
ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਸਾਂਝਾ ਨਗਰ ਕੀਰਤਨ ਸਜਾਉਣ ਦੀ ਹਦਾਇਤ ਜਾਰੀ ਕੀਤੀ ਗਈ ਸੀ
ਨਵੀਂ ਦਿੱਲੀ (ਅਮਨਦੀਪ ਸਿੰਘ): ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਸਾਂਝਾ ਨਗਰ ਕੀਰਤਨ ਸਜਾਉਣ ਦੀ ਹਦਾਇਤ ਜਾਰੀ ਕੀਤੀ ਗਈ ਸੀ, ਪਰ ਅੱਜ ਨਗਰ ਕੀਰਤਨ ਸਜਾਉਣ ਤੋਂ ਡੇਢ ਦਿਨ ਪਹਿਲਾਂ ਪਾਲਕੀ ਵਾਲੀ ਬੱਸ ਨੂੰ ਲੈ ਕੇ ਸਰਨਿਆਂ ਤੇ ਬਾਦਲਾਂ ਨੇ ਇਕ ਦੂਜੇ ਵਿਰੁਧ ਮੋਰਚਾ ਖੋਲ੍ਹ ਦਿਤਾ।
Gurudwara Bangla Sahib
ਵਿਸ਼ੇਸ਼ ਤੌਰ 'ਤੇ ਤਰਨਤਾਰਨ ਵਿਖੇ ਤਿਆਰ ਕਰਵਾਈ ਗਈ ਜਿਸ ਖ਼ਾਸ ਬਸ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰ ਕੇ, ਨਗਰ ਕੀਰਤਨ ਸਜਾਇਆ ਜਾਣਾ ਹੈ, ਉਸ ਦੇ ਗੁਰਦਵਾਰਾ ਬੰਗਲਾ ਸਾਹਿਬ ਦੇ ਅਸ਼ੋਕਾ ਰੋਡ ਸਾਹਮਣੇ ਵਾਲੇ ਗੇਟ ਦੇ ਬਾਹਰ ਖੜੇ ਹੋਣ ਦੀ, ਫ਼ੋਟੋਆਂ ਤੇ ਵੀਡੀਉ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਕੇ, ਸਰਨਿਆਂ ਨੇ ਦੋਸ਼ ਲਾਇਆ ਹੈ ਕਿ ਬਾਦਲਾਂ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਵਲੋਂ ਪਾਲਕੀ ਸਾਹਿਬ ਵਾਲੀ ਬੱਸ ਨੂੰ ਗੁਰਦਵਾਰਾ ਕੰਪਲੈਕਸ ਵਿਚ ਦਾਖ਼ਲ ਨਾ ਹੋਣ ਦੇਣ ਦੇ ਹੁਕਮ ਦੇ ਕੇ, ਉਸੇ ਤਰ੍ਹਾਂ ਕੀਤਾ ਹੈ ਜਿਵੇਂ ਮਸੰਦਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਦਾਖ਼ਲ ਨਹੀਂ ਸੀ ਹੋਣ ਦਿਤਾ।
Manjinder Singh Sirsa
ਸਰਨਿਆਂ ਦੇ ਦੋਸ਼ਾਂ ਪਿਛੋਂ ਸ.ਮਨਜਿੰਦਰ ਸਿੰਘ ਸਿਰਸਾ ਨੇ ਦੇਰ ਸ਼ਾਮ ਨੂੰ ਪ੍ਰੈੱਸ ਨੋਟ ਜਾਰੀ ਕਰ ਕੇ ਪੁਛਿਆ ਹੈ, “ਜਦੋਂ ਨਗਰ ਕੀਰਤਨ ਗੁਰਦਵਾਰਾ ਨਾਨਕ ਪਿਆਊ ਸਾਹਿਬ ਤੋਂ ਅਰੰਭ ਹੋਣਾ ਹੈ, ਫਿਰ ਪਾਰਕਿੰਗ ਲਈ ਬੱਸ ਬੰਗਲਾ ਸਾਹਿਬ ਕਿਵੇਂ ਪਹੁੰਚ ਸਕਦੀ ਹੈ ਤੇ ਉਸ ਨੂੰ ਖੜੇ ਹੋਣ ਤੋਂ ਕੌਣ ਰੋਕ ਸਕਦਾ ਹੈ? ਸਰਨਿਆਂ ਵਲੋਂ ਕਾਂਗਰਸ ਦੇ ਇਸ਼ਾਰੇ 'ਤੇ ਸਿੱਖ ਸੰਗਤ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਮੈਂ ਅਕਾਲ ਤਖ਼ਤ ਸਾਹਿਬ ਦੇ ਹੁਕਮ ਕਰ ਕੇ, ਚੁੱਪ ਹਾਂ ਤੇ ਗੁਰਪੁਰਬ ਪਿਛੋਂ ਸਰਨਿਆਂ ਦਾ ਪਾਜ ਉਘਾੜਾਂਗਾ।'' ਹੁਣ ਇਹ ਬੱਸ ਗੁਰਦਵਾਰਾ ਟਿਕਾਣਾ ਸਾਹਿਬ ਦੇ ਬਾਹਰ ਦੋ ਦਿਨ ਲਈ ਖੜੀ ਕੀਤੀ ਜਾਵੇਗੀ।