
Panthak News: ਗੁਰਦੁਆਰਾ ਸੀਸਗੰਜ ਆਨੰਦਪੁਰ ਸਾਹਿਬ ਦੀ ਪੁਰਾਤਨ ਦਿੱਖ ਨੂੰ ਕਾਰ ਸੇਵਾ ਦੇ ਨਾਮ ਰਾਹੀਂ ਖ਼ਤਮ ਕਰਨ ਦੀ ਸਾਜ਼ਿਸ਼ : ਸਿਮਰਨਜੀਤ ਮਾਨ
Panthak News: ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈੱਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਤਰਨਤਾਰਨ ਸਾਹਿਬ ਦੀ ਪੁਰਾਣੀ ਦਰਸ਼ਨੀ ਡਿਊੜ੍ਹੀ, ਗੁਰਦੁਆਰਾ ਭੋਰਾ ਸਾਹਿਬ ਦੀ ਪੁਰਾਤਨ ਇਤਿਹਾਸਕ ਦਿੱਖ ਅਤੇ ਵਿਰਸੇ ਨੂੰ ਖ਼ਤਮ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਨੌਵੇ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕਰਨ ਵਾਲੇ ਇਤਿਹਾਸਕ ਸਥਾਨ ਸੀਸਗੰਜ ਸਾਹਿਬ ਦੀਆਂ ਅੰਦਰਲੀਆਂ ਪੁਰਾਤਨ ਦੀਵਾਰਾਂ ਉਤੇ ਹੋਈ ਮੀਨਾਕਾਰੀ ਨੂੰ ਖ਼ਤਮ ਕਰਨ ਦੀ ਕਾਰ ਸੇਵਾ ਦੇ ਬਾਬਿਆਂ ਰਾਹੀ ਤਿਆਰੀ ਕਰ ਰਹੀ ਹੈ ਜੋ ਕਿ ਸਿੱਖ ਕੌਮ ਲਈ ਬਰਦਾਸ਼ਤ ਕਰਨਯੋਗ ਨਹੀਂ ਕਿਉਂਕਿ ਹਿੰਦੂਤਵ ਕੱਟੜਵਾਦੀ ਹੁਕਮਰਾਨ ਸਿੱਖੀ ਭੇਖ ਵਿਚ ਅਪਣੇ ਬੈਠੇ ਸਮਰਥਕਾਂ ਅਤੇ ਸਾਡੀਆ ਸੰਸਥਾਵਾਂ ਦੀ ਦੁਰਵਰਤੋਂ ਇਕ-ਇਕ ਕਰ ਕੇ ਸਾਡੀਆਂ ਇਤਿਹਾਸਕ ਇਮਾਰਤਾਂ, ਵਿਰਸੇ-ਵਿਰਾਸਤ ਨੂੰ ਪੂਰਨ ਰੂਪ ਵਿਚ ਖ਼ਤਮ ਕਰਨ ’ਤੇ ਉਤਾਰੂ ਹੋਈ ਪਈ ਹੈ।
ਜਿਸ ਨੂੰ ਦ੍ਰਿੜਤਾ ਨਾਲ ਸਾਡੀਆਂ ਸਿੱਖ ਸੰਸਥਾਵਾਂ ਅਤੇ ਸੁਹਿਰਦ ਲੀਡਰਸ਼ਿਪ ਵਲੋਂ ਸਮੂਹਿਕ ਤੌਰ ’ਤੇ ਆਵਾਜ਼ ਉਠਾਂਉਦੇ ਹੋਏ ਇਸ ਦੁੱਖਦਾਇਕ ਵਰਤਾਰੇ ਨੂੰ ਹਰ ਕੀਮਤ ਤੇ ਬੰਦ ਕਰਨਾ ਪਵੇਗਾ।”ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਜਿੰਨੀਆਂ ਵੀ ਸਾਡੀਆਂ ਇਤਿਹਾਸਕ ਇਮਾਰਤਾਂ, ਯਾਦਗਾਰਾਂ, ਵਿਰਾਸਤਾਂ ਹਨ, ਉਨ੍ਹਾਂ ਦਾ ਨਵੀਨੀਕਰਨ ਕਰਨ ਸਮੇ ਜਾਂ ਉਨ੍ਹਾਂ ਦੀ ਸੁੰਦਰਤਾ ਵਿਚ ਵਾਧਾ ਕਰਨ ਸਮੇਂ ਪੁਰਾਤਨ ਇਤਿਹਾਸਿਕ ਦਿੱਖ ਨੂੰ ਸਥਾਈ ਤੌਰ ’ਤੇ ਕਾਇਮ ਰੱਖਣ ਲਈ ਖਾਲਸਾ ਪੰਥ ਵਿਚੋ ਇਤਿਹਾਸ ਨਾਲ ਸਬੰਧਤ ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ ਇਕ ਕਮੇਟੀ ਦਾ ਗਠਨ ਹੋਣਾ ਚਾਹੀਦਾ ਹੈ।
ਜਦੋ ਵੀ ਅਜਿਹੀ ਕਾਰ ਸੇਵਾ ਰਾਹੀ ਨਵੀਨੀਕਰਨ ਕਿਸੇ ਸਥਾਨ ਦੀ ਹੋਵੇ ਤਾਂ ਇਸ ਕਮੇਟੀ ਦੀ ਹਾਜ਼ਰੀ ਵਿਚ ਅਤੇ ਉਨ੍ਹਾਂ ਦੀ ਰਾਏ ਮਸ਼ਵਰੇ ਤੋਂ ਬਗ਼ੈਰ ਕਿਸੇ ਵੀ ਯਾਦਗਰ ਤੇ ਇਤਿਹਾਸ ਨੂੰ ਖ਼ਤਮ ਕਰਨ ਤੋ ਬਚਾਉਣ ਦੇ ਫਰਜ ਨਿਭਾਉਣੇ ਅਤਿ ਜ਼ਰੂਰੀ ਹਨ। ਉਨ੍ਹਾਂ ਸਿੱਖ ਕੌਮ ਨੂੰ ਇਸ ਗੰਭੀਰ ਵਿਸ਼ੇ ਉਤੇ ਫੌਰੀ ਇਕੱਤਰ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆ ਅਤੇ ਕਾਰ ਸੇਵਾ ਵਾਲੇ ਬਾਬਿਆ ਦੇ ਇਸ ਅਮਲ ਨੂੰ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀ ਸੁੰਦਰੀਕਰਨ ਅਤੇ ਨਵੀਨਕਰਨ ਦੇ ਵਿਰੁਧ ਨਹੀ ਪਰ ਅਜਿਹਾ ਕਰਦੇ ਹੋਏ ਸਿੱਖ ਕੌਮ ਦੇ ਮਹਾਨ ਵਿਰਸੇ ਅਤੇ ਵਿਰਾਸਤ ਦੀਆਂ ਯਾਦਗਰਾਂ ਨੂੰ ਰੱਤੀਭਰ ਵੀ ਕੋਈ ਨੁਕਸਾਨ ਨਹੀ ਹੋਣਾ ਚਾਹੀਦਾ।