ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ
Published : May 29, 2025, 4:16 pm IST
Updated : May 29, 2025, 4:16 pm IST
SHARE ARTICLE
Sri Guru Arjan Dev Ji
Sri Guru Arjan Dev Ji

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਹੋਏ ਹਨ।

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਹੋਏ ਹਨ। ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਤੀਜੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ (ਪੰਜਾਬ) ਵਿਖੇ 1563 ਈਸਵੀ ਨੂੰ ਹੋਇਆ। ਉਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। 1574 ਵਿਚ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਗੁਰੂ ਰਾਮ ਦਾਸ ਜੀ ਨੂੰ ਸਿੱਖਾਂ ਦੇ ਚੌਥੇ ਗੁਰੂ ਥਾਪਿਆ ਗਿਆ।

ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਰਾਮ ਦਾਸ ਜੀ ਅਪਣੇ ਪੁੱਤਰਾਂ ਸਮੇਤ ਗੁਰੂ ਕਾ ਚੱਕ (ਅੰਮ੍ਰਿਤਸਰ) ਵਿਖੇ ਆ ਗਏ। ਉਥੇ ਜਾ ਕੇ ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਸ਼ੁਰੂ ਕੀਤੀ ਗਈ ਸੰਤੋਖਸਰ ਦੀ ਸੇਵਾ ਆਰੰਭ ਕੀਤੀ। ਉਸ ਤੋਂ ਬਾਅਦ ਸੰਨ 1577 ਵਿਚ ਗੁਰੂ ਰਾਮਦਾਸ ਜੀ ਨੇ ਦੁਖਭੰਜਨੀ ਬੇਰੀ ਵਾਲੀ ਥਾਂ ਸਰੋਵਰ ਦੀ ਖੁਦਾਈ ਆਰੰਭ ਕੀਤੀ ਅਤੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ। 

ਮੁੱਢਲਾ ਜੀਵਨ

ਗੁਰੂ ਅਰਜਨ ਦੇਵ ਜੀ ਨੇ ਬਚਪਨ ਦੇ ਮੁੱਢਲੇ 11 ਸਾਲ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਹੇਠ ਗੁਜ਼ਾਰੇ। ਉਹਨਾਂ ਨੇ ਬਚਪਨ ਵਿਚ ਹੀ ਅਪਣੇ ਨਾਨਾ ਗੁਰੂ ਅਮਰਦਾਸ ਜੀ ਕੋਲੋਂ ਗੁਰਮੁਖੀ ਵਿਚ ਮੁਹਾਰਤ ਹਾਸਿਲ ਕੀਤੀ। ਬਚਪਨ ਵਿਚ ਹੀ ਗੁਰੂ ਅਰਜਨ ਦੇਵ ਜੀ ਨੂੰ ਗੁਰਮੁਖੀ, ਦੇਵਨਾਗਰੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਹੋ ਗਿਆ।

ਮਾਤਾ ਗੰਗਾ ਜੀ ਨਾਲ ਵਿਆਹ

23 ਹਾੜ ਸੰਮਤ 1636 ਵਿਚ ਗੁਰੂ ਅਰਜਨ ਦੇਵ ਜੀ ਦਾ ਵਿਆਹ ਫਿਲੌਰ ਤਹਿਸੀਲ ਦੇ ਵਸਨੀਕ ਸ੍ਰੀ ਕਿਸ਼ਨ ਚੰਦ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ। ਵਿਆਹ ਸਮੇਂ ਉਹਨਾਂ ਦੀ ਉਮਰ ਲਗਭਗ 16 ਸਾਲ ਸੀ। 21 ਹਾੜ ਸੰਮਤ 1652 ਨੂੰ ਮਾਤਾ ਗੰਗਾ ਜੀ ਦੀ ਕੁੱਖੋਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ।ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਬਾ ਬੁੱਢਾ ਜੀ ਹੱਥੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਬਥਸ਼ਿਸ਼ ਕੀਤੀ ਗਈ। ਗੁਰਿਆਈ ਮਿਲਣ ਸਮੇਂ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ।

