
ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ਼੍ਰੋ.ਗੁ. ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪੰਥ ਪ੍ਰਵਾਣਤ 'ਮਰਿਆਦਾ' ਜਿਸ ਨੂੰ ਖ਼ਤਮ ਕਰਨ ਲਈ ਕੁੱਝ ਵੀਰ ਉਤਾਵਲੇ
ਨੰਗਲ, 1 ਅਗੱਸਤ (ਕੁਲਵਿੰਦਰ ਭਾਟੀਆ) : ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ਼੍ਰੋ.ਗੁ. ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪੰਥ ਪ੍ਰਵਾਣਤ 'ਮਰਿਆਦਾ' ਜਿਸ ਨੂੰ ਖ਼ਤਮ ਕਰਨ ਲਈ ਕੁੱਝ ਵੀਰ ਉਤਾਵਲੇ ਹਨ, ਇਸ ਨੂੰ ਬਣਾਉਣ ਲਈ ਖ਼ਾਲਸਾ ਪੰਥ ਨੂੰ ਭਾਰੀ ਘਾਲਣਾ ਘਾਲਣੀ ਪਈ ਹੈ ਅਤੇ ਕਈ ਵੀਰ ਸਾਲ 1931 ਤੋਂ 1945 ਤਕ ਦਾ 14 ਸਾਲ ਦਾ ਸਮਾਂ ਹੀ ਗਿਣਦੇ ਹਨ ਜਦਕਿ ਇਹ ਮਰਿਆਦਾ ਬਣਾਉਣ ਲਈ ਸਾਲ 1912 ਤੋਂ 1952 ਤਕ 40 ਸਾਲ ਦਾ ਸਮਾਂ ਬਣਦਾ ਹੈ ।
ਉਨ੍ਹਾਂ ਦਸਿਆ ਕਿ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਵਲੋਂ ਲਿਖੇ ਦਰਪਣ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 61 ਅਨੁਸਾਰ ਚੀਫ਼ ਖ਼ਾਲਸਾ ਦੀਵਾਨ ਵਲੋਂ ਗੁਰਮਤਿ ਪ੍ਰਕਾਸ਼ ਭਾਗ ਸੰਸਕਾਰ ਜੂਨ 1912 ਦੀ ਖ਼ਾਲਸਾ ਸਮਾਚਾਰ ਅਖ਼ਬਾਰ ਵਿਚ ਇਹ ਖਰੜਾ ਪੰਥਕ ਰਾਏ ਲੈਣ ਲਈ ਛਾਪਿਆ ਗਿਆ ਸੀ ਜਿਸ ਵਿਚ ਪਹਿਲੀ ਵਾਰ 27 ਜਥੇਬੰਦੀਆਂ ਅਤੇ 105 ਵਿਦਵਾਨਾਂ ਨੇ ਵੀਚਾਰ ਚਰਚਾ ਕੀਤੀ ਸੀ। ਪੰਥਕ ਰਾਵਾਂ ਅਨੁਸਾਰ ਇਹ ਖਰੜਾ ਸੋਧ ਕੇ ਦੂਜੀ ਵਾਰ ਫਿਰ ਮਈ 1913 ਵਿਚ ਇਸੇ ਅਖ਼ਬਾਰ ਵਿਚ ਛਾਪਿਆ ਗਿਆ ਸੀ, ਇਸ ਵਾਰ ਚਰਚਾ ਵਿਚ 26 ਸਿੱਖ ਜਥੇਬੰਦੀਆਂ ਅਤੇ 80 ਸਿੱਖ ਵਿਦਵਾਨਾਂ ਨੇ ਹਿੱਸਾ ਲਿਆ ਸੀ। ਅੰਤ ਵਿਚ 18 ਅਕਤੂਬਰ 1914 ਨੂੰ ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਵਾਨਗੀ ਦੇ ਕੇ ਮਾਰਚ 1915 ਵਿਚ ਹਜ਼ਾਰਾਂ ਦੀ ਗਿਣਤੀ ਵਿਚ ਛਾਪ ਕੇ ਵੰਡਿਆ ਗਿਆ ਸੀ ਤਾਕਿ ਸਿੱਖ ਸੰਗਤ ਨੂੰ ਪੰਥਕ ਰਹਿਣੀ ਦਾ ਪਤਾ ਲੱਗ ਸਕੇ ਕਿਉਂਕਿ ਇਸ ਨੂੰ ਇਕ ਜਥੇਬੰਦੀ ਨੇ ਹੀ ਲਿਖਿਆ ਸੀ ਤੇ ਪ੍ਰਵਾਨ ਕੀਤਾ ਸੀ ਸਮੁੱਚੇ ਗੁਰੂ ਪੰਥ ਦੀ ਪ੍ਰਵਾਨਗੀ ਨਹੀਂ ਮਿਲੀ ਸੀ। ਇਸ ਅਧਾਰ ਤੇ ਹੀ ਸਮੁੱਚੇ ਪੰਥ ਵਲੋਂ ਪ੍ਰਵਾਣਤ ਰਹਿਤ ਮਰਿਆਦਾ ਬਣਾਉਣ ਦੀਆਂ ਤਿਆਰੀਆਂ ਆਰੰਭ ਹੋ ਗਈਆਂ ਸਨ ਜੋ 1952 ਵਿਚ ਜਦ ਤਕ ਇਹ ਸੰਪੂਰਨ ਨਾ ਹੋ ਗਈ ਜਾਰੀ ਰਹੀਆਂ।