
ਮਨਜੀਤ ਸਿੰਘ ਜੀ ਕੇ 'ਤੇ ਐਫ਼ਆਈਆਰ ਦਰਜ ਕਰਵਾਉਣ ਲਈ ਅਦਾਲਤ ਵਿਚ ਜਾਵਾਂਗਾ : ਸ਼ੰਟੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨਿਤ ਨਵੇਂ ਵਿਵਾਦਾਂ ਵਿਚ ਫਸਦੀ ਜਾ ਰਹੀ ਹੈ। ਬੀਤੇ ਦਿਨੀਂ ਦਿੱਲੀ ਕਮੇਟੀ ਦੇ ਹੀ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਸ੍ਰ.ਗੁਰਮੀਤ ਸਿੰਘ ਸ਼ੰਟੀ ਨੇ ਕੁੱਝ ਕਾਗ਼ਜ਼ਾਤਾਂ ਦੇ ਆਧਾਰ 'ਤੇ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. 'ਤੇ ਸਨਸਨੀਖੇਜ ਦੋਸ਼ ਲਾਏ ਸਨ। ਮੁੜ ਸ.ਸ਼ੰਟੀ ਨੇ ਐਲਾਨ ਕੀਤਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਮਨਜੀਤ ਸਿੰਘ ਜੀ.ਕੇ. ਵਿਰੁਧ ਐਫ਼ਆਈਆਰ ਦਰਜ ਕਰਵਾਉਣ ਲਈ ਅਦਾਲਤ ਦਾ ਬੂਹਾ ਖੜਕਾਉਣਗੇ। ਸ.ਜੀ.ਕੇ. ਸਣੇ ਸ਼ੰਟੀ ਵਲੋਂ ਜਨਰਲ ਮੈਨੇਜਰ ਸ.ਹਰਜੀਤ ਸਿੰਘ ਸੂਬੇਦਾਰ 'ਤੇ ਵੀ ਉਨ੍ਹਾਂ ਭ੍ਰਿਸ਼ਟਾਚਾਰ ਬਾਰੇ ਕਈ ਪ੍ਰਗਟਾਵੇ ਕੀਤੇ।
ਪ੍ਰਗਟਾਵਿਆਂ ਪਿਛੋਂ ਸਨਿਚਰਵਾਰ ਰਾਤ ਨੂੰ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਵਲੋਂ ਜਨਰਲ ਮੈਨੇਜਰ ਸ.ਹਰਜੀਤ ਸਿੰਘ ਸੂਬੇਦਾਰ ਨੂੰ ਮੁਅੱਤਲ ਕਰ ਕੇ, ਇਕ ਪੜਤਾਲੀਆ ਕਮੇਟੀ ਬਣਾ ਦਿਤੀ ਗਈ ਹੈ। ਸ਼ੰਟੀ ਨੇ ਕਿਹਾ,“ਆਪਣੀ ਚਮੜੀ ਬਚਾਉਣ ਲਈ ਮਨਜੀਤ ਸਿੰਘ ਜੀ ਕੇ ਨੇ ਸਿਰਫ਼ ਜਨਰਲ ਮੈਨੇਜਰ ਨੂੰ ਮੁਅੱਤਲ ਕੀਤਾ ਹੈ। ਪਹਿਲਾਂ ਜਦ ਔਰਤਾਂ ਨਾਲ ਛੇੜਛਾੜ ਦੇ ਦੋਸ਼ਾਂ ਵਿਚ ਜਨਰਲ ਮੈਨੇਜਰ ਘਿਰਿਆ ਸੀ, ਉਦੋਂ ਕਿਉਂ ਨਹੀਂ ਉਸ ਨੂੰ ਮੁਅੱਤਲ ਕੀਤਾ ਗਿਆ?” ਇਥੋਂ ਦੇ ਪ੍ਰੈੱਸ ਕਲੱਬ ਆਫ਼ ਇੰਡੀਆ ਵਿਖੇ ਬੀਤੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਸ਼ੰਟੀ ਨੇ ਦਸਿਆ ਸੀ
ਕਿ ਉਹ ਹੁਣ ਤਕ ਪ੍ਰਧਾਨ ਮੰਤਰੀ ਦਫ਼ਤਰ, ਇਨਫ਼ੋਰਸਮੈਂਟ ਡਾਇਰੈਕਟੋਰੇਟ, ਉਪ ਰਾਜਪਾਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਗੁਰਦਵਾਰਾ ਚੋਣ ਡਾਇਰੈਕਟੋਰੇਟ, ਦਿੱਲੀ ਦੇ ਪੁਲਿਸ ਕਮਿਸ਼ਨਰ ਤੇ ਹੋਰ ਅਹਿਮ ਸੰਵਿਧਾਨਕ ਅਦਾਰਿਆਂ ਨੂੰ ਸਬੂਤਾਂ ਸਣੇ ਲਿਖਤੀ ਸ਼ਿਕਾਇਤ ਦੇ ਕੇ, ਮੰਗ ਕੀਤੀ ਹੈ ਕਿ ਵਿਦੇਸ਼ੀ ਚੰਦੇ ਦੇ 51 ਲੱਖ ਰੁਪਏ ਨੂੰ ਖੁਰਦ-ਬੁਰਦ ਕਰਨ, ਕਿਤਾਬਾਂ ਦੀ ਛਪਾਈ ਵਿਚ 25 ਲੱਖ ਤੋਂ ਵੱਧ ਦੀ ਰਕਮ ਦੇ ਘਪਲੇ ਤੇ ਆਪਣੇ ਪਰਵਾਰਕ ਮੈਂਬਰਾਂ ਦੀ ਬੰਦ ਹੋ ਚੁਕੀ ਕੰਪਨੀ ਤੋਂ ਲੱਖਾਂ ਰੁਪਏ ਦੀਆਂ ਚੀਜ਼ਾਂ ਖ਼ਰੀਦਣ ਬਾਰੇ ਜੀ.ਕੇ.ਵਿਰੁਧ ਪੜਤਾਤ ਕੀਤੀ ਜਾਵੇ।
ਇਸ ਵਿਚ ਉਨਾਂ੍ਹ ਕਮੇਟੀ ਦੇ ਜਨਰਲ ਮੈਨੇਜਰ ਸ.ਹਰਜੀਤ ਸਿੰਘ ਸੂਬੇਦਾਰ ਦੇ ਵੀ ਸ਼ਾਮਲ ਹੋਣ ਦੀ ਗੱਲ ਕਹੀ। ਸ.ਸ਼ੰਟੀ ਨੇ ਕਿਹਾ ਕਿ ਜਿਹੜੀ ਕੰਪਨੀ ਨੂੰ ਭਾਰਤ ਸਰਕਾਰ ਬੰਦ ਹੋਇਆ ਐਲਾਨ ਚੁਕੀ ਹੈ, ਉਸ ਕੋਲੋਂ ਜੀ ਕੇ, ਨੇ ਖ਼ਰੀਦਦਾਰੀ ਕਿਉਂ ਕੀਤੀ, ਕਿਉਂਕਿ ਉਹ ਉਨ੍ਹਾਂ ਦੀ ਧੀ ਤੇ ਜਵਾਈ ਦੀ ਕੰਪਨੀ ਹੈ। ਉਨ੍ਹਾਂ ਇਕ ਆਡੀਉ ਕਲਿੱਪ ਜਾਰੀ ਕਰ ਕੇ, ਦਾਅਵਾ ਕੀਤਾ ਕਿ ਜਿਹੜੀਆਂ ਕਿਤਾਬਾਂ ਛਪਵਾਈਆਂ ਹੀ ਨਹੀਂ, ਉਨ੍ਹਾਂ ਦੇ ਕਮੇਟੀ ਨੇ 25 ਲੱਖ ਰੁਪਏ ਦੇ ਫ਼ਰਜ਼ੀ ਬਿੱਲ ਤਿਆਰ ਕਰਵਾਏ ਤੇ ਪਬਲਿਸ਼ਰ ਜੋਗਿੰਦਰ ਸਿੰਘ ਖ਼ੁਦ ਮੰਨ ਰਿਹਾ ਹੈ।
ਸ.ਸੰਟੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ ਵੀ ਚਿੱਠੀ ਲਿਖ ਕੇ, ਕਮੇਟੀ ਦੀ ਦਿੱਲੀ ਦੇ ਸਿੱਖਾਂ ਵਿਚ ਹੋ ਰਹੀ ਜੱਗ ਹਸਾਈ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਕਾਰਵਾਈ ਦੀ ਮੰਗ ਕੀਤੀ ਹੈ। ਸ. ਸ਼ੰਟੀ ਦੇ ਦੋਸ਼ਾਂ ਬਾਰੇ ਜਦੋਂ 'ਸਪੋਕਸਮੈਨ' ਵਲੋਂ ਸ.ਮਨਜੀਤ ਸਿੰਘ ਜੀ.ਕੇ. ਨਾਲ ਫ਼ੋਨ 'ਤੇ ਗੱਲਬਾਤ ਕੀਤੀ ਗਈ ਤਾਂ ਸ.ਜੀ.ਕੇ. ਨੇ ਸਪਸ਼ਟ ਕੀਤਾ ਕਿ ਜੋ ਵੀ ਦੋਸ਼ ਸ.ਸ਼ੰਟੀ ਲਾ ਰਹੇ ਹਨ, ਉਨ੍ਹਾਂ ਬਾਰੇ ਪਹਿਲਾਂ ਹੀ ਕਮੇਟੀ ਨੇ ਪੁਲਿਸ ਵਿਚ ਸ਼ਿਕਾਇਤ ਦਿਤੀ ਹੋਈ ਹੈ, ਜੋ ਵੀ ਦੋਸ਼ੀ ਸਾਬਤ ਹੋਇਆ, ਕਾਰਵਾਈ ਹੋਵੇਗੀ।