
ਬਲਾਕ ਕਾਹਨੂੰਵਾਨ ਦੇ ਪਿੰਡ ਹੰਬੋਵਾਲ ਵਿਖੇ ਵਡਭਾਗ ਸਿੰਘ ਦਾ ਇਕ ਚੋਲਾ ਭਗਵਾਨ ਸਿੰਘ ਪਿਛਲੇਂ ਕਈ ਸਾਲਾਂ ਤੋਂ ਅਪਣੇ ਘਰ ਵਿਚ ਪੂਛਾਂ ਦੇਣ ਅਤੇ ਹੋਰ ਪਖੰਡ ਦਿਨ ਦਿਹਾੜੇ...
ਕਾਹਨੂੰਵਾਨ: ਬਲਾਕ ਕਾਹਨੂੰਵਾਨ ਦੇ ਪਿੰਡ ਹੰਬੋਵਾਲ ਵਿਖੇ ਵਡਭਾਗ ਸਿੰਘ ਦਾ ਇਕ ਚੋਲਾ ਭਗਵਾਨ ਸਿੰਘ ਪਿਛਲੇਂ ਕਈ ਸਾਲਾਂ ਤੋਂ ਅਪਣੇ ਘਰ ਵਿਚ ਪੂਛਾਂ ਦੇਣ ਅਤੇ ਹੋਰ ਪਖੰਡ ਦਿਨ ਦਿਹਾੜੇ ਕਰ ਰਿਹਾ ਸੀ। ਇਸ ਦੀ ਸੂਚਨਾ ਮਿਲਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਵਲੋਂ ਕੀਤੀ ਕਾਰਵਾਈ ਪਿਛੋਂ ਭਗਵਾਨ ਸਿੰਘ ਨੇ ਪਿੰਡ ਦੀ ਪੰਚਾਇਤ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਅਪਣੀ ਇਸ ਪਰਪੰਚ ਵਾਲੀ ਗੱਦੀ ਨੂੰ ਬੰਦ ਕਰਨ ਦਾ ਲਿਖਤੀ ਤੌਰ ਤੇ ਅਹਿਦਨਾਮਾ ਕੀਤਾ ਅਤੇ ਉਸ ਨੇ ਇਹ ਵੀ ਮੰਨਿਆ ਕਿ ਉਸ ਤੋਂ ਜਾਣ ਅਣਜਾਣ ਵਿਚ ਇਹ ਭੁੱਲ ਹੋ ਰਹੀ ਸੀ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਜਥੇਦਾਰ ਭਾਈ ਬਲਬੀਰ ਸਿੰਘ ਮੂਛਲ ਨੇ ਦਸਿਆ ਕਿ ਉਨ੍ਹਾਂ ਇਕ ਵਿਅਕਤੀ ਕੋਲੋਂ ਭਗਵਾਨ ਸਿੰਘ ਵਲੋਂ ਕੀਤੀ ਜਾ ਰਹੀ ਮਨਮਤਿ ਦੀ ਜਾਣਕਾਰੀ ਲਈ ਅਤੇ ਉਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਨੇ ਜਥੇ ਦੇ ਸਿੰਘ ਸਮੇਤ ਖ਼ੁਦ ਪਹੁੰਚ ਕੇ ਜਾਣਕਾਰੀ ਨੂੰ ਸਹੀ ਪਾਇਆ।
ਇਸ ਮੌਕੇ ਤੇ ਹੰਬੋਵਾਲ ਦੇ ਸਰਪੰਚ ਸੁਰਜੀਤ ਸਿੰਘ, ਭਾਈ ਜੋਗਿੰਦਰ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਕਰਤਾਰ ਸਿੰਘ , ਰਣਜੀਤ ਸਿੰਘ, ਗੁਰਮੁਖ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਅਮਰੀਕ ਆਦਿ ਹਾਜ਼ਰ ਸਨ। ਇਸ ਸਬੰਧੀ ਭਗਵਾਨ ਸਿੰਘ ਨੇ ਕਿਹਾ ਕਿ ਉਹ ਬਾਬਾ ਵਡਭਾਗ ਸਿੰਘ ਨੂੰ ਮੰਨਦੇ ਹਨ ਪਰ ਸਤਿਕਾਰ ਕਕੇਟੀ ਵਲੋਂ ਉਠਾਏ ਗਏ ਇਤਰਾਜ਼ ਤੋਂ ਬਾਅਦ ਉਸ ਨੇ ਅਪਣੇ ਘਰ ਵਿਚ ਚਲਦੀ ਗੱਦੀ ਨੂੰ ਸੰਕੋਚਣ ਦਾ ਫ਼ੈਸਲਾ ਕੀਤਾ ਹੈ।