
ਇੰਗਲੈਂਡ ਦੇ ਪਹਿਲੇ ਨੌਜਵਾਨ ਸਿੱਖ ਪਾਰਲੀਮੈਂਟ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਨੇ ਅਪਣੀ ਦਿੱਲੀ ਫੇਰੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਕਾਤ..
ਨਵੀਂ ਦਿੱਲੀ, 4 ਅਗੱਸਤ (ਅਮਨਦੀਪ ਸਿੰਘ): ਇੰਗਲੈਂਡ ਦੇ ਪਹਿਲੇ ਨੌਜਵਾਨ ਸਿੱਖ ਪਾਰਲੀਮੈਂਟ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਨੇ ਅਪਣੀ ਦਿੱਲੀ ਫੇਰੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਬਾਰੇ ਵਿਚਾਰ ਕੀਤਾ ਤੇ ਦਿੱਲੀ ਵਿਚ 'ਆਪ' ਸਰਕਾਰ ਵਲੋਂ ਆਨੰਦ ਮੈਰਿਜ ਐਕਟ ਲਾਗੂ ਕਰਨ ਨੂੰ ਉਸਾਰੂ ਕਦਮ ਦਸਿਆ। ਮੁਲਾਕਾਤ ਮੌਕੇ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੰਜੇ ਸਿੰਘ, ਤਿਲਕ ਨਗਰ ਤੋਂ ਆਪ ਵਿਧਾਇਕ ਸ. ਜਰਨੈਲ ਸਿੰਘ, ਹਰੀ ਨਗਰ ਤੇ ਵਿਧਾਇਕ ਤੇ ਆਪ ਦੇ ਚੀਫ਼ ਵਿਪ੍ਹ ਸ. ਜਗਦੀਪ ਸਿੰਘ, ਆਪ ਦੇ ਘੱਟ-ਗਿਣਤੀ ਵਿੰਗ ਦੇ ਅਹੁਦੇਦਾਰ ਸ. ਮਨਪ੍ਰੀਤ ਸਿੰਘ ਸਣੇ ਸ. ਦਰਸ਼ਨ ਸਿੰਘ, ਸ. ਤਜਿੰਦਰਪਾਲ ਸਿੰਘ ਨਲਵਾ ਤੇ ਹੋਰ ਸ਼ਾਮਲ ਸਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇੰਗਲੈਂਡ ਦੇ ਅਹਿਮ ਪਾਰਲੀਮੈਂਟ ਮੈਂਬਰ ਨਾਲ ਮੁਲਾਕਾਤ ਬਾਰੇ ਮੁੱਖ ਮੰਤਰੀ ਦਫ਼ਤਰ ਵਲੋਂ ਮੀਡੀਆ ਨੂੰ ਕੋਈ ਵੇਰਵਾ ਨਹੀਂ ਭੇਜਿਆ ਗਿਆ ਅਤੇ ਨਾ ਹੀ ਕੋਈ ਪ੍ਰੈੱਸ ਨੋਟ ਜਾਰੀ ਕੀਤਾ ਗਿਆ। ਸਿਰਫ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਵਲੋਂ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਮੁੱਖ ਮੰਤਰੀ ਵਲੋਂ ਇਸ ਮੁਲਾਕਾਤ ਨੂੰ ਕਿੰਨੀ ਤਵੱਜੋਂ ਦਿਤੀ ਗਈ।