
ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਜਥੇਦਾਰ ਗੜਗੱਜ ਪ੍ਰੋਗਰਾਮਾ ਵਿੱਚ ਹੋ ਰਹੇ ਨੇ ਸ਼ਾਮਿਲ
ਜੀਰਾ : ਸੂਬੇ ਭਰ ਵਿੱਚ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਅਲੱਗ ਅਲੱਗ ਪ੍ਰੋਗਰਾਮ ਕਰਾਏ ਜਾ ਰਹੇ ਹਨ ਜਿਨ੍ਹਾਂ ਵਿਚ ਖਾਸ ਤੌਰ ’ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਲਗਾਏ ਗਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਹੁੰਚ ਰਹੇ ਹਨ। ਇਸੇ ਦੇ ਚਲਦਿਆਂ ਅੱਜ ਜੱਥੇਦਾਰ ਗੜਗੱਜ ਜੀਰਾ ’ਚ ਵੀ ਪਹੁੰਚੇ ਜਿਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਾਬਤ ਸੂਰਤ ਹੋ ਕੇ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਅਤੇ ਇਹੀ ਸਾਨੂੰ ਗੁਰਬਾਣੀ ਸਿਖਾਉਂਦੀ ਹੈ।
ਇਸ ਦੌਰਾਨ ਹੋਰ ਵਿਸ਼ਿਆਂ ’ਤੇ ਗੱਲ ਕਰਦਿਆਂ ਉਨ੍ਹਾਂ ਹਿਮਾਚਲ ’ਚ ਸੰਤ ਭਿੰਡਰਾਂਵਾਲੇ ਦੇ ਪੋਸਟਰ ਪਾੜੇ ਜਾਣ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਜੋ ਟਕਸਾਲ ਦਾ ਮੁੱਖੀ ਰਹਿ ਚੁੱਕਾ ਹੋਵੇ ਉਸ ਬਾਰੇ ਇਸ ਤਰ੍ਹਾਂ ਹਰਕਤ ਕਰਨਾ ਬਰਦਾਸ਼ਤਯੋਗ ਨਹੀਂ।
ਉਥੇ ਹੀ ਜੱਥੇਦਾਰ ਗੜਗੱਜ ਨੇ ਬੰਦੀ ਸਿੰਘਾਂ ਤੇ ਬੋਲਦਿਆਂ ਕਿਹਾ, ‘‘ਸੌਦਾ ਸਾਧ ਨੂੰ ਸਰਕਾਰਾਂ ਵਾਰ-ਵਾਰ ਪੈਰੋਲ ਦੇ ਰਹੀਆਂ ਹਨ ਅਤੇ ਜੋ ਬੰਦੀ ਸਿੰਘ ਸਿੱਖ ਕੌਮ ਲਈ ਲੜੇ ਹਨ ਉਨ੍ਹਾਂ ਨੂੰ ਘੰਟੇ ਦੋ ਘੰਟੇ ਲਈ ਹੀ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੂੰ ਪੈਰੋਲ ਨਹੀਂ ਦਿਤੀ ਜਾ ਰਹੀ ਇਸ ਲਈ ਸੰਵਿਧਾਨ ਦੇ ਉਲਟ ਦੋਹਰਾ ਮਾਪਦੰਡ ਵਰਤਿਆ ਜਾ ਰਿਹਾ ਹੈ। ਜੋ ਨਹੀਂ ਹੋਣਾ ਚਾਹੀਦਾ ਹੈ।’’