ਹਰਿਮੰਦਰ ਸਾਹਿਬ ਦੀ ਸਥਾਪਨਾ

ਗੁਰਿਆਈ ਮਿਲਣ ਤੋਂ ਬਾਅਦ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਦੇ ਨਾਲ ਨਾਲ ਗੁਰੂ ਰਾਮਦਾਸ ਜੀ ਵੱਲੋਂ ਸ਼ੁਰੂ ਕੀਤੇ ਕਾਰਜਾਂ ਨੂੰ ਸੰਪੂਰਨ ਕਰਨਾ ਸ਼ੁਰੂ ਕੀਤਾ। ਇਹਨਾਂ ਕੰਮਾਂ ਲਈ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਜਥੇਦਾਰ ਥਾਪਿਆ। 3 ਜਨਵਰੀ 1588 ਨੂੰ ਮਾਘੀ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਨੇ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਕੋਲੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। 1593 ਵਿਚ ਗੁਰੂ ਸਾਹਿਬ ਨੇ ਮਾਤਾ ਗੰਗਾ ਜੀ ਦੇ ਨਾਂਅ ‘ਤੇ ਜਲੰਧਰ ਵਿਖੇ ਖੂਹ ਵੀ ਲਗਵਾਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ

ਗੁਰੂ ਸਾਹਿਬ ਨੇ ਅਪਣੇ ਗੁਰਗੱਦੀ ਕਾਲ ਵਿਚ ਸਭ ਤੋਂ ਮਹੱਤਵਪੂਰਨ ਕੰਮ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਹ ਮਹਾਨ ਕਾਰਜ ਗੁਰੂ ਸਾਹਿਬ ਨੇ ਸ੍ਰੀ ਰਾਮਸਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ। ਗੁਰੂ ਸਾਹਿਬ ਨੇ 1601 ਤੋਂ ਲੈ ਕੇ 1604 ਤੱਕ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਜਿਸ ਵਿਚ 36 ਮਹਾਂਪੁਰਸ਼ਾਂ ਦੀ ਬਾਣੀ ਦਰਜ ਕੀਤੀ । 30 ਅਗਸਤ 1604 ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ।
ਗੁਰੂ ਸਾਹਿਬ ਦੀਆਂ ਬਾਣੀਆਂ

ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦੇ ਨਾਲ ਨਾਲ ਕਈ ਬਾਣੀਆਂ ਦੀ ਰਚਨਾ ਵੀ ਕੀਤੀ। ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ, ਜਿਸਦੇ ਕੁਲ 2312 ਸ਼ਬਦ ਬਣਦੇ ਹਨ। ਗੁਰੂ ਸਾਹਿਬ ਦੀਆਂ ਪ੍ਰਮੁੱਖ ਰਚਨਾਵਾਂ ਵਿਚ ਸੁਖਮਨੀ ਸਾਹਿਬ, ਬਾਰਹਮਾਂਹ, ਬਾਵਨ ਅੱਖਰੀ, ਵਾਰਾਂ ਆਦਿ ਸ਼ਾਮਿਲ ਹਨ। ਗੁਰੂ ਅਰਜਨ ਦੇਵ ਜੀ ਦੀ ਬਾਣੀ 30 ਰਾਗਾਂ ਵਿਚ ਦਰਜ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਕਾਰਨ

ਜਹਾਂਗੀਰ ਦੇ ਆਤਮਕਥਾ ‘ਤੁਜਕੇ ਜਹਾਂਗੀਰੀ’ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਜਹਾਂਗੀਰ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਮਨ ਪਹਿਲਾਂ ਤੋਂ ਬਣਾ ਰੱਖਿਆ ਸੀ। ਤੁਜਕੇ ਜਹਾਂਗੀਰੀ ਵਿਚ ਉਹ ਲਿਖਦਾ ਹੈ ਕਿ ਬਿਆਸ ਕੰਢੇ ਗੋਇੰਦਵਾਲ ਵਿਖੇ ਇੱਕ ਅਰਜਨ ਦੇਵ ਨਾਮ ਦਾ ਹਿੰਦੂ ਸੰਤ ਰਹਿੰਦਾ ਹੈ ਜਿਹੜਾ ਭੋਲੇ-ਭਾਲੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਣੇ ਨਾਲ ਰਲਾ ਰਿਹਾ ਹੈ ਮੈਂ ਛੇਤੀ ਹੀ ਉਸ ਦੀ ਇਸ ਦੁਕਾਨਦਾਰੀ ਨੂੰ ਬੰਦ ਕਰਵਾ ਦੇਵਾਂਗਾ। ਆਪਣੇ ਮਨਸੂਬਿਆਂ ਨੂੰ ਅੰਜ਼ਾਮ ਦੇਣ ਲਈ ਜਹਾਂਗੀਰ ਨੇ ਛੋਟੇ-ਛੋਟੇ ਬਹਾਨੇ ਲੱਭਣੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਬਹਾਨਾ, ਲਾਹੌਰ ਦੇ ਦਰਬਾਰੀ ਚੰਦੂ ਵਲੋਂ ਸਿਰਜਿਆ ਗਿਆ।

ਦੱਸਿਆ ਜਾਂਦਾ ਹੈ ਕਿ ਚੰਦੂ ਨੇ ਆਪਣੀ ਬੇਟੀ ਦੇ ਰਿਸ਼ਤੇ ਕੁਝ ਬ੍ਰਹਮਣ ਨਿਯਤ ਕੀਤੇ ਸੀ। ਜਿਹੜੇ ਗੁਰੂ ਅਰਜਨ ਦੇਵ ਜੀ ਦੇ ਹਰ ਗੋਬਿੰਦ ਜੀ ਨੂੰ ਸ਼ਗਨ ਪਾ ਕੇ ਚਲੇ ਗਏ। ਜਦੋਂ ਉਨ੍ਹਾਂ ਇਹ ਖ਼ਬਰ ਲਾਹੌਰ ਦਰਬਾਰ ਵਿਚ ਜਾ ਕੇ ਚੰਦੂ ਨੂੰ ਸੁਣਾਈ ਤਾਂ ਚੰਦੂ ਲੋਹਾ ਲਾਖਾ ਹੋ ਗਿਆ। ਉਸ ਨੇ ਗੁਰੂ ਦਰਬਾਰ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ। ਸੰਗਤ ਨੇ ਇਸ ਸਾਰੀ ਘਟਨਾ ਦਾ ਖ਼ੁਲਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਕਰ ਦਿੱਤਾ ਜਿਸ ਤੋਂ ਬਾਅਦ ਗੁਰੂ ਜੀ ਨੇ ਇਹ ਰਿਸ਼ਤਾ ਠੁਕਰਾ ਦਿਤਾ। 

ਇਸ ਤੋਂ ਅਗਲਾ ਕਾਰਨ, ਆਦਿ ਗ੍ਰੰਥ ਦੀ ਰਚਨਾ ਬਣਿਆ। 1604 ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਵੱਖ-ਵੱਖ ਕਵੀਆਂ ਨੂੰ ਸੱਦਾ ਦਿਤਾ ਕਿ ਉਹ ਅਜਿਹੀਆਂ ਰਚਨਾਵਾਂ ਲਿਆਉਣ ਜਿਨ੍ਹਾਂ ਵਿਚ ਕੇਵਲ ਪ੍ਰੀਤਮ ਪਿਆਰੇ ਪ੍ਰਮਾਤਮਾ ਦੀ ਸਿਫ਼ਤ ਸਲਾਹ ਹੋਵੇ। ਪਰ ਉੱਥੇ ਕਈ ਅਜਿਹੇ ਕਵੀ ਪਹੁੰਚ ਗਏ ਜਿਹੜੇ ਆਪਣੀ ਰਚਨਾ ਵਿਚ ਆਪਣੇ ਆਪੇ ਨੂੰ ਭਾਰੂ ਰੱਖ ਰਹੇ ਸਨ। ਇਨ੍ਹਾਂ ਵਿਚ ਸ਼ਾਹ ਹੁਸੈਨ ਦਾ ਨਾਮ ਵੀ ਆਉਂਦਾ ਹੈ। ਜਿਸ ਨੂੰ ਕਿ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ। 

ਜਦੋਂ ਅਜਿਹੇ ਕਵੀਆਂ ਦੀ ਰਚਨਾ ਨੂੰ ਆਦਿ ਗ੍ਰੰਥ ਵਿਚ ਜਗ੍ਹਾ ਨਾ ਮਿਲੀ ਤਾਂ ਅਜਿਹੇ ਲੋਕਾਂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਇਸਲਾਮ ਦਾ ਰਾਜ ਹੋਵੇ। ਤੇ ਕਿਸੇ ਗ੍ਰੰਥ ਵਿਚ ਮੁਹੰਮਦ ਸਾਬ ਦੀ ਸ਼ਲਾਘਾ ਕੀਤੀ ਨਾ ਮਿਲੇ। ਇਸ ਤੋਂ ਵੀ ਜਹਾਂਗੀਰ ਚਿੜ ਗਿਆ। 

ਤਤਕਾਲੀ ਕਾਰਨ ਇਹ ਰਿਹਾ ਕਿ ਜਹਾਂਗੀਰ ਦੇ ਬੇਟੇ ਖੁਸਰੋ ਨੇਆਪਣੇ ਪਿਤਾ ਖ਼ਿਲਾਫ ਬਗ਼ਾਵਤ ਕਰ ਦਿੱਤੀ। ਜਦੋਂ ਉਹ ਦਿੱਲੀ ਤੋਂ ਕਾਬਲ ਵਲ ਭੱਜਣ ਲੱਗਾ ਤਾਂ ਉਹ ਰਸਤੇ ਵਿਚ ਗੋਇੰਦਵਾਲ ਸਾਹਿਬ ਰੁਕ ਗਿਆ। ਇੱਥੇ ਉਸ ਨੇ ਲੰਗਰ ਪਾਣੀ ਛਕਿਆ ਅਤੇ ਗੁਰੂ ਜੀ ਤੋਂ ਅਸ਼ੀਰਵਾਦ ਲਿਆ। ਕਈ ਇਤਿਹਾਸਕਾਰ ਇਹ ਵੀ ਕਹਿਦੇ ਹਨ ਕਿ ਉਸ ਨੇ ਗੁਰੂ ਜੀ ਤੋਂ ਮਾਲੀ ਮਦਦ ਵੀ ਲਈ।

ਜਦੋਂ ਇਹ ਖ਼ਬਰ ਜਹਾਂਗੀਰ ਨੂੰ ਮਿਲੀ ਤਾਂ ਉਸ ਨੇ ਗੁਰੂ ਜੀ ਨੂੰ ਬੰਦੀ ਬਣਾਉਣ ਦਾ ਹੁਕਮ ਦਿੱਤਾ। ਬੰਦੀ ਬਣਾਉਣ ਤੋਂ ਬਾਅਦ ਰਾਜ ਦਰਬਾਰ ਨੇ ਗੁਰੂ ਜੀ ਅੱਗੇ ਕਈ ਸ਼ਰਤਾਂ ਰੱਖੀਆਂ। ਜਿਨ੍ਹਾਂ ਵਿਚ ਚੰਦੂ ਦੀ ਬੇਟੀ ਦਾ ਰਿਸ਼ਤਾ ਸਵੀਕਾਰ ਕਰਨਾ। ਅਤੇ ਇਸਲਾਮ ਧਾਰਨ ਕਰਨਾ ਪ੍ਰਮੁੱਖ ਸਨ। ਜਦੋਂ ਗੁਰੂ ਜੀ ਨੇ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਨੂੰ ਮੌਤ ਦੀ ਸਜਾ ਦੇਣ ਦਾ ਫਰਮਾਨ ਜਾਰੀ ਕਰ ਦਿੱਤਾ। 

ਉਸ ਸਮੇਂ ਇਹ ਧਾਰਨਾ ਸੀ ਕਿ ਜੇਕਰ ਕਿਸੇ ਮਹਾਪੁਰਸ਼ ਦਾ ਕਤਲ ਕਰਨਾ ਹੋਵੇ ਤਾਂ ਉਸ ਦੇ ਖੂਨ ਦੀ ਇੱਕ ਬੂੰਦ ਵੀ ਧਰਤੀ ਉੱਤੇ ਨਹੀਂ ਡਿੱਗਣੀ ਚਾਹੀਦੀ। ਜਿਸ ਕਾਰਨ ਗੁਰੂ ਜੀ ਨੂੰ ਪਹਿਲਾਂ ਉਬਲਦੀ ਦੇਗ ਵਿਚ ਪਾਇਆ ਗਿਆ ਤੇ ਬਾਅਦ ਵਿਚ ਤੱਤੀ ਤਵੀ ਉੱਤੇ ਬਿਠਾਇਆ ਗਿਆ। ਕਿਸੇ ਸ਼ਾਇਰ ਨੇ ਲਿਖਿਆ ਹੈ-

ਚੰਦੂ ਤੱਤਾ, ਤਵੀ ਤੱਤੀ

ਜਹਾਂਗੀਰ ਤੱਤਾ, ਪਰ ਮੇਰਾ ਪਾਤਸ਼ਾਹ ਬਿਲਕੁਲ ਠੰਢਾ।

ਇਸ ਤਰ੍ਹਾਂ ਗੁਰੂ ਜੀ ਦੀ 1606 ਵਿਚ ਸ਼ਹੀਦੀ ਹੋਈ। ਇਸ ਸ਼ਹੀਦੀ ਨੇ ਸਿੱਖੀ ਦੀਆਂ ਅਜਿਹੀਆਂ ਜੜ੍ਹਾਂ ਲਾਈਆਂ ਕਿ ਉਸ ਤੋਂ ਬਾਅਦ ਵੱਡੇ ਤੋਂ ਵੱਡਾ ਜ਼ਾਲਮ ਵੀ ਸਿੱਖੀ ਦਾ ਵਾਲ ਵਿੰਗਾ ਨਾ ਕਰ ਸਕਿਆ।

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement