ਮਹੰਤ ਕਰਮਜੀਤ ਸਿੰਘ ਦਾ ਕਰਵਾਇਆ ਜਾਵੇ ਡੋਪ ਟੈਸਟ ਅਤੇ ਬ੍ਰਹਮਚਾਰੀ ਟੈਸਟ
ਨਵੀਂ ਦਿੱਲੀ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਜ਼ਰੀਏ ਉਨ੍ਹਾਂ ਨੇ ਜਥੇਦਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਕੱਤਰਤਾਵਾਂ 'ਤੇ ਲਾਈ ਰੋਕ ਸਬੰਧੀ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹੰਤ ਕਰਮਜੀਤ ਸਿੰਘ ਦਾ ਡੋਪ ਟੈਸਟ ਅਤੇ ਬ੍ਰਹਮਚਾਰੀ ਟੈਸਟ ਕਰਵਾਉਣ ਦੀ ਵੀ ਮੰਗ ਕੀਤੀ ਹੈ।
ਅਪਣੇ ਪੱਤਰ ਵਿਚ ਧਮੀਜਾ ਨੇ ਲਿਖਿਆ ਕਿ ਜਥੇਦਾਰ ਦੇ ਆਦੇਸ਼ਾਂ ਵਿਚ ਕਾਨਫਰੰਸ ਹਾਲ ਕੰਪਲੈਕਸ ਸ੍ਰੀ ਪੰਜੋਖਰਾ ਸਾਹਿਬ ਪਾ: ੮ਵੀਂ, ਅੰਬਾਲਾ ਵਿਖੇ 14 ਅਗਸਤ ਦੀ ਇਕੱਤਰਤਾ ਦਾ ਜ਼ਿਕਰ ਹੈ। ਉਨ੍ਹਾਂ ਮੰਗ ਕੀਤੀ ਕਿ ਮਹੰਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 25 ਪਾਵਨ ਸਰੂਪਾਂ ਦੀ ਖਿਆਲੀ ਬੇਅਦਬੀ ਦੇ ਜਨਰਲ ਸਕੱਤਰ ਉਪਰ ਲਗਾਏ ਝੂਠੇ ਦੋਸ਼ਾਂ ਦੀ ਜਾਂਚ ਕੀਤੀ ਜਾਵੇ, ਇਸ ਦੇ ਨਾਲ ਹੀ ਮਹੰਤ ਕਰਮਜੀਤ ਸਿੰਘ ਦਾ ਡੋਪ ਟੈਸਟ ਅਤੇ ਬ੍ਰਹਮਚਾਰੀ ਟੈਸਟ ਵੀ ਕਰਵਾਇਆ ਜਾਵੇ।
ਧਮੀਜਾ ਨੇ ਲਿਖਿਆ, “ਮਹੰਤ ਕਰਮਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਖਿਆਲੀ ਬੇਅਦਬੀ ਦਾ ਦੋਸ਼ ਲਗਾ ਕੇ ਸੰਗਤ ਵਿਚ ਅਰਾਜਕਤਾ ਫੈਲਾਉਣ ਦਾ ਕੰਮ ਕੀਤਾ ਹੈ ਜੋ ਕਿ ਬਹੁਤ ਨਿੰਦਣਯੋਗ ਹੈ। ਜਥੇਦਾਰ ਸਾਹਿਬ ਜੀ ਸਾਰੀ ਸਿੱਖ ਕੌਮ ਆਪ ਜੀ ਤੋਂ ਨਿਰਭਉ, ਨਿਰਵੈਰ ਫੈਸਲੇ ਦੀ ਉਡੀਕ ਕਰ ਰਹੀ ਹੈ, ਪਰ ਆਪ ਜੀ ਦੇ ਹੁਕਮਾਂ ਵਿਚ ਇਨ੍ਹਾਂ ਹੱਲਾਂ ਦਾ ਜ਼ਿਕਰ ਨਾ ਹੋਣਾ ਸਮੁੱਚੀ ਸਿੱਖ ਕੌਮ ਅਤੇ ਵਿਸ਼ੇਸ਼ ਤੌਰ ਤੇ ਹਰਿਆਣਾ ਦੇ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ”।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਕੱਤਰਤਾਵਾਂ ਤੇ ਰੋਕ ਲਗਾਉਣ ਦੇ ਫ਼ੈਸਲੇ ਬਾਰੇ ਧਮੀਜਾ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਹਰਿਆਣਾ ਦੇ ਗੁਰੂ ਘਰਾਂ ਅਤੇ ਵਿਦਿਅਕ ਅਦਾਰਿਆਂ ਦੇ ਚੱਲਦੇ ਕੰਮਾਂ ਵਿਚ ਰੁਕਾਵਟ ਆਵੇਗੀ ਅਤੇ ਮਹੰਤ ਵਲੋਂ ਅਪਣੀ ਮਨਮਾਨੀ ਪਹਿਲਾਂ ਤਰ੍ਹਾਂ ਹੀ ਜਾਰੀ ਰੱਖੀ ਜਾਵੇਗੀ। ਇਸ ਫ਼ੈਸਲੇ ’ਤੇ ਮੁੜ ਤੋਂ ਵੀਚਾਰ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਹਰਿਆਣਾ ਕਮੇਟੀ ਦੇ ਇਜਲਾਸ ਦਾ ਸੱਦਾ ਦਿਤਾ ਗਿਆ ਸੀ, ਜਿਸ ਵਿਚ ਗੁਰੂ ਘਰਾਂ ਦੇ ਪ੍ਰਬੰਧਾਂ ਸਬੰਧੀ ਚਰਚਾ ਕੀਤੀ ਜਾਣੀ ਸੀ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਕਮੇਟੀ ਨੂੰ ਇਜਲਾਸ ਦੀ ਮਨਜ਼ੂਰੀ ਦਿਤੀ ਜਾਵੇ।
ਦੱਸ ਦੇਈਏ ਕਿ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 14 ਅਗਸਤ ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਵਿਚ ਹੋਈ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਕੁੱਝ ਮੈਂਬਰਾਂ ਨਾਲ ਹੱਥੋਪਾਈ, ਕੁੱਟਮਾਰ ਅਤੇ ਕਥਿਤ ਤੌਰ 'ਤੇ ਗਾਲੀ-ਗਲੋਚ ਕਰਦੇ ਦਿਖਾਈ ਦੇਣ ਵਾਲੀ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਗਈ ਸੀ।