
ਗੁਰੂ ਨਾਨਕ ਜੀ ਸੇਵਕ ਜਥੇ ਵੱਲੋਂ ਭਾਰਤ ਤੋਂ ਮੰਗਵਾਈ ਗਈ 50 ਕਿਲੋ ਵਜ਼ਨੀ ਪਾਲਕੀ ਸਾਹਿਬ
ਅੰਮ੍ਰਿਤਸਰ: ਦੁਨੀਆਂ ਭਰ ਵਿਚ ਸਿੱਖਾਂ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸੰਗਤ ਵੱਲੋਂ ਵਿਸ਼ੇਸ਼ ਸੇਵਾ ਕੀਤੀ ਜਾਂਦੀ ਹੈ।
Nankana Sahib
ਇਸ ਦੇ ਤਹਿਤ ਭਾਰਤ ਤੋਂ ਮੰਗਵਾਈ ਗਈ 50 ਕਿਲੋ ਵਜ਼ਨੀ ਪਾਲਕੀ ਸਾਹਿਬ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦੀਵਾਨ ਹਾਲ ਵਿਚ ਸਥਾਪਤ ਕੀਤਾ ਗਿਆ। ਇਹ ਪਾਲਕੀ ਸਾਹਿਬ ਗੁਰੂ ਨਾਨਕ ਜੀ ਸੇਵਕ ਜਥਾ ਸ੍ਰੀ ਨਨਕਾਣਾ ਸਾਹਿਬ ਵੱਲੋਂ ਅਟਾਰੀ-ਵਾਹਘਾ ਬਾਰਡਰ ਰਾਹੀਂ ਭਾਰਤ ਤੋਂ ਵਿਸ਼ੇਸ਼ ਮੰਗਵਾਈ ਗਈ।
Palki Sahib
ਜਥੇ ਦੇ ਆਗੂਆਂ ਨੇ ਦੱਸਿਆ ਕਿ ਇਸ ਪਾਲਕੀ ਸਾਹਿਬ ਨੂੰ ਤਿਆਰ ਕਰਵਾਉਣ ਲਈ 38 ਹਜ਼ਾਰ ਰੁਪਏ ਦੀ ਲਾਗਤ ਆਈ ਹੈ ਤੇ ਇਹ ਮੁੰਬਈ ਤੋਂ ਹਰਿੰਦਰ ਸਿੰਘ, ਇਕਬਾਲ ਸਿੰਘ ਤੇ ਭੁਪਿੰਦਰ ਸਿੰਘ ਵੱਲੋਂ ਭੇਜੀ ਗਈ ਹੈ। ਦੱਸ ਦਈਏ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ।
Nagar Kirtan
ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਸੰਗਤਾਂ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਦੇ ਪਾਠ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸੰਗਤਾਂ ਵੱਲੋਂ ਅਲੌਕਿਕ ਨਗਰ ਕੀਰਤਨ ਸਜਾ ਕੇ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ।