁਆਰਾ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਲੈ ਕੇ ਜਾਇਆ ਗਿਆ ਪਰ ਉਥੇ ਵੀ ਕਥਿਤ ਤੌਰ ਉਤੇ ਇਹ ਹਦਾਇਤ ਕੀਤੀ ਗਈ ਕਿ ਇਸ ਕਾਰਵਾਈ ਨੂੰ ਰੀਕਾਰਡ ਵਿਚ ਨਾ ਲਿਆਂਦਾ ਜਾਵੇ ਅਤੇ ਗੁਪਤ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਂਟ ਕਰ ਕੇ ਜਲ ਪ੍ਰਵਾਹ ਕਰ ਦਿਤਾ ਗਿਆ।

Goindwal SahibGoindwal Sahib

ਸਬੰਧਤ ਅਧਿਕਾਰੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਪਾਵਨ ਸਰੂਪਾਂ ਬਾਰੇ ਰੀਕਾਰਡ ਦਰੁਸਤ ਕਰਨ ਬਾਰੇ ਕਈ ਵਾਰ ਕਿਹਾ ਜਾਂਦਾ ਰਿਹਾ ਪਰ ਉਪਰੋਂ ਹੁਕਮਾਂ ਕਰ ਕੇ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਹੋਏ ਅਤੇ ਪਾਵਨ ਸਰੂਪਾਂ ਦੀ ਸਹੀ ਗਿਣਤੀ ਕੀਤੀ ਗਈ ਅਤੇ ਨਾ ਹੀ ਰੀਕਾਰਡ ਵਿਚ ਲਿਆਂਦਾ ਗਿਆ। ਦਾਅਵਾ ਕੀਤਾ ਗਿਆ ਹੈ ਕਿ ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤੇ ਅਧਿਕਾਰੀ ਨਿਯਮਾਂ/ਮਰਿਆਦਾ ਅਨੁਸਾਰ ਕਾਰਵਾਈ ਕਰਨ ਦੀ ਜਗ੍ਹਾ ਬਾਦਲ ਪਰਵਾਰ ਦੇ ਗ਼ੈਰਕਾਨੂੰਨੀ, ਗ਼ਲਤ ਅਤੇ ਸਿੱਖ ਮਰਿਆਦਾ ਦੇ ਉਲਟ ਹੁਕਮਾਂ ਨੂੰ ਮੰਨਣ ਦੀ ਪਹਿਲ ਦਿੰਦੇ ਹਨ।

SGPC SGPC

ਮੰਗ ਪੱਤਰ ਵਿਚ ਅਗੇ ਕਿਹਾ ਗਿਆ ਕਿ ਇਹ ਪਤਾ ਲੱਗਾ ਹੈ ਕਿ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਰਜਿਸਟਰ ਵਿਚ ਵੀ ਇਸ ਕਾਰਵਾਈ ਬਾਰੇ ਕੋਈ ਵੇਰਵੇ ਦਰਜ ਨਹੀਂ ਕੀਤੇ ਗਏ ਅਤੇ ਨਾ ਹੀ ਇੰਨੀ ਵੱਡੀ ਭੁੱਲ/ਘਟਨਾ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਪਛਚਾਤਾਪ ਕੀਤੇ ਗਏ ਜੋ ਕਿ ਨਿਯਮਾਂ/ਰਹਿਤ ਮਰਿਆਦਾ ਅਨੁਸਾਰ ਜ਼ਰੂਰੀ ਸੀ। ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਅੱਗ ਲੱਗਣ ਨਾਲ ਅਗਨ ਭੇਂਟ ਅਤੇ ਗਿੱਲੇ ਹੋਏ ਸਨ ਜਿਨ੍ਹਾਂ ਦੇ ਬਾਅਦ ਵਿਚ ਗੁਪਤ ਤਰੀਕੇ ਨਾਲ ਸਸਕਾਰ ਕਰ ਦਿਤੇ ਗਏ, ਦੀ ਸਹੀ ਗਿਣਤੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਰੀਕਾਰਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਘੱਟ ਹਨ।

