
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਜੀ ਯਤਨਾਂ ਸਦਕਾ ਭਾਰਤ ਸਰਕਾਰ ਨੇ ਪੰਜਾਬ ਵਿਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ 30 ਕਰੋੜ.............
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਜੀ ਯਤਨਾਂ ਸਦਕਾ ਭਾਰਤ ਸਰਕਾਰ ਨੇ ਪੰਜਾਬ ਵਿਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ 30 ਕਰੋੜ ਰੁਪਏ ਦੀ ਲਾਗਤ ਨਾਲ 2 ਕਾਮਨ ਫੈਸਿਲਟੀ ਸੈਂਟਰ (ਸੀ.ਐਫ.ਸੀਜ਼.) ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਇਹ ਸੈਂਟਰ ਲੁਧਿਆਣਾ ਅਤੇ ਫ਼ਗਵਾੜਾ ਵਿਚ ਕਾਇਮ ਹੋਣਗੇ। ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਸਕੱਤਰ ਅਰੁਣ ਕੁਮਾਰ ਪਾਂਡਾ ਦੀ ਅਗਵਾਈ ਵਿਚ ਨਵੀਂ ਦਿੱਲੀ ਵਿਖੇ ਹੋਈ ਮੰਤਰਾਲੇ ਦੀ ਮੀਟਿੰਗ ਦੌਰਾਨ ਇਨ੍ਹਾਂ ਫੈਸਿਲਟੀ ਸੈਂਟਰਾਂ ਨੂੰ ਮਨਜ਼ੂਰੀ ਦਿਤੀ ਗਈ।
ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੀ ਤਰਫ਼ੋਂ ਉਦਯੋਗ ਅਤੇ ਵਪਾਰ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਨੁਮਾਇੰਦਗੀ ਕੀਤੀ। ਇਕ ਸਰਕਾਰੀ ਬੁਲਾਰੇ ਮੁਤਾਬਕ ਆਇਲ ਐਕਸਪੈਲਰ (ਤੇਲ ਕੱਢਣ ਸਬੰਧੀ) ਬਣਾਉਣ ਦਾ ਫੈਸਿਲਟੀ ਸੈਂਟਰ ਲੁਧਿਆਣਾ ਵਿਖੇ ਜਦਕਿ ਫਾਊਂਡਰੀ ਐਂਡ ਜਨਰਲ ਇੰਜਨੀਅਰਿੰਗ ਕਲੱਸਰ ਫਗਵਾੜਾ ਵਿਖੇ ਸਥਾਪਤ ਕੀਤਾ ਜਾਣਾ ਹੈ। ਦੋਵੇਂ ਸੈਂਟਰ 15-15 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾਣੇ ਹਨ ਜੋ 24 ਮਹੀਨਿਆਂ ਵਿਚ ਚਾਲੂ ਹੋ ਜਾਣਗੇ। ਬੁਲਾਰੇ ਨੇ ਦਸਿਆ ਕਿ ਆਇਲ ਐਕਸਪੈਲਰ ਫੈਸਿਲਟੀ ਸੈਂਟਰ ਦੀ ਸਥਾਪਨਾ ਨਾਲ ਸਾਲਾਨਾ 100 ਕਰੋੜ ਰੁਪਏ ਤੋਂ 250 ਕਰੋੜ ਦੀ ਬਰਾਮਦ ਸਮਰਥਾ
ਨੂੰ ਉਤਸ਼ਾਹ ਮਿਲੇਗਾ ਅਤੇ 2000 ਤੋਂ 3500 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਫਗਵਾੜਾ ਵਿਖੇ ਸਥਾਪਤ ਕੀਤਾ ਜਾਣ ਵਾਲਾ ਕੇਂਦਰ ਉੱਤਰੀ ਭਾਰਤ ਵਿਚ ਅਪਣੀ ਕਿਸਮ ਦਾ ਪਹਿਲਾ ਕੇਂਦਰ ਹੋਵੇਗਾ ਜਿੱਥੇ ਰਵਾਇਤੀ ਕੱਚੇ ਲੋਹੇ 'ਤੇ ਅਧਾਰਿਤ ਡੀਜ਼ਲ ਇੰਜਣਾਂ ਦੇ ਬਦਲ ਵਜੋਂ ਐਲੁਮੀਨੀਅਮ ਅਧਾਰਿਤ ਡਾਈ ਇੰਜਣ ਤਿਆਰ ਕੀਤੇ ਜਾਣਗੇ। ਰਵਾਇਤੀ ਡੀਜ਼ਲ ਇੰਜਣ ਆਮ ਤੌਰ 'ਤੇ ਸੇਮਗ੍ਰਸਤ ਇਲਾਕਿਆਂ ਵਿਚੋਂ ਪਾਣੀ ਕੱਢਣ ਅਤੇ ਸਿੰਜਾਈ ਲਈ ਖੇਤੀਬਾੜੀ ਪੰਪ ਸੈੱਟਾਂ ਲਈ ਵਰਤੇ ਜਾਂਦੇ ਹਨ। ਐਲੁਮੀਨੀਅਮ ਡਾਈ ਅਧਾਰਿਤ ਨਵੀਂ ਤਕਨਾਲੋਜੀ ਨਾਲ ਲਾਗਤ 6000 ਰੁਪਏ ਪ੍ਰਤੀ ਏਕੜ ਤਕ ਘਟ ਜਾਵੇਗੀ।