
ਯੂਨਾਈਟਡ ਅਕਾਲੀ ਦਲ ਨੇ 35 ਸਾਲ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਸਿੱਖ ਮਸਲਿਆਂ ਸਬੰਧੀ ਧਰਮ ਯੁੱਧ ਚਿਤਾਵਨੀ ਮਾਰਚ ਕਢਿਆ
ਅੰਮ੍ਰਿਤਸਰ, 4 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਯੂਨਾਈਟਡ ਅਕਾਲੀ ਦਲ ਨੇ 35 ਸਾਲ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਸਿੱਖ ਮਸਲਿਆਂ ਸਬੰਧੀ ਧਰਮ ਯੁੱਧ ਚਿਤਾਵਨੀ ਮਾਰਚ ਕਢਿਆ। ਇਸ ਦੀ ਅਗਵਾਈ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕੀਤੀ ਅਤੇ ਧਰਮ ਯੁੱਧ ਮੋਰਚੇ ਦੀ 35 ਵੀਂ ਵਰ੍ਹੇਗੰਢ ਮਨਾਈ। ਉਨ੍ਹਾਂ ਐਸਵਾਈਐਲ ਨਹਿਰ ਦੀ ਉਸਾਰੀ ਵਿਰੁਧ ਆਪਾ ਵਾਰਨ ਦਾ ਵਚਨ ਦਿਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ 4 ਅਗੱਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ, ਦਮਦਮੀ ਟਕਸਾਲ ਨੇ ਧਰਮ ਯੁੱਧ ਮੋਰਚਾ ਲਾਇਆ ਸੀ ਪਰ ਦਰਬਾਰ ਸਾਹਿਬ ਤੇ ਉਸ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਫ਼ੌਜੀ ਹਮਲਾ ਕੀਤਾ ਅਤੇ ਮੋਰਚੇ ਦੇ ਆਗੂਆਂ ਨੂੰ ਜੇਲਾਂ 'ਚ ਬੰਦ ਕਰ ਦਿਤਾ ਸੀ ਜਿਸ ਕਰ ਕੇ ਉਹ ਮੋਰਚਾ ਅਧੂਰਾ ਰਹਿ ਗਿਆ ਜਿਸ ਨੂੰ ਮੁਕੰਮਲ ਕਰਨ ਲਈ ਅੱਜ 35ਵੀਂ ਵਰ੍ਹੇਗੰਢ ਮਨਾਈ ਗਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਪੱਤਰ ਭੇਜੇ ਹਨ ਕਿ ਉਹ ਆਜ਼ਾਦੀ ਵੇਲੇ ਸਿੱਖਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਅਤੇ 1973 'ਚ ਪਾਸ ਕੀਤੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਤਾਕਿ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਭਾਈ ਮੋਹਕਮ ਸਿੰਘ ਤੇ ਗੁਰਦੀਪ ਸਿੰਘ ਬਠਿੰਡਾ ਨੇ ਸਪੱਸ਼ਟ ਕੀਤਾ ਕਿ ਸੰਘਰਸ਼ ਸੰਪੂਰਨ ਤੌਰ 'ਤੇ ਸ਼ਾਂਤਮਈ, ਸਮਾਜਕ ਇਕਸੁਰਤਾ ਕਾਇਮ ਰੱਖਣ ਅਤੇ ਸੰਵਿਧਾਨਿਕ ਢੰਗਾਂ ਨਾਲ ਜਾਰੀ ਰਖਿਆ ਜਾਵੇਗਾ।
ਉਨ੍ਹਾ ਮੰਗ ਕੀਤੀ ਕਿ ਜੇਲਾਂ ਵਿਚ ਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਭਾਈ ਲਾਲ ਸਿੰਘ, ਭਾਈ ਦਇਆ ਸਿੰਘ, ਨਰਾਇਣ ਸਿੰਘ ਸਮੇਤ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਬਜ਼ੁਰਗ ਟਕਸਾਲੀ ਅਕਾਲੀ ਆਗੂ ਜਥੇਦਾਰ ਸੂਰਤ ਸਿੰਘ ਜਿਹੜੇ ਢਾਈ ਸਾਲਾਂ ਤੋਂ ਭੁੱਖ ਹੜਤਾਲ ਅਤੇ ਪੁਲਿਸ ਹਿਰਾਸਤ ਵਿਚ ਹਨ, ਉਨ੍ਹਾਂ ਦੀ ਕੀਮਤੀ ਜਾਨ ਬਚਾਈ ਜਾਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਗਾੜੀ ਅਤੇ ਹੋਰਨਾਂ ਥਾਵਾਂ 'ਤੇ ਅਪਮਾਨ ਦੇ ਦੋਸ਼ੀਆਂ ਅਤੇ ਬਹਿਬਲ ਕਾਂਡ 'ਚ ਸ਼ਾਂਤਮਈ ਧਰਨੇ 'ਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਪ੍ਰਸਾਸ਼ਨ ਨੇ ਉਨ੍ਹਾਂ ਕੋਲੋਂ ਯਾਦ ਪੱਤਰ ਲਿਆ ਅਤੇ ਭਰੋਸਾ ਦਿਤਾ ਕਿ ਦੋਹਾਂ ਸਰਕਾਰਾਂ ਤਕ ਇਸ ਯਾਦ ਪੱਤਰ ਨੂੰ ਪਹੁੰਚਾ ਦਿਤਾ ਜਾਵੇਗਾ।