
Panthak News: ਪੰਥਕ ਹਲਕਿਆਂ ਮੁਤਾਬਕ ਹੁਣ ਹੋ ਗਿਐ ਜਥੇਦਾਰਾਂ ਨੂੰ ਅਪਣੀ ਹੋਂਦ ਦਾ ਅਹਿਸਾਸ
Panthak News: ਤਖ਼ਤਾਂ ਦੇ ਜਥੇਦਾਰਾਂ ਵਲੋਂ 2 ਦਸੰਬਰ ਨੂੰ ਬੁਲਾਈ ਗਈ ਮੀਟਿੰਗ ਦੌਰਾਨ ਸੁਖਬੀਰ ਸਮੇਤ ਬਾਦਲ ਸਰਕਾਰ ਦੇ ਕੈਬਨਿਟ ਮੰਤਰੀਆਂ, ਤਤਕਾਲੀ ਕੋਰ ਕਮੇਟੀ, ਸ਼੍ਰੋਮਣੀ ਕਮੇਟੀ ਦੀ 2015 ਵਾਲੀ ਅੰਤਰਿੰਗ ਕਮੇਟੀ ਸਮੇਤ ਤਿੰਨ ਤਖ਼ਤਾਂ ਦੇ ਤਤਕਾਲੀ ਜਥੇਦਾਰਾਂ ਨੂੰ ਵੀ ਤਲਬ ਕੀਤੇ ਜਾਣ ਵਾਲੀ ਕਾਰਵਾਈ ਤੋਂ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਹੁਣ ਤਖ਼ਤਾਂ ਦੇ ਜਥੇਦਾਰਾਂ ਨੂੰ ਅਪਣੀ ਹੋਂਦ ਦਾ ਅਹਿਸਾਸ ਹੋ ਗਿਆ ਹੈ ਕਿਉਂਕਿ ਪਿਛਲੇ ਸਮੇਂ ਵਿਚ ਬਾਦਲਾਂ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਅਪਣੇ ਨਿਜੀ ਹਿਤਾਂ ਲਈ ਵਰਤਿਆ, ਅਪਣੇ ਸਿਆਸੀ ਚੋਖਟੇ ਵਿਚ ਫਿੱਟ ਨਾ ਹੋਣ ਵਾਲੀ ਪੰਥਕ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਨੂੰ ਤਖ਼ਤਾਂ ਦੇ ਜਥੇਦਾਰਾਂ ਤੋਂ ਜ਼ਲੀਲ ਕਰਵਾਇਆ ਪਰ ਹੁਣ ਤਖ਼ਤਾਂ ਦੇ ਜਥੇਦਾਰਾਂ ਦੇ ਸਖ਼ਤ ਲਹਿਜੇ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਨੂੰ ਬਹਾਲ ਰਖਦਿਆਂ ਕਾਇਮ ਰੱਖਣ ਦਾ ਦਿ੍ਰੜ ਇਰਾਦਾ ਬਣਾ ਚੁੱਕੇ ਹੋਣ।
ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਹੁਣ ਜਥੇਦਾਰਾਂ ਨੂੰ ਪਿਛਲੇ ਸਮੇਂ ਵਿਚ ਸਿਆਸੀ ਕਿੜਾਂ ਕੱਢਣ ਲਈ ਜਾਰੀ ਕੀਤੇ ਗਏ ਰਾਜਸੀ ਹੁਕਮਨਾਮੇ, ਐਲਾਨਨਾਮੇ ਅਤੇ ਆਦੇਸ਼ ਵਾਪਸ ਲੈ ਲੈਣੇ ਚਾਹੀਦੇ ਹਨ, ਅਕਾਲ ਤਖ਼ਤ ਦੇ ਸਿਆਸੀ ਹਥੌੜੇ ਦਾ ਡਰਾਵਾ ਦੇ ਕੇ ਜ਼ਲੀਲ ਕੀਤੇ ਗਏ ਸਿੱਖ ਚਿੰਤਕਾਂ ਅਤੇ ਪੰਥਕ ਵਿਦਵਾਨਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ, ਮੂਲ ਨਾਨਕਸ਼ਾਹੀ ਕੈਲੰਡਰ, ਸਿੱਖ ਰਹਿਤ ਮਰਿਆਦਾ, ਦਸਮ ਗ੍ਰੰਥ, ਰਾਗਮਾਲਾ, ਹਿੰਦੀ ਸਿੱਖ ਇਤਿਹਾਸ ਪੁਸਤਕ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਬੇਅਦਬੀ ਕਾਂਡ, 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ, ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ, ਬੇਅਦਬੀ ਕਾਂਡ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਸਰਪ੍ਰਸਤੀ ਕਰਨ, ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੇ ਬਾਵਜੂਦ ਡੇਰੇਦਾਰਾਂ ਨਾਲ ਦੋਸਤੀਆਂ ਨਿਭਾਉਣ ਵਾਲੇ ਅਕਾਲੀ ਲੀਡਰਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੰਥਕ ਹਲਕਿਆਂ ਮੁਤਾਬਕ ਜੇਕਰ ਤਖ਼ਤਾਂ ਦੇ ਜਥੇਦਾਰਾਂ ਨੇ ਪੰਥਵਿਰੋਧੀ ਤਾਕਤਾਂ ਦੇ ਮਨਸੂਬੇ ਜਨਤਕ ਹੋਣ ਦੇ ਬਾਵਜੂਦ ਵੀ ਇਸ ਵਾਰ ਕਸੂਰਵਾਰਾਂ ਵਿਰੁਧ ਕਾਰਵਾਈ ਨਾ ਕੀਤੀ ਤਾਂ ਸਿੱਖ ਸੰਗਤਾਂ ਦਾ ਮਾਯੂਸ ਹੋਣਾ ਸੁਭਾਵਕ ਹੈ।