
ਐਸਐਸਪੀ ਦੀ ਤਰ੍ਹਾਂ ਬਾਕੀ ਪੁਲਿਸ ਅਧਿਕਾਰੀਆਂ ਦੀ ਵੀ ਹੋਵੇ ਗ੍ਰਿਫ਼ਤਾਰੀ.......
ਕੋਟਕਪੂਰਾ : ਹਾਈ ਕੋਰਟ ਵਲੋਂ ਨੇੜਲੇ ਕਸਬੇ ਬਾਜਾਖ਼ਾਨਾ ਦੇ ਪੁਲਿਸ ਥਾਣੇ 'ਚ ਦਰਜ ਐਫ਼ਆਈਆਰ 'ਚ ਸ਼ਾਮਲ ਚਾਰ ਪੁਲਿਸ ਅਧਿਕਾਰੀਆਂ ਦੀ ਪਟੀਸ਼ਨ ਖ਼ਾਰਜ ਕਰਨ ਤੋਂ ਬਾਅਦ ਭਾਵੇਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਹੋ ਗਈ ਹੈ ਅਤੇ ਐਸਆਈਟੀ ਵਲੋਂ ਬਾਕੀ ਦੇ ਤਿੰਨ ਪੁਲਿਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਲਈ ਚਾਰਾਜੋਈ ਜਾਰੀ ਹੈ, ਭਾਵੇਂ ਦੋ ਪੁਲਿਸ ਅਧਿਕਾਰੀਆਂ ਵਲੋਂ ਸੈਸ਼ਨ ਕੋਰਟ ਫ਼ਰੀਦਕੋਟ 'ਚ ਪਟੀਸ਼ਨ ਦਾਇਰ ਕਰ ਕੇ ਅਗਾਊਂ ਜ਼ਮਾਨਤਾਂ ਦੀ ਮੰਗ ਕਰ ਦੇਣ ਨਾਲ 'ਸਿੱਟ' ਦੀਆਂ ਮੁਸ਼ਕਲਾਂ 'ਚ ਵਾਧਾ ਹੋਣਾ ਸੁਭਾਵਕ ਸੀ
ਪਰ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਖ਼ਾਲਸਾ ਵਲੋਂ ਦੋ ਪੁਲਿਸ ਅਧਿਕਾਰੀਆਂ ਕ੍ਰਮਵਾਰ ਐਸ.ਪੀ. ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਵਲੋਂ ਦਾਇਰ ਕੀਤੀਆਂ ਅਗਾਊਂ ਜ਼ਮਾਨਤ ਦੀਆਂ ਪਟੀਸ਼ਨਾ ਰੱਦ ਕਰਾਉਣ ਲਈ ਸੈਸ਼ਨ ਕੋਰਟ 'ਚ ਅਰਜ਼ੀ ਦਾਖ਼ਲ ਕਰ ਦਿਤੀ ਹੈ। ਸੁਖਰਾਜ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਉਕਤ ਪੁਲਿਸ ਅਧਿਕਾਰੀਆਂ ਨੂੰ ਵੀ ਤੁਰਤ ਗ੍ਰਿਫ਼ਤਾਰ ਕਰਨ ਦੀ ਮੰਗ ਅਪਣੀ ਅਰਜ਼ੀ 'ਚ ਕੀਤੀ ਹੈ। ਇਕ ਸੁਆਲ ਦੇ ਜੁਆਬ 'ਚ ਸੁਖਰਾਜ ਸਿੰਘ ਨੇ ਪੰਜਾਬ ਸਰਕਾਰ ਵਲੋਂ ਕਾਇਮ ਕੀਤੀ
'ਵਿਸ਼ੇਸ਼ ਜਾਂਚ ਟੀਮ' ਵਲੋਂ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਲੱਗਣ ਲੱਗ ਪਿਆ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਅਰਜ਼ੀ 'ਤੇ ਵੀ ਭਲਕੇ ਸੁਣਵਾਈ ਹੋਣੀ ਹੈ ਅਤੇ ਨਾਲ ਹੀ ਦੋਵੇਂ ਮੁਲਜ਼ਮ ਪੁਲਿਸ ਅਧਿਕਾਰੀਆਂ ਦੀ ਸੁਣਵਾਈ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ 'ਚ ਹੋਣੀ ਤਹਿ ਹੈ। ਜਿਕਰਯੋਗ ਹੈ ਕਿ ਸੁਖਰਾਜ ਸਿੰਘ ਦੇ ਪਿਤਾ ਭਾਈ ਕਿਸ਼ਨ ਭਗਵਾਨ ਸਿੰਘ ਦੀ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਮਿਤੀ 14 ਸਤੰਬਰ 2015 ਨੂੰ ਵਾਪਰੇ ਉਸ ਗੋਲੀਕਾਂਡ ਦੌਰਾਨ ਦੂਜੀ ਮੌਤ ਗੁਰਜੀਤ ਸਿੰਘ ਬਿੱਟੂ ਦੀ ਹੋਈ ਸੀ,
ਜਦੋਂ ਪੁਲਿਸ ਨੇ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ 'ਤੇ ਗੋਲੀਆਂ ਵਰ੍ਹਾ ਦਿਤੀਆਂ ਸਨ। ਇਸ ਤੋਂ ਪਹਿਲਾਂ ਬਹਿਬਲ ਕਲਾਂ ਪੁਲਿਸ ਗੋਲੀਕਾਂਡ ਦੇ ਦੋ ਮੁਲਜ਼ਮ ਪੁਲਿਸ ਅਧਿਕਾਰੀਆਂ ਕ੍ਰਮਵਾਰ ਐਸ.ਪੀ. ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਸੋਮਵਾਰ ਨੂੰ ਅਪਣੀ ਅਗਾਊਂ ਜ਼ਮਾਨਤ ਲਈ ਫ਼ਰੀਦਕੋਟ ਦੀ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ 'ਚ ਅਪਣੀ ਅਰਜ਼ੀ ਦਾਖ਼ਲ ਕਰ ਦਿਤੀ ਸੀ। ਸੂਤਰਾਂ ਨੇ ਪਹਿਲਾਂ ਹੀ ਦਸ ਦਿਤਾ ਸੀ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਇਨ੍ਹਾਂ ਚਾਰੇ ਪੁਲਿਸ ਅਧਿਕਾਰੀਆਂ ਨੂੰ ਕਿਸੇ ਵੀ ਵੇਲੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਇਸੇ ਲਈ ਹੁਣ ਇਨ੍ਹਾਂ ਦੋ ਪੁਲਿਸ ਅਧਿਕਾਰੀਆਂ ਨੇ ਅਦਾਲਤ ਤਕ ਪਹੁੰਚ ਕੀਤੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਿਫ਼ਾਰਸ਼ ਦੇ ਆਧਾਰ 'ਤੇ ਪੰਜਾਬ ਪੁਲਿਸ ਦੇ ਚਾਰ ਪੁਲਿਸ ਅਧਿਕਾਰੀਆਂ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਉਦੋਂ ਦੇ ਐਸ.ਪੀ. (ਡੀ) ਫ਼ਾਜ਼ਿਲਕਾ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਤੇ ਉਦੋਂ ਬਾਜਾਖ਼ਾਨਾ ਦੇ ਐਸਐਚਓ ਸਬ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਦੇ ਨਾਂਅ ਬਹਿਬਲ ਕਲਾਂ ਗੋਲੀਕਾਂਡ ਦੀ ਐਫ਼ਆਈਆਰ 'ਚ ਪਿਛਲੇ ਵਰ੍ਹੇ ਸ਼ਾਮਲ ਕੀਤੇ ਗਏ ਸਨ।