
ਭਾਈ ਮਾਝੀ ਨੇ ਫ਼ਰੀਦਕੋਟ ਲੋਕ ਸਭਾ ਹਲਕਾ ਦੇ ਸਮੂਹ ਵੋਟਰਾਂ ਨੂੰ ਦਸਿਆ ਕਿ ਇਕ ਪਾਸੇ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਵਾਲੇ ਅਤੇ ਦੂਜੇ ਪਾਸੇ ਹਮਲਾ ਕਰਵਾਉਣ ਵਾਲੇ ਹਨ
Panthak News: ਕੋਟਕਪੂਰਾ : ਐਸ.ਐਸ.ਪੀ. ਹੁੰਦਿਆਂ ਬੇਕਸੂਰ ਸਿੱਖ ਨੌਜਵਾਨਾਂ ’ਤੇ ਕਹਿਰ ਢਾਹੁਣ ਵਾਲੇ ਸੁਮੇਧ ਸੈਣੀ ਨਾਲ ਬੀਬੀ ਬਿਮਲ ਕੌਰ ਖ਼ਾਲਸਾ ਮੈਂਬਰ ਪਾਰਲੀਮੈਂਟ ਦੀ ਸਮਰਾਲਾ ਵਿਖੇ ਕਾਫ਼ੀ ਤਲਖ਼ੀ ਹੋਈ ਸੀ। ਬੀਬੀ ਬਿਮਲ ਕੌਰ ਖ਼ਾਲਸਾ ਦਾ ਇਕ ਗੰਨਮੈਨ ਜੋ ਕਿ ਪਿੰਡ ਖ਼ਾਨਪੁਰ ਜ਼ਿਲ੍ਹਾ ਰੋਪੜ ਦਾ ਰਹਿਣ ਵਾਲਾ ਸੀ, ਵੀ ਲਾਪਤਾ ਹੋ ਗਿਆ ਸੀ ਜਿਸ ਗੰਨਮੈਨ ਦਾ ਜ਼ਿਕਰ ਕਰਦੀ ਹੋਈ ਬੀਬੀ ਬਿਮਲ ਕੌਰ ਖ਼ਾਲਸਾ ਦੀ ਵੀਡੀਉ ਅੱਜ ਵੀ ਮੌਜੂਦ ਹੈ ਜਿਸ ਵਿਚ ਉਹ ਜ਼ਿਕਰ ਕਰਦੀ ਹੈ ਕਿ ਜੇਕਰ ਇਕ ਮੈਂਬਰ ਪਾਰਲੀਮੈਂਟ ਦੇ ਬਾਡੀਗਾਰਡ ਦੀ ਲਾਸ਼ ਨੂੰ ਖ਼ੁਰਦ-ਬੁਰਦ ਕੀਤਾ ਜਾ ਸਕਦਾ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ।
ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ‘ਦਰਬਾਰ-ਏ-ਖ਼ਾਲਸਾ’ ਨੇ ਇਹ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਸੁਮੇਧ ਸੈਣੀ ਨੂੰ ਬਾਦਲ ਸਰਕਾਰ ਮੌਕੇ ਡੀ.ਜੀ.ਪੀ. ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸੁਮੇਧ ਸੈਣੀ ਨਾਲ ਯਾਰੀ ਨਿਭਾਉਣ ਲਈ ਬੀਬੀ ਬਿਮਲ ਕੌਰ ਖ਼ਾਲਸਾ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਵਿਰੁਧ ਫ਼ਰੀਦਕੋਟ ਤੋਂ ਅਪਣਾ ਉਮੀਦਵਾਰ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ 2 ਸਤੰਬਰ 1991 ਨੂੰ ਬੀਬੀ ਬਿਮਲ ਕੌਰ ਖ਼ਾਲਸਾ ਦੀ ਕਰੰਟ ਲੱਗਣ ਕਾਰਨ ਜਾਂ ਦਿਲ ਦਾ ਦੌਰਾ ਪੈਣ ਕਾਰਨ ਦਸੀ ਗਈ ਮੌਤ ਤੋਂ ਬਾਅਦ ਉਨ੍ਹਾਂ ਦੇ ਜੇਠ ਸ਼ਮਸ਼ੇਰ ਸਿੰਘ ਵਲੋਂ ਪੋਸਟਮਾਰਟਮ ਕਰਵਾਉਣ ਦੀ ਕੀਤੀ ਗਈ ਮੰਗ ਨੂੰ ਨਾ ਮੰਨਣਾ ਕਾਫ਼ੀ ਸ਼ੰਕੇ ਖੜੇ ਕਰਦਾ ਹੈ।
ਭਾਈ ਮਾਝੀ ਨੇ ਫ਼ਰੀਦਕੋਟ ਲੋਕ ਸਭਾ ਹਲਕਾ ਦੇ ਸਮੂਹ ਵੋਟਰਾਂ ਨੂੰ ਦਸਿਆ ਕਿ ਇਕ ਪਾਸੇ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਵਾਲੇ ਅਤੇ ਦੂਜੇ ਪਾਸੇ ਹਮਲਾ ਕਰਵਾਉਣ ਵਾਲੇ ਹਨ, ਤੀਜੇ ਪਾਸੇ ਅਖੌਤੀ ਪੰਥਕ ਅਤੇ ਅਜੋਕੇ ਡੋਗਰੇ ਹਨ, ਚੌਥੇ ਪਾਸੇ ਸ਼ਹੀਦ ਬੇਅੰਤ ਸਿੰਘ ਅਤੇ ਬੀਬੀ ਬਿਮਲ ਕੌਰ ਖ਼ਾਲਸਾ ਦਾ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਹੈ, ਇਸ ਲਈ ਸਾਨੂੰ ਰਾਜਨੀਤਕ ਵਖਰੇਵਿਆਂ ਤੋਂ ਉਪਰ ਉਠ ਕੇ ਭਾਈ ਖ਼ਾਲਸਾ ਦੇ ਪ੍ਰਵਾਰ ਦੀਆਂ ਕੁਰਬਾਨੀਆਂ ਦਾ ਧਿਆਨ ਧਰਦਿਆਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ।