
ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੇ ਨਗਰ ਨਿਗਮ ਦੀ ਟੀਮ ਦਾ ਵਿਰੋਧ ਕੀਤਾ। ਸਿੱਖ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਇਸ ਕਾਰਵਾਈ ਦੌਰਾਨ ਰੁਮਾਲਾ ਸਾਹਿਬ ਦੀ ਬੇਅਦਬੀ ਹੋਈ ਹੈ।
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਟੀਮ ਨਾਲ ਦੁਕਾਨਦਾਰਾਂ ਦੀ ਬਹਿਸ ਹੋ ਗਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਮੁਲਾਜ਼ਮਾਂ ਨੇ ਰੁਮਾਲਾ ਸਾਹਿਬ ਦੀ ਬੇਅਦਬੀ ਕੀਤੀ ਹੈ। ਉਧਰ ਨਗਰ ਨਿਗਮ ਮੁਲਾਜ਼ਮਾਂ ਅਨੁਸਾਰ ਦੁਕਾਨਦਾਰਾਂ ਨੇ ਉਹਨਾਂ ਦੀ ਗੱਡੀ ਦੀ ਭੰਨ-ਤੋੜ ਕਰਕੇ ਚਾਬੀ ਕੱਢ ਲਈ। ਜਿੰਨਾ ਸਾਮਾਨ ਉਹਨਾਂ ਨੇ ਗੱਸੀ ਵਿਚ ਭਰਿਆ ਸੀ, ਉਸ ਨੂੰ ਲੋਕਾਂ ਨੇ ਬਾਹਰ ਕੱਢ ਲਿਆ ਹੈ।
ਸ਼ਨੀਵਾਰ ਸਵੇਰੇ ਕਰੀਬ 11 ਵਜੇ ਟੀਮ ਨਗਰ ਨਿਗਮ ਦੇ ਇੰਸਪੈਕਟਰ ਰਾਜ ਕੁਮਾਰ ਦੀ ਦੇਖ-ਰੇਖ 'ਚ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪਹੁੰਚੀ। ਕਰੀਬ ਅੱਧੇ ਘੰਟੇ ਵਿਚ ਹੀ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਸੜਕਾਂ ’ਤੇ ਪਏ ਸਾਮਾਨ ਨੂੰ ਚੁੱਕ ਕੇ ਗੱਡੀ ਵਿਚ ਭਰ ਲਿਆ। ਲੋਕਾਂ ਅਨੁਸਾਰ ਉਕਤ ਸਮਾਨ ਨੂੰ ਚੁੱਕਣ ਦੌਰਾਨ ਰੇਹੜੀ 'ਤੇ ਟੰਗੇ ਰੁਮਾਲਾ ਸਾਹਿਬ ਹੇਠਾਂ ਡਿੱਗ ਗਏ, ਜਿਸ 'ਤੇ ਨਿਗਮ ਕਰਮਚਾਰੀਆਂ ਨੇ ਪੈਰ ਰੱਖ ਕੇ ਬੇਅਦਬੀ ਕੀਤੀ| ਇਸ ਘਟਨਾ ਦੀ ਵੀਡੀ ਵੀ ਸਾਹਮਣੇ ਆਈ ਹੈ।
ਇਸ ਦੌਰਾਨ ਉੱਥੇ ਮੌਜੂਦ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੇ ਨਗਰ ਨਿਗਮ ਦੀ ਟੀਮ ਦਾ ਵਿਰੋਧ ਕੀਤਾ। ਸਿੱਖ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਇਸ ਕਾਰਵਾਈ ਦੌਰਾਨ ਰੁਮਾਲਾ ਸਾਹਿਬ ਦੀ ਬੇਅਦਬੀ ਹੋਈ ਹੈ। ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ। ਸੰਗਤਾਂ ਨੇ ਕਿਹਾ ਕਿ ਨਗਰ ਨਿਗਮ ਵਾਲੇ ਪਹਿਲਾਂ ਪੈਸੇ ਲੈਂਦੇ ਹਨ ਅਤੇ ਫਿਰ ਤੰਗ ਪ੍ਰੇਸ਼ਾਨ ਕਰਦੇ ਹਨ। ਅੱਜ ਵੀ ਉਹਨਾਂ ਗਲਤ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਅਤੇ ਉਹ ਸਿਰਫ਼ ਇਨਸਾਫ਼ ਚਾਹੁੰਦੇ ਹਨ।
ਦਰਅਸਲ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ 'ਚ ਕੁਝ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹੈਰੀਟੇਜ ਸਟਰੀਟ ’ਤੇ ਕੀਤੇ ਕਬਜ਼ੇ ਹਟਾਉਣ ਦੀ ਮੰਗ ਕੀਤੀ ਸੀ। ਧਾਮੀ ਵੱਲੋਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅੱਗੇ ਇਹ ਮੰਗ ਰੱਖੀ ਗਈ ਜਦਕਿ ਔਜਲਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਅਪੀਲ ਕੀਤੀ ਗਈ।