Panthak News: ਪੰਥਕ ਸੰਸਥਾਵਾਂ ਦੀ ਅਣਦੇਖੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ
Published : Jul 30, 2024, 11:27 am IST
Updated : Jul 30, 2024, 11:27 am IST
SHARE ARTICLE
Panthak News: The crisis of Shiromani Akali Dal and neglect of sectarian institutions
Panthak News: The crisis of Shiromani Akali Dal and neglect of sectarian institutions

ਅਕਾਲੀ ਦਲ ਦੀ ਦਖ਼ਲ-ਅੰਦਾਜ਼ੀ...

Panthak News: ਪੰਥਕ ਸੋਚ ਤੇ ਗੁਰਮਤਿ ਦੇ ਧਾਰਨੀ ਸਿੱਖਾਂ ਨੂੰ ਸਿੱਖ/ਪੰਥਕ ਸੰਸਥਾਵਾਂ ਦੀ ਕਾਰਗੁਜ਼ਾਰੀ ’ਚ ਆਏ ਨਿਘਾਰ ਬਾਰੇ ਸੰਗਠਤ ਹੋ ਕੇ ਉਪਰਾਲੇ ਕਰਨੇ ਚਾਹੀਦੇ ਹਨ।

ਸਿਆਸੀ ਜ਼ੁਲਮ ਵਿਰੁਧ ਆਵਾਜ਼ ਬਲੰਦ ਕਰਨ, ਸਿੱਖ ਵਿਚਾਰਧਾਰਾ ਦੀ ਪ੍ਰਫੁੱਲਤਾ, ਅਧਿਆਤਮਕ ਅਗਵਾਈ ਤੇ ਰਾਜਨੀਤਕ ਪ੍ਰਭੂਸਤਾ ਹਾਸਲ ਕਰਨ  ਲਈ ਸਿੱਖ ਜਗਤ ਨੂੰ ਇਕਮੁੱਠ ਹੋ ਕੇ ਪਹਿਰਾ ਦੇਣਾ ਚਾਹੀਦਾ ਹੈ। ਸਿੱਖ/ਪੰਥਕ ਸੰਸਥਾਵਾਂ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਚਾਰਧਾਰਾ ਨਾਲ ਜੋੜੀ ਰੱਖਣ ਲਈ ਸਹਾਈ ਹੋ ਸਕਦੀਆਂ ਹਨ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖ ਸਿਆਸਤਦਾਨਾਂ ਦੇ ਰਾਜ ਕਰਨ ਦੇ ਲਾਲਚ ਕਰ ਕੇ ਇਹ ਸੰਸਥਾਵਾਂ ਅਣਵੇਖੀਆਂ ਹੋ ਗਈਆਂ ਹਨ।

ਸਿੱਖਾਂ ਦੀਆਂ ਸਿਆਸੀ ਪਾਰਟੀਆਂ ਖ਼ਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ/ਪੰਥਕ ਸੰਸਥਾਵਾਂ ਨੂੰ ਉਤਸ਼ਾਹਤ ਕਰਨ ਦੀ ਥਾਂ ਉਨ੍ਹਾਂ ਨੂੰ ਅਣਡਿਠ ਕਰਨਾ ਸ਼ੁਰੂ ਕਰ ਦਿਤਾ, ਜਿਸ ਕਰ ਕੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ’ਤੇ ਚਲੀ ਗਈ ਹੈ। ਪੰਜਾਬ ਦੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰ ਦਿਤਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਸਿਆਸੀ ਤਾਕਤ ਵਿਚ ਰਿਹੈ, ਉਸ ਦਾ ਹਾਸ਼ੀਏ ’ਤੇ ਜਾਣ ਦਾ ਮੁੱਖ ਕਾਰਨ ਉਸ ਵਲੋਂ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰਨਾ ਹੈ।

