
ਉਨ੍ਹਾਂ ਪੁਛਿਆ ਕਿ ਗੁਰੂਆਂ ਦੇ ਪਰਵਾਰਕ ਮੈਂਬਰਾਂ ਦਾ ਰੋਲ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ
ਕੋਟਕਪੂਰਾ, 29 ਮਾਰਚ (ਗੁਰਿੰਦਰ ਸਿੰਘ): 'ਗੁਰ ਮੂਰਤਿ ਗੁਰੂ ਸ਼ਬਦ ਹੈ' ਦੇ ਸਿਧਾਂਤ ਦੀਆਂ ਧਜੀਆਂ ਉਡਾਉਂਦਿਆਂ ਪਹਿਲਾਂ ਵੱਡੇ ਪੱਧਰ 'ਤੇ ਸਿੱਖ ਵਿਚ ਗੁਰੂਆਂ ਦੀ ਸ਼ਖ਼ਸੀਅਤ ਨੂੰ ਵਿਗਾੜਨ ਲਈ ਮਨੋਕਾਲਪਿਨਕ ਤਸਵੀਰਾਂ ਪ੍ਰਚੱਲਤ ਕੀਤੀਆਂ ਗਈਆਂ ਹਨ ਅਤੇ ਹੁਣ ਸਿੱਖ ਸਿਧਾਂਤਾਂ ਨੂੰ 'ਨਾਨਕ ਸ਼ਾਹ ਫਕੀਰ' ਫ਼ਿਲਮ ਰਾਹੀਂ ਖੋਰਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਸ਼੍ਰ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਕੌਮ 'ਤੇ ਹੋ ਰਹੇ ਹਰ ਤਰ੍ਹਾਂ ਦੇ ਅੰਦਰੂਨੀ ਅਤੇ ਬਾਹਰੀ ਹਮਲਿਆਂ ਦੇ ਬਚਾਅ ਲਈ ਅਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਸਿੱਖੀ ਸਿਧਾਂਤਾਂ ਦਾ ਨੁਕਸਾਨ ਪਹੁੰਚਾਉਣ ਵਾਲਿਆਂ ਦਾ ਹੀ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਸਰੀਰਕ ਤੌਰ 'ਤੇ ਕਤਲ ਕਰਨ ਵਾਲੇ ਅਹਿਮਦਸ਼ਾਹ ਅਬਦਾਲੀ, ਲੱਖਪਤਿ ਰਾਇ, ਜਸਪਤ ਰਾਏ, ਜਕਰੀਆ ਖ਼ਾਨ ਆਦਿ ਜਾਲਮਾਂ ਤੋਂ ਵੱਡਾ ਜ਼ੁਲਮ ਸਿੱਖੀ ਦੇ ਸਿਧਾਂਤਾਂ ਦਾ ਕਤਲੇਆਮ ਕਰਨ ਵਾਲੇ ਕਰ ਰਹੇ ਹਨ। ਉਨ੍ਹਾਂ ਪੁਛਿਆ ਕਿ ਗੁਰੂਆਂ ਦੇ ਪਰਵਾਰਕ ਮੈਂਬਰਾਂ ਦਾ ਰੋਲ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਅਤੇ ਸ਼੍ਰੋਮਣੀ ਕਮੇਟੀ ਵੀ ਬੇਬੇ ਨਾਨਕੀ ਜੀ ਵਰਗੀਆਂ ਪਵਿੱਤਰ ਰੂਹਾਂ ਦੇ ਰੋਲ ਫ਼ਿਲਮੀ ਅਦਾਕਾਰਾਂ ਤੋਂ ਕਿਸ ਹੈਸੀਅਤ 'ਚ ਕਰਵਾ ਰਹੀ ਹੈ? ਭਾਈ ਮਾਝੀ ਨੇ ਸਮੂਹ ਪ੍ਰਚਾਰਕਾਂ, ਵਿਦਵਾਨਾਂ, ਲੇਖਕਾਂ ਅਤੇ ਪੰਥਦਰਦੀਆਂ ਨੂੰ ਇਸ ਗ਼ੈਰ ਸਿਧਾਂਤਕ ਫ਼ਿਲਮ ਦਾ ਵਿਰੋਧ ਕਰਨ ਦੀ ਬੇਨਤੀ ਕੀਤੀ ਤਾਕਿ ਇਸ ਫ਼ਿਲਮ ਦੇ ਪ੍ਰਚਾਰ ਲਈ ਪੱਬਾਂ ਭਾਰ ਹੋਈ ਸ਼੍ਰੋਮਣੀ ਕਮੇਟੀ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਅਪਣੇ ਕਦਮ ਪਿੱਛੇ ਹਟਾਉਣ ਲਈ ਮਜਬੂਰ ਹੋਣਾ ਪਵੇ।