
ਕਿਹਾ, ਸਿੱਖ ਕੌਮ ਦੇ ਹਮਦਰਦ ਮੁਸਲਮਾਨ ਪਰਿਵਾਰ ਦਾ ਚਿਰਾਗ ਬੁੱਝਣਾ ਸਿੱਖ ਕੌਮ ਲਈ ਵੀ ਦੁਖਦਾਈ ਹੈ।
Begum Munawwar-ul-Nisa Death: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਨਵਾਬ ਮਲੇਰਕੋਟਲਾ ਦੇ ਪਰਿਵਾਰ ਦੀ ਆਖਰੀ ਨਿਸ਼ਾਨੀ ਬੇਗਮ ਮੁਨੱਵਰ ਉੱਲ ਨਿਸਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਹੈ ਕਿ ਸਿੱਖ ਕੌਮ ਦੇ ਹਮਦਰਦ ਮੁਸਲਮਾਨ ਪਰਿਵਾਰ ਦਾ ਚਿਰਾਗ ਬੁੱਝਣਾ ਸਿੱਖ ਕੌਮ ਲਈ ਵੀ ਦੁਖਦਾਈ ਹੈ।
ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਨਵਾਬ ਸ਼ੇਰ ਮੁਹੰਮਦ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਹਕੂਮਤ ਦੁਆਰਾ ਸਰਹਿੰਦ ਦੀਆਂ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰਨ ਮੌਕੇ ਹਾਅ ਦਾ ਨਾਅਰਾ ਮਾਰਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਦਾ ਸਤਿਕਾਰਤ ਅਸਥਾਨ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ 1947 ਦੀ ਵੰਡ ਵੇਲੇ ਮਲੇਰਕੋਟਲਾ ਦੇ ਮੁਸਲਮਾਨਾਂ ਦੇ ਉਜਾੜੇ ਨੂੰ ਰੋਕ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਨਵਾਬ ਮਲੇਰਕੋਟਲਾ ਦੇ ਹਾਅ ਦੇ ਨਾਅਰੇ ਦਾ ਸਤਿਕਾਰ ਦਿਖਾਇਆ ਸੀ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿੱਖ ਕੌਮ ਨੇ ਨਵਾਬ ਮਲੇਰਕੋਟਲਾ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਨਵਾਬ ਸ਼ੇਰ ਮੁਹੰਮਦ ਖਾਂ ਦੇ ਪਰਿਵਾਰ ਦੀ ਆਖਰੀ ਬੇਗ਼ਮ ਮੁਨੱਵਰ ਉਲ ਨਿਸਾ ਦੇ ਅਕਾਲ ਚਲਾਣੇ ਨਾਲ ਸਿੱਖ ਕੌਮ ਨਾਲ ਡੂੰਘੀ ਇਤਿਹਾਸਕ ਸਾਂਝ ਰੱਖਣ ਵਾਲੇ ਇਕ ਪਰਿਵਾਰ ਦਾ ਆਖਰੀ ਵੰਸ਼ ਵੀ ਚਲੀ ਗਈ ਹੈ ਪਰ ਸਿੱਖ ਕੌਮ ਕਦੇ ਵੀ ਇਸ ਪਰਿਵਾਰ ਦੀ ਦੇਣ ਨੂੰ ਕਦੇ ਵੀ ਭੁਲਾ ਨਹੀਂ ਸਕੇਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਬੇਸ਼ੱਕ ਹਰ ਮਨੁੱਖ ਨੇ ਇਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ ਪਰ ਸੱਚ, ਨੇਕੀ ਤੇ ਧਰਮ ਦੇ ਰਾਹ ‘ਤੇ ਚੱਲਣ ਵਾਲੇ ਲੋਕਾਂ ਨੂੰ ਰਹਿੰਦੀ ਦੁਨੀਆ ਤੱਕ ਸਤਿਕਾਰ ਨਾਲ ਚੇਤੇ ਕੀਤਾ ਜਾਂਦਾ ਹੈ ਪਰ ਜ਼ੁਲਮ, ਅਧਰਮ ਤੇ ਬਦੀ ਕਮਾਉਣ ਵਾਲੇ ਲੋਕ ਇਤਿਹਾਸ ਦੀ ਗਰਦਿਸ਼ ਵਿਚ ਰੁਲ ਜਾਂਦੇ ਹਨ।