
ਰਾਜਪਾਲ ਅਤੇ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਨੂੰ ਕੀਤੀ ਅਪੀਲ
HSGPC News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸੂਬੇ ਦੇ ਰਾਜਪਾਲ ਅਤੇ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ ਪੂਰਾ ਹੋਣ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਕੇ ਜਲਦੀ ਚੋਣਾਂ ਕਰਵਾਈਆਂ ਜਾਣ ਅਤੇ ਜਦੋਂ ਤਕ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਉਦੋਂ ਤਕ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੂੰ ਕਮੇਟੀ ਦਾ ਰਿਸੀਵਰ ਨਿਯੁਕਤ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਬਾਅਦ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਅਤੇ ਇਸ ਕਮੇਟੀ ਦਾ ਚਾਰਜ ਸਿੱਖ ਸੰਗਤ ਵੱਲੋਂ ਚੁਣੀ ਗਈ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ। ਪ੍ਰਧਾਨ ਅਤੇ ਇਸ ਵਿਚ ਸ਼ਾਮਲ ਹੋਰ ਵੱਡੇ ਅਹੁਦੇਦਾਰਾਂ ਨੇ ਗੋਲਕ ਦਾ ਪੈਸਾ ਆਪਣੇ ਹਿੱਤਾਂ ਲਈ ਵਰਤਿਆ ਹੈ।
ਜਗਦੀਸ਼ ਸਿੰਘ ਝੀਂਡਾ ਡੇਰਾ ਕਾਰਸੇਵਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਲਈ ਵੱਖਰੀ ਕਮੇਟੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ 22 ਸਾਲ ਸੰਘਰਸ਼ ਕੀਤਾ। ਜਦੋਂ ਕਮੇਟੀ ਬਣੀ ਤਾਂ ਇਸ ਕਮੇਟੀ ਦਾ ਵਿਰੋਧ ਕਰਨ ਵਾਲਿਆਂ ਨੇ ਮੌਜੂਦਾ ਸਰਕਾਰਾਂ ਨਾਲ ਮਿਲ ਕੇ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਠਾਰਾਂ ਮਹੀਨਿਆਂ ਦਾ ਕਾਰਜਕਾਲ 31 ਮਈ ਨੂੰ ਖਤਮ ਹੋ ਰਿਹਾ ਹੈ।
ਉਸ ਤੋਂ ਬਾਅਦ ਇਸ ਦਾ ਕਾਰਜਕਾਲ ਨਹੀਂ ਵਧਾਇਆ ਜਾਣਾ ਚਾਹੀਦਾ। ਉਨ੍ਹਾਂ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ’ਤੇ ਗੁਰਦੁਆਰਿਆਂ ਦੀ ਗੋਲਕ ਦਾ ਪੈਸਾ ਸਿਆਸੀ ਹਿੱਤਾਂ ਲਈ ਵਰਤਣ ਦਾ ਦੋਸ਼ ਲਾਇਆ ਅਤੇ ਕਿਹਾ ਗੋਲਕ ਦਾ ਪੈਸਾ ਸਿਆਸੀ ਪਾਰਟੀ ਦੇ ਚੋਣ ਪ੍ਰਚਾਰ ’ਤੇ ਖਰਚ ਕੀਤਾ ਗਿਆ ਹੈ ਇਹ ਕਮੇਟੀ ਦੇ ਸੰਵਿਧਾਨ ਦੇ ਉਲਟ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰਾਤਨ ਅਤੇ ਇਤਿਹਾਸਕ ਗੁਰਧਾਮਾਂ ਦੀ ਮਰਿਆਦਾ ਅਨੁਸਾਰ ਕੰਮ ਕਰਨ ਵਿੱਚ ਅਸਫਲ ਰਹੀ ਹੈ, ਇਸ ਲਈ ਇਸ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਕਿਸੇ ਵੀ ਕੀਮਤ ’ਤੇ ਇਸ ਦਾ ਕਾਰਜਕਾਲ ਨਹੀਂ ਵਧਾਇਆ ਜਾਣਾ ਚਾਹੀਦਾ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਕੁਰੂਕਸ਼ੇਤਰ ਵਿੱਚ ਸਿੱਖ ਸੰਗਤ ਦੀ ਵੱਡੀ ਕਾਨਫਰੰਸ ਕਰਕੇ ਅੰਦੋਲਨ ਦਾ ਐਲਾਨ ਕਰਨਗੇ। ਉਨ੍ਹਾਂ ਮਨਿੰਦਰ ਸਿੰਘ ਸਿਰਸਾ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਜਿਨ੍ਹਾਂ ਲੋਕਾਂ ਦੀ ਗੋਦ ’ਚ ਬੈਠਾ ਹੈ। ਉਹ ਅੱਠ ਸੌ ਕਿਸਾਨਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਪੰਥ ਦੇ ਲੋਕ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਰਾਜਪਾਲ ਨੂੰ ਮਿਲ ਕੇ ਉਨ੍ਹਾਂ ਅੱਗੇ ਆਪਣੀ ਮੰਗ ਰੱਖਣਗੇ ।
(For more Punjabi news apart from term of HSGPC committee ends tomorrow, stay tuned to Rozana Spokesman)