
ਸ਼੍ਰੋਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਲਈ ਦਿੱਲੀ ਸਥਿਤ ਸਿੱਖ ਮਿਸ਼ਨ ਦੀ ਇਮਾਰਤ ਦਾ ਨਵੀਨੀਕਰਨ ਕਰਨ ਉਪਰੰਤ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ...
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਲਈ ਦਿੱਲੀ ਸਥਿਤ ਸਿੱਖ ਮਿਸ਼ਨ ਦੀ ਇਮਾਰਤ ਦਾ ਨਵੀਨੀਕਰਨ ਕਰਨ ਉਪਰੰਤ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਮਿਸ਼ਨ ਦਿੱਲੀ ਰਾਹੀਂ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਛੇਤੀ ਹੀ ਇਥੇ ਗੁਰਮਤਿ ਸਾਹਿਤ ਕੇਂਦਰ ਵੀ ਖੋਲ੍ਹਿਆ ਜਾਵੇਗਾ।
ਉਨ੍ਹਾਂ ਸਿੱਖ ਮਿਸ਼ਨ ਲਈ ਥਾਂ ਦੇਣ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਧਨਵਾਦ ਕਰਦਿਆਂ ਕਿਹਾ ਕਿ ਦੋਹਾਂ ਕਮੇਟੀਆਂ ਵਲੋਂ ਸਾਂਝੇ ਉਪਰਾਲੇ ਨਾਲ ਦਿੱਲੀ ਵਿਚ ਧਰਮ ਪ੍ਰਚਾਰ ਦੀ ਵਿਸ਼ਾਲ ਲਹਿਰ ਸਿਰਜੀ ਜਾਵੇਗੀ।
ਇਸ ਮੌਕੇ ਮਨਜੀਤ ਸਿੰਘ ਜੀ.ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਕਮੇਟੀ, ਅੰਮ੍ਰਿਤਸਰ ਅਤੇ ਦਿੱਲੀ ਕਮੇਟੀ ਦੇ ਤਾਲਮੇਲ ਨਾਲ ਧਰਮ ਪ੍ਰਚਾਰ ਕਾਰਜਾਂ ਨੂੰ ਨਵੇਂ ਅੰਜਾਮ ਦੇਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਸ਼੍ਰੋਮਣੀ ਕਮੇਟੀ ਨੂੰ ਧਰਮ ਪ੍ਰਚਾਰ ਕਾਰਜਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।