
ਠੀਕਰੀ ਪਹਿਰਾ ਲਾਉਣ ਲਈ ਪੈਸਾ ਇਕੱਠਾ ਕਰਨ ਦੀ ਪ੍ਰਕਿਰਿਆ ’ਚ ਸਥਾਨਕ ਕਾਰਕੁਨ, ਵਿਸ਼ਾਲ ਇਕੱਠ ਕਰ ਕੇ ਕੀਤੀ ਗਈ ਸੁਰੱਖਿਆ ਦੀ ਮੰਗ
Sikhs to start civilian patrol in New York: ਸਿੱਖਾਂ ’ਤੇ ਲਗਾਤਾਰ ਦੋ ਹਮਲਿਆਂ ਤੋਂ ਬਾਅਦ ਸਿੱਖਾਂ ਨੇ ਨਿਊਯਾਰਕ ’ਚ ਇਕੱਠੇ ਹੋ ਕੇ ਨਫਰਤ ਦੀ ਨਿੰਦਾ ਕੀਤੀ ਅਤੇ ਅਮਰੀਕਾ ’ਚ ਸਿੱਖਾਂ ਵਿਰੁਧ ਵੱਧ ਰਹੇ ਜੁਰਮਾਂ ਤੋਂ ਸੁਰੱਖਿਆ ਦੀ ਮੰਗ ਕੀਤੀ। ਉਧਰ ਸਥਾਨਕ ਕਾਰਕੁਨਾਂ ਨੇ ਕਿਹਾ ਕਿ ਉਹ ਇਕ ਠੀਕਰੀ ਪਹਿਰਾ (civilian patrol) ਸ਼ੁਰੂ ਕਰਨ ਲਈ ਪੈਸਾ ਇਕੱਠਾ ਕਰਨ ਦੀ ਪ੍ਰਕਿਰਿਆ ’ਚ ਹਨ ਕਿਉਂਕਿ ਹਾਲ ਹੀ ’ਚ ਪੁਲਿਸ ਦੇ ਅੰਕੜਿਆਂ ਨੇ ਵਿਖਾਇਆ ਹੈ ਕਿ ਜਿੱਥੇ ਨਾਗਰਿਕ ਗਸ਼ਤ ਹਨ ਉੱਥੇ ਅਪਰਾਧ ਘੱਟ ਗਿਆ ਹੈ ।
ਪਿਛਲੇ ਦਿਨੀਂ ਅਜਿਹੀ ਪਹਿਲੀ ਘਟਨਾ 19 ਅਕਤੂਬਰ ਨੂੰ 66 ਸਾਲਾਂ ਦੇ ਜਸਮੇਰ ਸਿੰਘ ਦੇ ਕਤਲ ਦੀ ਹੈ। ਸੜਕ ’ਤੇ ਮਾਮੂਲੀ ਟੱਕਰ ’ਤੇ ਬਹਿਸ ਹੋਣ ਦੌਰਾਨ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿਤਾ ਗਿਆ ਸੀ। ਇਸ ਤੋਂ ਸਿਰਫ਼ ਚਾਰ ਦਿਨ ਬਾਅਦ ਇਕ ਹੋਰ ਸਿੱਖ ਨੌਜੁਆਨ ਮਨੀ ਸੰਧੂ ਨੂੰ ਨਿਊਯਾਰਕ ਸਿਟੀ ’ਚ ਇਕ ਬੱਸ ਉਸ ਦੀ ਪੱਗ ਕਾਰਨ ਉਸ ਦੀ ਕੁੱਟਮਾਰ ਕੀਤੀ ਗਈ ਸੀ। ਪ੍ਰੇਸ਼ਾਨ ਅਤੇ ਦੁਖੀ ਸਿੱਖ ਬੁਧਵਾਰ ਨੂੰ ਸਾਊਥ ਰਿਚਮੰਡ ਹਿੱਲ ਦੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਵਿਖੇ ਹਮਲੇ ਦੇ ਪੀੜਤਾਂ ਨਾਲ ਇਕਜੁਟਤਾ ਵਿਖਾਉਣ ਲਈ ਇਕੱਠਾ ਹੋਇਆ।
ਈਵੈਂਟ ਆਰਗੇਨਾਈਜ਼ਰ ਅਤੇ ਕਾਰਕੁਨ ਜਪਨੀਤ ਸਿੰਘ ਨੇ ਟਵਿੱਟਰ ’ਤੇ ਲਿਖਿਆ, ‘‘ਵਾਰ-ਵਾਰ ਸਿੱਖਾਂ ਨੂੰ ਸੰਵੇਦਨਹੀਣ ਨਫ਼ਰਤ ਦਾ ਨਿਸ਼ਾਨਾ ਬਣਦੇ ਵੇਖਿਆ ਹੈ। ਇਸ ਨਫ਼ਰਤ ਕਾਰਨ ਅਸੀਂ ਹੁਣ ਭਾਈਚਾਰੇ ਦੇ ਇਕ ਪਿਆਰੇ ਮੈਂਬਰ ਨੂੰ ਗੁਆ ਦਿਤਾ ਹੈ।’’ ਜਸਮੇਰ ਦੇ ਪੁੱਤਰ ਸੁਬੇਗ ਮੁਲਤਾਨੀ ਨੇ ਮੀਡੀਆ ਨੂੰ ਦਸਿਆ, ‘‘ਉਸ ਨੇ ਮੇਰੇ ਪਿਤਾ ਨੂੰ ਇੰਨੀ ਤੇਜ਼ੀ ਨਾਲ, ਸਿਰ ’ਤੇ ਇੰਨੀ ਜ਼ੋਰਦਾਰ ਮਾਰਿਆ ਕਿ ਉਨ੍ਹਾਂ ਦੇ ਅਗਲੇ ਦੋ ਦੰਦ ਨਿਕਲ ਗਏ।’’ ਮੁਲਤਾਨੀ ਨੇ ਕਿਹਾ ਕਿ ਉਹ ਗੁੱਸੇ ’ਚ ਹੈ ਕਿਉਂਕਿ ਪੁਲਿਸ ਉਸ ਦੇ ਪਿਤਾ ਦੀ ਮੌਤ ਨੂੰ ‘ਰੋਡ ਰੇਜ’ ਦਾ ਮਾਮਲਾ ਮੰਨ ਰਹੀ ਹੈ ਜਦਕਿ ਇਹ ਨਫਰਤ ਅਪਰਾਧ ਹੈ। ਮੁਲਤਾਨੀ ਨੇ ਕਿਹਾ, ‘‘ਸਾਡੀ ਸੁਰੱਖਿਆ ਕਰਨਾ ਨਿਊਯਾਰਕ ਪੁਲਿਸ ਵਿਭਾਗ ਦਾ ਕੰਮ ਹੈ। ਉਹ ਅਜਿਹਾ ਕਰਨ ’ਚ ਅਸਫਲ ਰਹੇ।’’
ਜਸਮੇਰ ਸਿੰਘ ਦਾ ਕਤਲ ਕਰਨ ਦੇ ਦੋਸ਼ ’ਚ ਗਿਲਬਰਟ ਆਗਸਟਿਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਸੰਧੂ ਨੂੰ ਨਿਸ਼ਾਨਾ ਬਣਾਉਣ ਵਾਲੇ ਕ੍ਰਿਸਟੋਫਰ ਫਿਲਿਪੋ ’ਤੇ ਨਫਰਤੀ ਅਪਰਾਧ ਦਾ ਦੋਸ਼ ਹੈ। 10 ਮਹੀਨੇ ਪਹਿਲਾਂ ਅਮਰੀਕਾ ਆਏ ਸੰਧੂ ਨੇ ਕਿਹਾ ਕਿ ਉਹ ਹੁਣ ਅਪਣਾ ਘਰ ਛੱਡ ਕੇ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਜਸਮੇਰ ਸਿੰਘ ਦੇ ਕਤਲ ਤੋਂ ਬਾਅਦ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਉਹ ਘਟਨਾ ਤੋਂ ਬਾਅਦ ਸਿੱਖਾਂ ਦੀਆਂ ਲੋੜਾਂ ਬਾਰੇ ਗੱਲਬਾਤ ਕਰਨ ਲਈ ਸਿੱਖ ਆਗੂਆਂ ਨਾਲ ਮੁਲਾਕਾਤ ਕਰਨਗੇ।
ਨਿਊਯਾਰਕ ਦੀ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਨਿਊਯਾਰਕ ਸਟੇਟ ਦਫ਼ਤਰ ਲਈ ਚੁਣੀ ਗਈ ਪਹਿਲੀ ਪੰਜਾਬੀ ਹੋਣ ਦੇ ਨਾਤੇ, ‘‘ਜਦੋਂ ਤਕ ਅਸੀਂ ਇਸ ਨਫ਼ਰਤ ਨੂੰ ਖਤਮ ਨਹੀਂ ਕਰਦੇ ਉਦੋਂ ਤਕ ਇਸ ਵਿਰੁਧ ਕੰਮ ਕਰਨਾ ਬੰਦ ਨਹੀਂ ਕਰਾਂਗੇ।’’ ਐਫ.ਬੀ.ਆਈ. ਨੇ ਇਸ ਮਹੀਨੇ 2022 ਲਈ ਨਫ਼ਰਤੀ ਅਪਰਾਧਾਂ ਦੇ ਅੰਕੜਿਆਂ ਦੀ ਅਪਣੀ ਸਾਲਾਨਾ ਰੀਪੋਰਟ ਜਾਰੀ ਕਰਦਿਆਂ, ਸਿੱਖਾਂ ਵਿਰੁਧ ਨਫ਼ਰਤੀ ਅਪਰਾਧਾਂ ਦੀ ਗਿਣਤੀ 198 ਦੱਸੀ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਸਿੱਖ ਅਜੇ ਵੀ ਦੇਸ਼ ’ਚ ਦੂਜਾ ਸਭ ਤੋਂ ਵੱਧ ਨਿਸ਼ਾਨਾ ਸਮੂਹ ਬਣਿਆ ਹੋਇਆ ਹੈ। ਜਪਨੀਤ ਸਿੰਘ ਨੇ ਕਿਹਾ ਕਿ ਸਿੱਖਾਂ ਵਿਰੁਧ ਨਫ਼ਰਤੀ ਅਪਰਾਧ ਵਧ ਰਹੇ ਹਨ, ਪਰ ਅੰਕੜੇ ਇਨ੍ਹਾਂ ਨੂੰ ਨਹੀਂ ਦਰਸਾਉਂਦੇ ਕਿਉਂਕਿ ਕੁਝ ਅਪਰਾਧਾਂ ਦੀ ਰੀਪੋਰਟ ਨਹੀਂ ਕੀਤੀ ਜਾਂਦੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਿਊ ਯਾਰਕ ਪੁਲਿਸ ਵਿਭਾਗ ਇਨ੍ਹਾਂ ਮਾਮਲਿਆਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕਰਦਾ ਹੈ।
(For more news apart from Sikhs to start civilian patrol in New York, stay tuned to Rozana Spokesman)