ਪੰਥਕ ਸੰਸਥਾਵਾਂ ਇਕ ਸਿਆਸੀ ਪਾਰਟੀ ਦੀਆਂ ਹੀ ਨਹੀਂ ਸਗੋਂ ਸਮੁੱਚੇ ਸਿੱਖ ਜਗਤ ਦੀਆਂ ਹਨ, ਭਾਵੇਂ ਸਿੱਖ ਕਿਸੇ ਵੀ ਜ਼ਾਤ, ਫ਼ਿਰਕੇ ਤੇ ਪਾਰਟੀ ਦੇ ਹੋਣ। ਸਿੱਖ ਸਿਆਸਤਦਾਨ ਸਿਆਸੀ ਤਾਕਤ ਹਾਸਲ ਕਰਨ ਲਈ ਅਨੇਕਾਂ ਸ਼੍ਰੋਮਣੀ ਅਕਾਲੀ ਦਲ ਬਣਾਈ ਬੈਠੇ ਹਨ। ਉਨ੍ਹਾਂ ਦੀ ਹਉਮੈ ਤੇ ਸਿਆਸੀ ਤਾਕਤ ਪ੍ਰਾਪਤ ਕਰਨ ਦੀ ਇੱਛਾ ਉਨ੍ਹਾਂ ਨੂੰ ਇਕਮੁੱਠ ਹੋਣ ਨਹੀਂ ਦੇ ਰਹੀ। ਸਿੱਖ ਜਗਤ ਇਸ ਕਰ ਕੇ ਚਿੰਤਾ ਵਿਚ ਹੈ ਕਿ ਕਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਤਾ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਇਸ ਸਮੇਂ ਅਨੇਕ ਧੜੇ ਬਣ ਚੁੱਕੇ ਹਨ। ਇਸ ਲਈ ਸ਼੍ਰੋਮਣੀ ਕੌਣ ਹੈ, ਇਸ ਦਾ ਫ਼ੈਸਲਾ ਸਿੱਖ ਜਗਤ ਨੇ ਹੀ ਕਰਨਾ ਹੈ। ਸੱਭ ਤੋਂ ਪਹਿਲਾਂ ਇਹ ਦਸਣਾ ਬਣਦਾ ਹੈ ਕਿ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਇਕ ਧਾਰਮਕ ਸੰਸਥਾ ਦੇ ਤੌਰ ’ਤੇ ਹੋਈ ਸੀ। ਇਹ ਸੰਸਥਾ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਵਲੋਂ ਗੁਰੂ ਘਰਾਂ ਦੀ ਬੇਹੁਰਮਤੀ ਦੀਆਂ ਘਟਨਾਵਾਂ ਤੋਂ ਬਾਅਦ ਹੋਂਦ ਵਿਚ ਆਈ ਸੀ। ਗੁਰਦੁਆਰਾ ਸੁਧਾਰ ਲਹਿਰ ਦਾ ਵੀ ਗੁਰੂ ਘਰਾਂ ਦੀ ਪਵਿੱਤਰਤਾ ਬਰਕਰਾਰ ਰਖਣਾ ਮੁੱਖ ਮੰਤਵ ਸੀ ਪ੍ਰੰਤੂ ਦੋਹਾਂ ਦੇ ਕੰਮ ਵਖਰੇ-ਵਖਰੇ ਸਨ।


ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 1952 ਵਿਚ ਜਦੋਂ ਆਮ ਚੋਣਾਂ ਹੋਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਦੇ ਤੌਰ ’ਤੇ ਰਜਿਸਟਰਡ ਨਹੀਂ ਸੀ, ਫਿਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਕਾਂਗਰਸ ਪਾਰਟੀ ਨਾਲ ਸਮਝੌਤਾ ਕਰ ਕੇ ਕਾਂਗਰਸ ਪਾਰਟੀ ਦੀਆਂ ਟਿਕਟਾਂ ’ਤੇ ਚੋਣ ਲੜੀ ਸੀ। ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਵੀ ਪਹਿਲੀ ਵਾਰ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜੇ ਤੇ ਜਿੱਤੇ ਸਨ।

ਕਈ ਕਾਂਗਰਸੀ ਨੇਤਾ ਜਿਵੇਂ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਰ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਇਕੋ ਸਮੇਂ ਰਹੇ ਹਨ। ਉਦੋਂ ਸਾਰੇ ਸਿਆਸੀ ਸਿੱਖ ਲੀਡਰ ਜੰਮਦੇ ਹੀ ਅਕਾਲੀ ਹੁੰਦੇ ਸਨ, ਅਕਾਲੀ ਦਲ ’ਚੋਂ ਸਿਖਿਆ ਲੈ ਕੇ ਉਹ ਵੱਖੋ-ਵਖਰੀਆਂ ਪਾਰਟੀਆਂ ਵਿਚ ਚਲੇ ਜਾਂਦੇ ਸਨ।

ਹੁਣ ਅਕਾਲੀ ਜੰਮਦੇ ਨਹੀਂ ਸਗੋਂ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਬਣਦੇ ਹਨ, ਇਸ ਲਈ ਅਕਾਲੀ ਦਲ ਵਿਚ ਨਿਘਾਰ ਆਇਆ ਹੈ। ਗੁਰਦੁਆਰਾ ਸੁਧਾਰ ਲਹਿਰ ’ਚੋਂ ਸ਼੍ਰੋ.ਗੁ.ਪ੍ਰ. ਕਮੇਟੀ ਬਣੀ। ਅਕਾਲੀ ਦਲ ਭਾਵੇਂ ਸਿਆਸੀ ਪਾਰਟੀ ਹੈ, ਇਸ ਨੇ ਭਾਰਤ ਦੇ ਸੰਵਿਧਾਨ ਅਨੁਸਾਰ ਕੰਮ ਕਰਨਾ ਪ੍ਰੰਤੂ ਪੰਥਕ ਹਿਤਾਂ ’ਤੇ ਪਹਿਰਾ ਦੇਣਾ ਉਸ ਦਾ ਮੁੱਖ ਕੰਮ ਹੈ। ਸ਼੍ਰੋ.ਗੁ.ਪ੍ਰ. ਕਮੇਟੀ ਨੇ ਪੰਥਕ ਹਿਤਾਂ ਅਨੁਸਾਰ ਕੰਮ ਕਰਨਾ ਹੈ। ਇਸ ਲਈ ਅਕਾਲੀ ਦਲ ਦੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਬਣਨੇ ਚਾਹੀਦੇ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਮੈਂਬਰ ਨਹੀਂ ਹੋਣੇ ਚਾਹੀਦੇ।


ਗੁਰੂ ਨਾਨਕ ਦੇਵ ਜੀ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ। ਪੰਜਵੇਂ ਗੁਰੂ, ਗਰੂ ਅਰਜਨ ਦੇਵ ਜੀ ਨੇ ਜਦੋਂ ਜ਼ੁਲਮ ਵਿਰੁਧ ਆਵਾਜ਼ ਬੁਲੰਦ ਕੀਤੀ ਤਾਂ ਉਨ੍ਹਾਂ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕਰ ਦਿਤਾ ਸੀ। ਫਿਰ ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਵਜੋਂ ਦੋ ਤਲਵਾਰਾਂ ਪਹਿਨੀਆਂ ਜਿਨ੍ਹਾਂ ਨੂੰ ਮੀਰੀ ਤੇ ਪੀਰੀ ਕਿਹਾ ਜਾਂਦਾ ਹੈ। ਪਹਿਲਾਂ ਅਕਾਲ ਤਖ਼ਤ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ। ਅਕਾਲ ਤਖ਼ਤ ਨੂੰ ਰਾਜਨੀਤਕ ਪ੍ਰਭੂਸਤਾ ਅਤੇ ਅਧਿਆਤਮਕ ਅਗਵਾਈ ਦਾ ਕੇਂਦਰ ਮੰਨਿਆ ਜਾਂਦਾ ਹੈ।

ਅਕਾਲ ਤਖ਼ਤ ਤੋਂ ਸਿੱਖ ਪੰਥ ਸਬੰਧੀ ਧਾਰਮਕ ਹੁਕਮਨਾਮੇ ਜਾਰੀ ਕੀਤੇ ਜਾਂਦੇ ਸਨ। ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ 12 ਸਾਲ ਗਵਾਲੀਅਰ ਦੇ ਕਿਲੇ੍ਹ ਵਿਚ ਕੈਦ ਕਰ ਕੇ ਰਖਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਾਹਜਹਾਂ ਨੂੰ ਚਾਰ ਲੜਾਈਆਂ ਵਿਚ ਹਰਾਇਆ ਸੀ।  ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ੁਲਮ ਤੇ ਹਿੰਦੂ ਧਰਮ ਦੀ ਰਖਿਆ ਲਈ ਕੁਰਬਾਨੀ ਦਿਤੀ, ਉਨ੍ਹਾਂ ਨੂੰ ਮੁਗ਼ਲ ਬਾਦਸ਼ਾਹ ਔਰੰਗਜੇਬ ਨੇ ਸ਼ਹੀਦ ਕਰ ਦਿਤਾ।

ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਲੜਾਈ ਅਤੇ ਦੋ ਛੋਟੇ ਸਾਹਿਬਜ਼ਾਦੇ ਸਰਹੰਦ ਵਿਖੇ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿਤੇ ਗਏ। ਇਸ ਤੋਂ ਬਾਅਦ ਜ਼ੁਲਮ ਦਾ ਮੁਕਾਬਲਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਾਜਨਾ ਕੀਤੀ। ਵੱਖ ਵੱਖ ਜ਼ਾਤਾਂ ਅਤੇ ਰਾਜਾਂ ਦੇ 5 ਵਿਅਕਤੀਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਾਜਿਆ ਗਿਆ ਤੇ ਫਿਰ ਆਪ ਉਨ੍ਹਾਂ ਤੋਂ ਅੰਮ੍ਰਿਤ ਪਾਨ ਕਰ ਕੇ ‘ਆਪੇ ਗੁਰ ਚੇਲਾ’ ਬਣ ਗਏ। ਸਿੱਖ ਧਰਮ ਦੀਆਂ ਪ੍ਰੰਪਰਾਵਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ, ਉਨ੍ਹਾਂ ਨੂੰ ਧਾਰਮਕ ਤਨਖ਼ਾਹ ਲਗਾਈ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਕੋੜ੍ਹੇ ਮਾਰਨ ਦੀ ਤਨਖ਼ਾਹ ਲਗਾਈ ਗਈ। ਸਮਾਂ ਗੁਜ਼ਰਦਾ ਗਿਆ।

ਤਨਖ਼ਾਹ ਦੇਣ ਦੇ ਢੰਗ ਤਰੀਕੇ ਵੀ ਸਿਆਸਤਦਾਨਾਂ ਨੇ ਅਪਣੇ ਅਨੁਸਾਰ ਬਦਲਾ ਲਏ। ਸਿਆਸੀ ਨੇਤਾ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖ਼ਾਹ ਨੂੰ ਪ੍ਰਵਾਨ ਕਰਦਿਆਂ ਲਗਾਈ ਤਨਖ਼ਾਹ ਅਨੁਸਾਰ ਸੇਵਾ ਕਰ ਕੇ ਦੋਸ਼ਾਂ ਤੋਂ ਸੁਰਖ਼ੁਰੂ ਹੋ ਕੇ ਮੁੜ ਪੰਥ ਵਿਚ ਸ਼ਾਮਲ ਹੋ ਜਾਂਦੇ ਹਨ ਪ੍ਰੰਤੂ ਸਿਆਸੀ ਤਾਕਤ ਨਹੀਂ ਛਡਦੇ। ਸ੍ਰੋਮਣੀ ਅਕਾਲੀ ਦਲ ਇਕ ਪੰਥਕ ਸਿਆਸੀ ਪਾਰਟੀ ਸੀ ਪ੍ਰੰਤੂ ਪ੍ਰਕਾਸ਼ ਸਿੰਘ ਬਾਦਲ ਨੇ 1995 ਦੀ ਮੋਗਾ ਕਾਨਫ਼ਰੰਸ ’ਚ ਅਕਾਲੀ ਦਲ ਨੂੰ ਸਿਆਸੀ ਤਾਕਤ ਹਾਸਲ ਕਰਨ ਲਈ ਪੰਜਾਬੀ ਪਾਰਟੀ ਬਣਾ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤਿਆਰ ਕਰਨ ਲਈ ਪੰਥਕ ਸੰਸਥਾਵਾਂ ਕੰਮ ਕਰ ਰਹੀਆਂ ਸਨ।