Baoli SahibBaoli Sahib

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲਾਇੰਗ ਵਿਭਾਗ ਵਲੋਂ ਹੁਣ ਇਕ ਮੁਲਾਜ਼ਮ ਕੰਵਲਜੀਤ ਸਿੰਘ ਦੀ ਰਿਟਾਇਰਮੈਂਟ ਤੋਂ ਬਾਅਦ ਕੀਤੀ ਜਾ ਰਹੀ ਇਨਕੁਆਰੀ ਵਿਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਿਤੀ 18/19-05-2016 ਨੂੰ 80 ਤੋਂ ਵੱਧ ਪਾਵਨ ਸਰੂਪ ਅਗਨ ਭੇਂਟ ਅਤੇ ਪਾਣੀ ਦੀ ਵਾਛੜ ਨਾਲ ਗਿੱਲੇ ਹੋਣ ਕਰ ਕੇ ਸਸਕਾਰ ਕੀਤੇ ਗਏ ਸਨ। ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਭੇਜੇ ਗਏ ਮੰਗ ਪੱਤਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਹਨਾਂ ਉਪਰ ਸੁਖਬੀਰ ਸਿੰਘ ਬਾਦਲ ਤੇ ਉਸ ਸਮੇਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਥਿਤ ਦਬਾਅ ਪਾ ਕੇ ਇਸ ਘਟਨਾ 'ਤੇ ਪਰਦਾ ਪਾਉਣ ਲਈ ਕਿਹਾ ਸੀ ਅਤੇ ਇਸੇ ਕਰ ਕੇ ਮੌਕੇ ਦੀ ਸੀ.ਸੀ.ਟੀ.ਵੀ. ਫੂਟੇਜ਼ ਰਿਕਾਰਡ ਵਿੱਚ ਨਹੀਂ ਲਈ ਗਈ ਅਤੇ ਕੋਈ ਫਰਾਸਿਕ ਟੀਮ ਜਾਂ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ ਅਤੇ ਨਾ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਿਸੇ ਸਬੰਧਤ ਅਧਿਕਾਰੀ ਨੂੰ ਅੰਦਰ ਜਾਣ ਦਿਤਾ ਗਿਆ ਸੀ।

SGPCShiromani akali Dal

2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਘਟਨਾ ਕਰਕੇ ਬੇਅਦਬੀ / ਅਣਗਹਿਲੀ ਦਾ ਕੋਈ ਨੁਕਸਾਨ ਨਾ ਪਹੁੰਚੇ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਮਰਿਆਦਾ ਅਨੁਸਾਰ ਸਤਿਕਾਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਸ ਅਗਨੀ ਕਾਂਡ ਦੀ ਪਿਛਲੀ ਸੱਚਾਈ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ।  ਇਹ ਵੀ ਪਤਾ ਲੱਗਾ ਹੈ ਕਿ ਪ੍ਰਭਾਵਸ਼ਾਲੀ ਅਕਾਲੀ ਲੀਡਰ ਅਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਗੈਰ ਇੰਦਰਾਜ ਕਰਵਾਇਆ ਲੈ ਜਾਂਦੇ ਹਨ ਇਸ ਕਰ ਕੇ ਬਹੁਤ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਮੌਜੂਦਾ ਸਥਿਤੀ ਬਾਰੇ ਪਤਾ ਨਹੀਂ ਕੀਤਾ ਜਾ ਸਕਦਾ। ਇਹ ਇਕ ਵੱਡੀ ਅਣਗਹਿਲੀ ਹੈ ਜਿਸ ਦਾ ਸਿੱਖ ਵਿਰੋਧੀ ਅਨਸਰ ਫਾਇਦਾ ਉਠਾ ਸਕਦੇ ਹਨ।

SGPCSGPC

ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਇਸ ਘਟਨਾ ਦੀ ਹੁਣ ਇਨਕੁਆਰੀ ਕਰਨ ਦਾ ਕਹਿ ਰਹੇ ਹਨ ਪਰ ਸਾਲ 2016 ਵਿਚ ਇਨ੍ਹਾਂ ਵਲੋਂ ਸਿਆਸੀ ਦਬਾਅ ਕਰਕੇ ਨਿਯਮਾਂ/ਮਰਿਆਦਾ ਅਨੁਸਾਰ ਕਾਰਵਾਈ ਨਾ ਕਰਨਾ ਇਨ੍ਹਾਂ ਦੀ ਬਦਨਿਯਤੀ ਸਾਬਤ ਕਰਦੀ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਸਾਹਿਬ ਅਤੇ ਅਦਾਰਿਆਂ ਵਿਚ ਹੁੰਦੀਆਂ ਬੇਨਿਯਮੀਆਂ/ਘਪਲਿਆਂ ਸਬੰਧੀ ਹਮੇਸ਼ਾਂ ਕਮੇਟੀ ਬਣਾਉਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਕਦੇ ਵੀ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਹੁੰਦੀ। ਉਪਰੋਕਤ ਤੱਥਾਂ ਅਤੇ ਸਬੂਤਾਂ ਤੋਂ ਸਾਬਤ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗ ਲੱਗਣ ਕਰ ਕੇ ਅਗਨ ਭੇਂਟ ਅਤੇ ਇਸ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਵਾਛੜ ਨਾਲ ਗਿੱਲੇ ਹੋਏ ਸਰੂਪਾਂ ਦੀ ਘਟਨਾ ਨੂੰ ਸਿਆਸੀ ਮੁਫਾਦਾ ਕਰ ਕੇ ਦਬਾਅ ਦਿਤਾ ਗਿਆ ਸੀ ਅਤੇ ਸਿੱਖ ਮਰਿਆਦਾ/ਨਿਯਮਾਂ ਅਨੁਸਾਰ ਸਤਿਕਾਰ ਨਹੀਂ ਦਿਤਾ ਗਿਆ ਅਤੇ ਘੋਰ ਪਾਪ ਕੀਤਾ ਗਿਆ ਹੈ ਜੋ ਕਿ ਬੇਅਦਬੀ ਹੈ।

Sri Guru Granth Sahib jiSri Guru Granth Sahib ji

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦਾ ਰੀਕਾਰਡ ਅਨੁਸਾਰ ਘੱਟ ਹੋਣਾ ਅਪਣੇ ਆਪ ਵਿਚ ਵੱਡੀ ਅਣਗਿਹਲੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਸਬੰਧੀ ਦੋਸ਼ੀ ਅਧਿਕਾਰੀਆਂ ਵਲੋਂ ਅਪਣੀ ਆਪੇ ਇਨਕੁਆਰੀ ਦਾ ਕੋਈ ਮਤਲਬ ਨਹੀਂ ਹੈ। ਮੰਗ ਪੱਤਰ ਵਿਚ ਉਕਤ ਹਵਾਲਿਆਂ ਨਾਲ ਕਿਹਾ ਗਿਆ ਹੈ ਕਿ ਬੇਨਤੀ ਹੈ ਕਿ ਦੋਸ਼ੀਆਂ ਵਿਰੁਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸਬੰਧੀ ਅਣਗਿਹਲੀ ਅਤੇ ਬੇਅਦਬੀ ਕਰਨ, ਬੇਅਦਬੀ ਦੀ ਘਟਨਾ ਨੂੰ ਸਿਆਸੀ ਮੁਫਾਦਾ ਦੀ ਪੂਰਤੀ ਲਈ ਦਬਾਉਣ, ਦਫ਼ਤਰੀ ਰਿਕਾਰਡ ਨਾਲ ਛੇੜਛਾੜ/ਜਾਲਸਾਜ਼ੀ ਕਰਨ/ਰੀਕਾਰਡ ਵਿਚ ਨਾ ਲਿਆਉਣ, ਸਬੰਧਤ ਅਧਿਕਾਰੀਆਂ ਨੂੰ ਧਮਕਾਉਣ ਅਤੇ ਧਾਰਮਕ ਭਾਵਨਾੜਾ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਦੀ ਇਨਕੁਆਰੀ ਸੀਨੀਅਰ ਅਫ਼ਸਰਾਂ 'ਤੇ ਆਧਾਰਤ ਟੀਮ ਤੋਂ ਕਾਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement