
ਇਸ ਨਾਲ ਸਮੂਹ ਖਾਲਸਾ ਪੰਥ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੈ ਕਿਉਂਕਿ ਦਸਤਾਰ ਸਿੱਖ ਦੇ ਸਿਰ ਦਾ ਤਾਜ਼ ਹੈ, ਇਸ ਦੇ ਮਾਨ ਸਤਿਕਾਰ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ
ਅੰਮ੍ਰਿਤਸਰ, 28 ਮਾਰਚ (ਸੁਖਵਿੰਦਰਜੀਤ ਸਿੰਘ) ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੋਲਦਿਆਂ ਕਿਹਾ ਕੇ ਇੰਗਲੈਂਡ ਵਿਖੇ ਸ੍ਰ: ਤਮਨਜੀਤ ਸਿੰਘ ਢੇਸੀ ਦੇ ਉਦਮ ਸਦਕਾ ਜੋ ਦਸਤਾਰ ਦਿਹਾੜਾ ਇੰਗਲੈਂਡ ਦੀ ਸੰਸਦ ਵਿੱਚ ਮਨਾਇਆ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਸਮੂਹ ਖਾਲਸਾ ਪੰਥ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੈ ਕਿਉਂਕਿ ਦਸਤਾਰ ਸਿੱਖ ਦੇ ਸਿਰ ਦਾ ਤਾਜ਼ ਹੈ, ਇਸ ਦੇ ਮਾਨ ਸਤਿਕਾਰ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ। ਦਸਤਾਰ ਦੇ ਨਾਲ ਸਿੱਖਾਂ ਦੀ ਪਹਿਚਾਣ ਵੀ ਸਪੱਸ਼ਟ ਹੁੰਦੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਸਰਬੱਤ ਦਾ ਭਲਾ ਮੰਗਦੀ ਹੈ। ਇੰਗਲੈਂਡ ਦੀ ਸੰਸਦ ਦੇ ਇਸ ਉਪਰਾਲੇ ਤੋਂ ਸਾਡੀਆਂ ਸਰਕਾਰਾਂ ਅਤੇ ਜਥੇਬੰਦੀਆਂ ਨੂੰ ਵੀ ਪ੍ਰੇਰਨਾਂ ਲੈਣੀ ਚਾਹੀਦੀ ਹੈ ਕਿ ਦਸਤਾਰ ਅਤੇ ਦੁਪੱਟੇ ਦਾ ਸਤਿਕਾਰ ਹਮੇਸ਼ਾ ਕਾਇਮ ਰੱਖਿਆ ਜਾਵੇ।