ਉਨ੍ਹਾਂ ’ਚ ਸੱਭ ਤੋਂ ਮਹੱਤਵਪੂਰਨ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਸ਼੍ਰੋ.ਗੁ.ਪ੍ਰ. ਕਮੇਟੀ, ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਤੇ ਸਿੱਖ ਵਿਦਿਅਕ ਕਾਨਫ਼ਰੰਸਾਂ ਸਨ। ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਵਿਦਿਆਰਥੀਆਂ ’ਚ ਸਿੱਖ ਧਰਮ ਬਾਰੇ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਕਰਦੀ ਸੀ। ਧਾਰਮਕ ਸੈਮੀਨਾਰ, ਗੁਰਮਤਿ ਸਮਾਗਮ, ਸਿੱਖ ਇਤਿਹਾਸ ਸਬੰਧੀ ਭਾਸ਼ਣ ਮੁਕਾਬਲੇ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਂਦੇ ਸਨ। ਇਹ ਸਾਰੇ ਅੰਮ੍ਰਿਤਧਾਰੀ ਹੁੰਦੇ ਸਨ ਪ੍ਰੰਤੂ ਜਦੋਂ ਅਕਾਲੀ ਦਲ ਪੰਜਾਬੀ ਪਾਰਟੀ ਬਣ ਗਿਆ ਤਾਂ ਅਕਾਲੀ ਦਲ ਨੇ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ ਬਣਾ ਲਈ।

ਇਸ ਸੰਸਥਾ ਦਾ ਸਿੱਖ ਰਹਿਤ ਮਰਿਆਦਾ ਤੇ ਪ੍ਰੰਪਰਾਵਾਂ ਨਾਲੋਂ ਨਾਤਾ ਟੁੱਟ ਗਿਆ। ਸਿੱਖ ਸਟੂਡੈਂਟ ਫ਼ੈਡਰੇਸ਼ਨ ਖ਼ਤਮ ਕਰ ਦਿਤੀ ਗਈ। ਸਟੂਡੈਂਟ ਆਰਗਨਾਈਜੇਸ਼ਨ ਦਾ ਮੁੱਖ ਕੰਮ ਅਕਾਲੀ ਨੂੰ ਮਜ਼ਬੂਤ ਕਰਨਾ ਰਹਿ ਗਿਆ। ਸੱਭ ਤੋਂ ਮਾੜੀ ਗੱਲ ਇਹ ਹੋਈ ਕਿ ਅਕਾਲੀ ਦਲ ਨੇ ਸ਼੍ਰੋ.ਗੁ.ਪ੍ਰ. ਕਮੇਟੀ ਦੀਆਂ ਚੋਣਾਂ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਲੜਨੀਆਂ ਸ਼ੁਰੂ ਕਰ ਦਿਤੀਆਂ ਜਿਸ ਦਾ ਨਤੀਜਾ ਇਹ ਹੋਇਆ ਕਿ ਸ਼੍ਰੋ.ਗੁ.ਪ੍ਰ. ਕਮੇਟੀ, ਅਕਾਲੀ ਦਲ ਦੀ ਗ਼ੁਲਾਮ ਬਣ ਗਈ। ਇਸ ਤੋਂ ਬਾਅਦ ਅਕਾਲੀ ਦਲ ਨੇ ਪੰਥਕ ਸੋਚ ਨੂੰ ਤਿਲਾਂਜਲੀ ਦੇ ਦਿਤੀ।

ਸ਼੍ਰੋ.ਗੁ.ਪ੍ਰ. ਕਮੇਟੀ ਦੇ ਧਾਰਮਕ ਕੰਮਾਂ ਵਿਚ ਅਕਾਲੀ ਦਲ ਦੀ ਦਖ਼ਲ-ਅੰਦਾਜ਼ੀ ਨਾਲ ਸ਼੍ਰੋਮਣੀ ਕਮੇਟੀ ਅਪਣੇ ਕਾਰਜ ਖੇਤਰ ਤੋਂ ਥਿੜਕ ਗਈ ਜਿਸ ਕਾਰਨ ਅਕਾਲੀ ਦਲ ਦਾ ਪਤਨ ਸ਼ੁਰੂ ਹੋ ਗਿਆ। ਅਕਾਲੀ ਦਲ ’ਚ ਅੰਮ੍ਰਿਤਧਾਰੀ ਤਾਂ ਛੱਡੋ ਪੂਰਨ ਸਿੱਖ ਵੀ ਨਹੀਂ ਰਹੇ ਸਗੋਂ ਹੋਰ ਲੋਕ ਸ਼ਾਮਲ ਹੋ ਗਏ। ਧਾਰਮਕ ਅਵੱਗਿਆ ਵਾਲਿਆਂ ਨੂੰ ਤਨਖ਼ਾਹਾਂ ਦੀ ਥਾਂ ਗੁਰੂ ਘਰਾਂ ਦੀ ਸੇਵਾ ਦੀ ਤਨਖ਼ਾਹ ਲਗਾ ਕੇ ਮੁੜ ਪੰਥ ’ਚ ਸ਼ਾਮਲ ਕਰ ਲਿਆ ਜਾਂਦੈ।

ਇਸ ਦਾ ਮੁੱਖ ਕਾਰਨ ਅਕਾਲੀ ਦਲ ਦੀ ਦਖ਼ਲ-ਅੰਦਾਜ਼ੀ ਹੈ। ਹੁਣ ਜਦੋਂ ਅਕਾਲੀ ਦਲ ਫਿਰ ਸੰਕਟ ’ਚ ਹੈ, ਦੋਫਾੜ ਹੋਣ ਦੇ ਕਿਨਾਰੇ ਹੈ ਤਾਂ ਇਕ ਧੜੇ ਨੇ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਅਕਾਲੀ ਸਰਕਾਰ ਮੌਕੇ ਕੀਤੀ ਧਾਰਮਕ ਅਵੱਗਿਆਵਾਂ ਦੀ ਮੁਆਫ਼ੀ ਮੰਗੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸ਼ਿਕਾਇਤ ਕੀਤੀ। ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ 15 ਦਿਨਾਂ ’ਚ ਸ੍ਰੀ ਅਕਾਲ ਤਖ਼ਤ ਨੂੰ ਸ਼ਪਸ਼ਟੀਕਰਨ ਦੇਣ ਲਈ ਕਿਹਾ ਸੀ ਤੇ  ਸੁਖਬੀਰ ਬਾਦਲ ਨੇ ਜੇਕਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੰਦ ਲਿਫ਼ਾਫ਼ਾ ਮੁਆਫ਼ੀਨਾਮਾ ਦਿਤਾ ਹੈ।

ਪੰਜ ਸਿੰਘ ਸਾਹਿਬਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖ਼ਾਹ ਤਾਂ ਲਗਾ ਦਿਤੀ ਹੈ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਰਹਿਣਾ ਹੈ। ਅਕਾਲ ਤਖ਼ਤ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਨਹੀਂ ਹੋਣਾ ਚਾਹੀਦਾ। ਮੁਲਾਜ਼ਮ ਕਿਵੇਂ ਨਿਰਪੱਖਤਾ ਨਾਲ ਫ਼ੈਸਲੇ ਕਰ ਸਕਦਾ ਹੈ? ਅਕਾਲ ਤਖ਼ਤ ਸਾਹਿਬ ਨੂੰ ਨਿਰਪੱਖਤਾ ਦਾ ਸਬੂਤ ਦਿੰਦਿਆਂ ਦੋਹਾਂ ਧੜਿਆਂ ਤੋਂ ਬਿਨਾ ਹੋਰ ਕੋਈ ਰਸਤਾ ਲੱਭ ਕੇ ਅਕਾਲੀ ਦਲ ਨੂੰ ਬਚਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਜੇਕਰ ਕਿਸੇ ਇਕ ਧੜੇ ਦਾ ਪੱਖ ਲਿਆ ਗਿਆ ਤਾਂ ਅਕਾਲੀ ਦਲ ’ਚ ਰੋਲ ਘਚੋਲਾ ਪਿਆ ਰਹੇਗਾ।

ਮੋਬਾ : 94178-13072  ujagarsingh480yahoo.com

..

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement