Guru Tegh Bahadur Ji: ਅਵਤਾਰ ਪੁਰਬ  ‘ਤੇ ਵਿਸ਼ੇਸ਼: ਸ੍ਰੀ ਗੁਰੂ ਤੇਗ ਬਹਾਦਰ ਜੀ
Published : Apr 28, 2024, 1:30 pm IST
Updated : Apr 28, 2024, 3:11 pm IST
SHARE ARTICLE
Guru Tegh Bahadur Ji
Guru Tegh Bahadur Ji

ਆਪ ਦੇ ਪਿਤਾ ਗੁਰੂ ਹਰਿਗੋਬਿੰਦ ਜੀ ਤੋਂ ਬਾਦ ਗੁਰੂ ਹਰਿਰਾਇ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਕ੍ਰਮਵਾਰ ਸੱਤਵੇਂ ਅਤੇ ਅੱਠਵੇਂ ਗੁਰੂ ਬਣੇ

Guru Tegh Bahadur Ji:  ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸੰਨ 1621 ਈ. (ਵਿਸਾਖ ਵਦੀ 5, 1678 ਬਿ.) ਨੂੰ ਅੰਮ੍ਰਿਤਸਰ ਵਿਚ ਹੋਇਆ ।ਇਹ ਸਥਾਨ ਗੁਰੂ ਬਜ਼ਾਰ ਦੇ ਨਾਲ ਹੈ ,ਜਿੱਥੇ ਅਜਕਲ ਗੁਰੁਆਰਾ ਗੁਰੂ ਕੇ ਮਹਿਲ ਸੁਸ਼ੋਭਿਤ ਹੈ। ਆਪ ਦਾ ਵਿਆਹ ਕਰਤਾਰਪੁਰ ਦੇ ਨਿਵਾਸੀ ਭਾਈ ਲਾਲ ਚੰਦ ਦੀ ਸੁਪੁੱਤਰੀ ਗੁਜਰੀ ਨਾਲ ਸੰਨ 1632 ਈ. (15 ਅਸੂ, 1689 ਬਿ.) ਵਿਚ ਹੋਇਆ ।ਆਪ ਨੇ  ਜਲੰਧਰ ਲਾਗੇ ਕਰਤਾਰ ਵਿੱਖੇ ਹੋਈ ਲੜਾਈ ਜੋ ਪਹਿਲੀ ਜੇਠ ਬਿ:1692 (1635 ਈ.)  ਨੂੰ ਹੋਈ ਵਿਚ ਐਸੇ ਜੌਹਰ ਵਿਖਾਏ ਕਿ ਆਪ ਜੀ ਦਾ ਨਾਂ ਤੇਗ ਮਲ ਤੋਂ ਤੇਗ ਬਹਾਦਰ ਪ੍ਰਸਿੱਧ ਹੋ ਗਿਆ ।ਸੰਨ 1644 ਈ. ਵਿਚ ਆਪ ਆਪਣੀ ਪਤਨੀ ਅਤੇ ਮਾਤਾ ਸਹਿਤ ਬਕਾਲਾ ਪਿੰਡ ਵਿਚ ਆ ਵਸੇ ਜੋ ਸਮਾਂ ਪਾ ਕੇ  ਆਪ ਦੇ ਨਾਂ 'ਤੇ 'ਬਾਬਾ ਬਕਾਲਾ' ਕਰਕੇ ਪ੍ਰਸਿੱਧ ਹੋਇਆ ।

ਆਪ ਦੇ ਪਿਤਾ ਗੁਰੂ ਹਰਿਗੋਬਿੰਦ ਜੀ ਤੋਂ ਬਾਦ ਗੁਰੂ ਹਰਿਰਾਇ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਕ੍ਰਮਵਾਰ ਸੱਤਵੇਂ ਅਤੇ ਅੱਠਵੇਂ ਗੁਰੂ ਬਣੇ । ਬਾਲ-ਕਾਲ ਵਿਚ ਜੋਤੀ -ਜੋਤਿ ਸਮਾਉਣ ਕਾਰਨ ਅੱਠਵੇਂ ਗੁਰੂ ਨੇ ਗੁਰੂ-ਗੱਦੀ ਦੇ ਉਤਰਾਧਿਕਾਰੀ ਬਾਰੇ ਕੇਵਲ 'ਬਾਬਾ ਬਕਾਲੇ' ਸ਼ਬਦ ਕਹੇ । ਇਸ ਅਸਪੱਸ਼ਟ ਸੰਕੇਤ ਕਾਰਨ ਗੱਦੀ ਦੇ ਕਈ ਦਾਵੇਦਾਰ ਖੜੇ ਹੋ ਗਏ ।

ਆਖ਼ਰ ਭਾਈ ਮੱਖਣ ਸ਼ਾਹ ਲੁਬਾਣਾ ਨੇ ਆਪਣੀ ਮੰਨਤ ਭੇਟਾ ਕਰਨ ਲਈ ਸੂਖਮ ਦ੍ਰਿਸ਼ਟੀ ਨਾਲ 22 ਅਖੌਤੀ ਗੱਦੀਆਂ ਵਿਚੋਂ ਸਚੇ ਗੁਰੂ ਨੂੰ ਲਭ ਲਿਆ । ਇਸ ਤਰ੍ਹਾਂ ਆਪ 20 ਮਾਰਚ 1665 ਈ. (ਚੇਤ ਸੁਦੀ 14, 1722 ਬਿ.) ਨੂੰ 43 ਵਰਿ੍ਹਆਂ ਦੀ ਉਮਰ ਵਿਚ ਗੁਰੂ-ਗੱਦੀ ਉਤੇ ਬੈਠੇ । ਉਪਰੰਤ ਆਪ ਕਈ ਗੁਰੂ-ਧਾਮਾਂ ਦੀ ਯਾਤ੍ਰਾ ਕਰਦੇ ਹੋਏ ਕੀਰਤਪੁਰ ਪਹੁੰਚੇ । ਕੁਝ ਸਮਾਂ ਉੱਥੇ ਟਿਕੇ ਅਤੇ ਫਿਰ ਨੈਣਾ ਦੇਵੀ ਦੇ ਨੇੜੇ ਸਤਲੁਜ ਨਦੀ ਦੇ ਕੰਢੇ, ਮਾਖੋਵਾਲ ਪਿੰਡ ਦੀ ਧਰਤੀ ਪਹਾੜੀ ਰਾਜਿਆਂ ਤੋਂ ਖ਼ਰੀਦ ਕੇ ਸੰਨ 1666 ਈ. (ਸੰਨ 1723 ਬਿ.) ਵਿਚ ਆਨੰਦਪੁਰ ਦੀ ਸਥਾਪਨਾ ਕੀਤੀ ਜੋ ਬਾਦ ਵਿਚ ਖ਼ਾਲਸੇ ਦੀ ਜਨਮ-ਭੂਮੀ ਵਜੋਂ ਪ੍ਰਸਿੱਧ ਹੋਈ।

ਇਸ ਤੋਂ ਬਾਦ ਆਪ ਧਰਮ-ਪ੍ਰਚਾਰ ਲਈ ਯਾਤ੍ਰਾ ਉਤੇ ਨਿਕਲ ਪਏ ਅਤੇ ਮਾਲਵਾ ਤੇ ਬਾਂਗਰ ਖੇਤਰਾਂ ਵਿਚੋਂ ਹੁੰਦੇ ਹੋਏ ਅਹੀਆਪੁਰ (ਅਲਾਹਾਬਾਦ) ਪਹੁੰਚੇ ਅਤੇ ਫਿਰ ਉੱਥੋਂ ਬਨਾਰਸ, ਪਟਨਾ ਅਤੇ ਗਯਾ ਆਦਿ ਥਾਂਵਾਂ ਉੱਤੇ ਗਏ । ਪਰਿਵਾਰ ਨੂੰ ਪਟਨੇ ਛਡ ਕੇ ੳੁੱਥੋਂ ਪਹਿਲਾਂ ਬੰਗਾਲ ਵਲ ਗਏ ਅਤੇ ਕੁਝ ਸਮੇਂ ਲਈ ਢਾਕੇ ਵਿਚ ਵੀ ਰਹੇ । ਆਪ ਦੇ ਪਿਛੋਂ ਪਟਨਾ ਵਿਚ ਬਾਲਕ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ ਜੀ) ਦਾ 22 ਦਸੰਬਰ 1666 ਈ. (ਪੋਹ ਸੁਦੀ ਸਪਤਮੀ, 1723 ਬਿ.) ਨੂੰ ਜਨਮ ਹੋਇਆ । ਆਪ ਜੋਧਪੁਰ ਦੇ ਰਾਜਾ ਰਾਮ ਸਿੰਘ ਨਾਲ ਅਸਾਮ ਦੀ ਮੁਹਿੰਮ ਉਤੇ ਚਲੇ ਗਏ ਅਤੇ ਉੱਥੋਂ ਦਾ ਸਾਰਾ ਮਾਮਲਾ, ਰਾਸ਼ਟਰੀ-ਹਿਤਾਂ ਨੂੰ ਮੁਖ ਰਖਦਿਆਂ, ਸ਼ਾਂਤੀ-ਪੂਰਵਕ ਹਲ ਕੀਤਾ । ਉੱਥੋਂ ਵਾਪਸ ਆ ਕੇ ਕੁਝ ਸਮਾਂ ਆਪ ਪਟਨਾ ਨਗਰ ਵਿਚ ਟਿਕੇ ਅਤੇ ਫਿਰ ਪਰਿਵਾਰ ਨੂੰ ਉਥੇ ਛਡ ਕੇ ਸੰਨ 1668 ਈ. ਵਿਚ ਆਨੰਦਪੁਰ ਪਰਤ ਆਏ । ਸੰਨ 1672 ਈ. ਵਿਚ ਪਟਨੇ ਤੋਂ ਆਪਣੇ ਪਰਿਵਾਰ ਨੂੰ ਵੀ ਉੱਥੇ ਸੱਦ ਲਿਆ ।

ਕੁਝ ਵਰ੍ਹੇ ਆਪ ਆਨੰਦਪੁਰ ਵਿਚ ਧਰਮ-ਪ੍ਰਚਾਰ ਕਰਦੇ ਰਹੇ । ਇਸੇ ਦੌਰਾਨ ਔਰੰਗਜ਼ੇਬ ਬਾਦਸ਼ਾਹ ਨੇ ਹਿੰਦੂਆਂ ਨੂੰ ਸਮੂਹਿਕ ਤੌਰ 'ਤੇ ਮੁਸਲਮਾਨ ਬਣਾਉਣ ਦੀ ਯੋਜਨਾ ਨੂੰ ਸਭ ਤੋਂ ਪਹਿਲਾਂ ਕਸ਼ਮੀਰ ਵਿਚ ਲਾਗੂ ਕਰਨ ਦਾ ਯਤਨ ਕੀਤਾ । ਫਲਸਰੂਪ ਕਸ਼ਮੀਰ ਦੇ ਬ੍ਰਾਹਮਣ ਆਪਣੇ ਧਰਮ ਦੀ ਰਖਿਆ ਲਈ ਆਪ ਦੀ ਸ਼ਰਣ ਵਿਚ ਆਏ ਅਤੇ ਸੰਨ 1675 ਈ. ਵਿਚ ਉਨ੍ਹਾਂ ਦੇ ਧਾਰਮਿਕ ਸੰਕਟ ਨੂੰ ਖ਼ਤਮ ਕਰਨ ਲਈ ਕੁਝ ਸਿੱਖ-ਸੇਵਕਾਂ ਨੂੰ ਨਾਲ ਲੈ ਕੇ ਆਪ ਦਿੱਲੀ ਵਲ ਚਲ ਪਏ ।

ਯਾਤ੍ਰਾ ਦੌਰਾਨ ਆਪ ਕਈ ਨਗਰਾਂ/ ਉਪਨਗਰਾਂ ਵਿਚ ਠਹਿਰੇ ਅਤੇ ਧਰਮ ਪ੍ਰਤਿ ਦ੍ਰਿੜ੍ਹਤਾ ਦਾ ਪ੍ਰਚਾਰ ਕਰਦੇ ਰਹੇ । ਦਿੱਲੀ ਪਹੁੰਚਣ ਤੋਂ ਪਹਿਲਾਂ ਆਪ ਨੂੰ ਆਗਰੇ ਵਿਚ ਬੰਦੀ ਬਣਾ ਲਿਆ ਗਿਆ । ਬਾਦਸ਼ਾਹ ਵਲੋਂ ਮੁਸਲਮਾਨ ਬਣਨ ਦੀ ਹਰ ਪ੍ਰਕਾਰ ਦੀ ਪੇਸ਼ਕਸ਼ ਨੂੰ ਆਪ ਨੇ ਠੁਕਰਾ ਦਿੱਤਾ । ਬਾਦਸ਼ਾਹ ਨੇ ਆਪ ਨੂੰ 11 ਨਵੰਬਰ 1675 ਈ. (ਮਘਰ ਸੁਦੀ 5, 1732 ਬਿ.) ਨੂੰ ਦਿੱਲੀ ਵਿਚ ਕੋਤਵਾਲੀ ਦੇ ਨੇੜੇ ਗੁਰਦੁਆਰਾ ਸੀਸਗੰਜ ਵਾਲੇ ਸਥਾਨ ਉਤੇ ਸ਼ਹੀਦ ਕਰ ਦਿੱਤਾ ।

   ਭਾਈ ਲੱਖੀ ਸ਼ਾਹ ਨੇ  ਆਪਣੇ ਤਿੰਨ ਪੁਤਰਾਂ ਨਿਗਾਹੀਆ ,ਹੇਮਾ,ਹਾੜ੍ਹੀ ਤੇ ਚੌਥੇ ਸਿੱਖ ਭਾਈ ਧੂਮਾ ਦੀ ਮਦਦ ਨਾਲ ਗੁਰੂ ਤੇਗ  ਬਹਾਦਰ ਸਾਹਿਬ ਜੀ ਦੇ ਧੜ੍ਹ ਨੂੰ ਆਪਣੇ ਰੂੰ ਵਾਲੇ ਗੱਡੇ ਵਿਚ ਲੁਕਾ ਕੇ ਆਪਣੇ ਘਰ ਪਿੰਡ ਰਾੲਨਸੀਨਾ ਲੈ ਆਦਾ ਤੇ ਘਰ ਨੂੰ ਅੱਗ ਲਾ ਕੇ ਸਸਕਾਰ ਕਰ ਦਿੱਤਾ ।ਇਸ ਸਥਾਨ ਉਤੇ  ਹੁਣ ਗੁਰਦੁਆਰਾ ਰਕਾਬਗੰਜ (ਨਵੀਂ ਦਿੱਲੀ) ਬਣਿਆ ਹੋਇਆ ਹੈ ।

 ਆਪ ਦੇ ਸੀਸ ਨੂੰ ਚਾਦਰ ਵਿਚ ਲਪੇਟ ਕੇ ਭਾਈ ਜੈਤਾ ਆਨੰਦਪੁਰ ਪਹੁੰਚਿਆ ਜਿਥੇ ਬਾਲਕ ਗੋਬਿੰਦ ਰਾਇ ਨੇ ਬੜੇ ਸਤਿਕਾਰ ਨਾਲ ਉਸ ਦਾ ਸਸਕਾਰ ਕੀਤਾ । ਇਸ ਸਦ-ਉਦਮ ਕਾਰਨ ਇਤਿਹਾਸ ਵਿਚ ਭਾਈ ਜੈਤਾ ਨੂੰ 'ਗੁਰੂ ਕਾ ਬੇਟਾ 'ਅਖਵਾਉਣ ਦਾ ਸਨਮਾਨ ਪ੍ਰਾਪਤ ਹੋਇਆ । 'ਬਚਿਤ੍ਰ ਨਾਟਕ' ਵਿਚ ਆਪ ਦੇ ਮਹਾਂ-ਬਲਿਦਾਨ ਦੀ ਘਟਨਾ ਬਾਰੇ ਲਿਖਿਆ ਹੈ: ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭੁਪੁਰ ਕੀਯਾ ਪਯਾਨ । ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ । ਆਪ ਕੁਲ 10 ਵਰ੍ਹੇ, 7 ਮਹੀਨੇ ਅਤੇ 18 ਦਿਨ ਗੁਰੂ-ਗੱਦੀ ਉਤੇ ਬਿਰਾਜਮਾਨ ਰਹੇ । ਆਪ ਦੀ ਸ਼ਹਾਦਤ ਤੋਂ ਬਾਦ ਆਪ ਦੇ ਸੁਪੁੱਤਰ ਗੋਬਿੰਦ ਰਾਇ ਜੀ ਗੁਰੂ-ਗੱਦੀ ਉਤੇ ਬੈਠੇ, ਜਿਨ੍ਹਾਂ ਨੇ ਕੌਮ ਨੂੰ ਇਕ ਨਵੀਂ ਸੇਧ ਦਿੱਤੀ ।

 ਏਥੇ ਵਰਨਯੋਗ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦ੍ਰਿੜਤਾ ਨੂੰ ਵੇਖਦੇ ਹੋਇ ਸ਼ਹਾਦਤ ਤੋਂ ਇਕ ਦਿਨ ਪਹਿਲਾਂ 10 ਨਵੰਬਰ 1675 ਈ. ਨੂੰ ਆਪ ਜੀ ਦੇ ਤਿੰਨ ਸਿੱਖਾਂ ਨੂੰ ਸਖ਼ਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ।ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਸਾੜ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆ ਦਾਸ ਜੀ ਨੂੰ ਉਬਲਦੀ ਦੇਗ਼ ਵਿਚ ਪਾ ਕੇ ਸ਼ਹੀਦ ਕੀਤਾ ਗਿਆ।ਪਰ ਆਪ ਜੀ ਅਡੋਲ ਰਹੇ।

ਗੁਰੂ ਤੇਗ ਬਹਾਦਰ ਸਾਹਿਬ ਜੀ  ਦੇ ਲਿਖੇ ਹੋਏ 59 ਸ਼ਬਦ ਅਤੇ 57 ਸਲੋਕ ਹਨ। ਸਲੋਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਦਰਜ ਹਨ । ਸ਼ਬਦ 15 ਰਾਗਾਂ ਵਿੱਚ ਹਨ ।ਗਉੜੀ ਰਾਗ ਵਿਚ 9,ਤਿਲੰਗ  3, ਆਸਾ 1,ਬਿਲਾਵਲ 3,ਦੇਵਗੰਧਾਰੀ 3, ਬਿਹਾਗੜਾ 1,ਮਾਰੂ 3,ਸੋਰਠ 12, ਬਸੰਤ 5,ਧਨਾਸਰੀ4 ,ਸਾਰੰਗ 4, ਰਾਮਕਲੀ 3, ਜੈਤਸਰੀ 3, ਜੈਜਾਵੰਤੀ 4, ਟੋਡੀ 1 ਜੋੜ =59 ।ਇੱਥੇ ਵਰਨਣਯੋਗ ਹੈ ਕਿ ਜੈਜਾਵੰਤੀ ਰਾਗ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤਿਆ ਹੈ।

ਗੁਰੂ ਤੇਗ ਬਹਾਦਰ ਨਾਲ ਸਬੰਧਿਤ ਗੁਰਦੁਆਰੇ: ਗੁਰੂ ਜੀ ਦੇ  ਕੁਝ ਪ੍ਰਸਿੱਧ ਗੁਰਦੁਆਰੇ ਇਸ ਪ੍ਰਕਾਰ ਹਨ:1ਜਨਮ ਅਸਥਾਨ – ‘ਗੁਰੂ ਕਾ ਮਹਲ’ ਅੰਮ੍ਰਿਤਸਰ (ਸੰਨ 1621) 2.ਬਾਬਾ ਬਕਾਲਾ ਜ਼ਿਲਾ ਅੰਮ੍ਰਿਤਸਰ – ਪ੍ਰਗਟ ਹੋਏ (ਸੰਨ 1664) 3 ਥੜ੍ਹਾ ਸਾਹਿਬ ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਦੇ ਨਾਲ ਜਿੱਥੇ ਸੰਨ 1664 ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਇਥੇ ਠਹਿਰੇ ਸਨ 4 ਦਮਦਮਾ ਸਾਹਿਬ (ਮਾਲ ਮੰਡੀ ਅੰਮ੍ਰਿਤਸਰ), ਵੱਲਾ ਪਿੰਡ ਜਾਣ ਸਮੇਂ ਏਥੇ ਕੁਝ ਸਮਾਂ ਠਹਿਰੇ 5 ਕੋਠਾ ਸਾਹਿਬ (ਪਿੰਡ ਵੱਲਾ, ਜ਼ਿਲ੍ਹਾ ਅੰਮ੍ਰਿਤਸਰ)।

ਅੰਮ੍ਰਿਤਸਰ ਤੋਂ ਵਾਪਸੀ ‘ਤੇ ਇਸ ਪਿੰਡ ਟਿਕੇ ਸਨ 6 ਘੁਕਵਾਲੀ ਜਿਸ ਨੂੰ ਅਜਕਲ ਗੁਰੂ ਕਾ ਬਾਗ ਕਿਹਾ ਜਾਂਦਾ ਹੈ 7 ਕਰਤਾਰਪੁਰ-ਕੀਰਤਪੁਰ ਨੂੰ ਜਾਂਦੇ ਹੋਇ ਏਥੇ ਠਹਿਰੇ 8 ਅਨੰਦਪੁਰ ਸਾਹਿਬ ਵਿੱਚ ਗੁਰਦੁਆਰੇ :- ਗੁਰਦੁਆਰਾ ਗੁਰੂ ਕੇ ਮਹਿਲ, ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਸੀਸ ਗੰਜ, ਗੁਰਦੁਆਰਾ ਅਕਾਲ ਬੁੰਗਾ 9. ਗੁਰਦੁਆਰਾ ਮਾਈ ਥਾਨ (ਆਗਰਾ) 10 ਗੁਰਦੁਆਰਾ ਵੱਡੀ ਸੰਗਤ (ਸਸਰਾਮ ਬੰਗਾਲ)11 ਗੁਰਦੁਆਰਾ ਬੜੀ ਸੰਗਤਿ  (ਕਟੜਾ ਰੇਸ਼ਮ, ਬਨਾਰਸ) 12 ਕਰ੍ਹਾ ਜ਼ਿਲ੍ਹਾ ਉਤਰਪ੍ਰਦੇਸ਼ 13 ਗੁਰਦੁਆਰਾ ਸੀਸ ਗੰਜ ਦਿੱਲੀ 14 ਰਕਾਬ ਗੰਜ ਦਿੱਲੀ।

ਗੁਰੂ ਤੇਗ ਬਹਾਦਰ ਸਾਹਿਬ ਤੇ ਭਾਰਤ ਤੋਂ ਇਲਾਵਾ ਪਾਕਿਸਤਾਨ ਤੇ  ਹੋਰਨਾਂ ਮੁਲਕਾਂ ਵਿਚਲੇ ਗੁਰੂਧਾਮਾਂ  ਜਾਣਕਾਰੀ ਲੈਣ ਲਈ  ਵੇਖੋ : ਗੁਰਦੁਆਰਾ ਕੋਸ਼,ਸੰਪਾਦਕ ਡਾ. ਜਸਬੀਰ ਸਿੰਘ ਸਰਨਾ, ਦਿਲਜੀਤ ਸਿੰਘ ਬੇਦੀ, ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, 2016

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement