
ਖ਼ਾਲਸਾ ਨੇ ਕਿਹਾ, “ਦਿੱਲੀ ਕਮੇਟੀ ਵਲੋਂ ਜੋ ਮਤਾ ਪਾਸ ਕੀਤਾ ਗਿਆ ਹੈ ਕਿ ਰਾਗੀ ਜੱਥੇ ਫ਼ਿਲਮੀ ਧੁੰਨਾਂ ’ਤੇ ਗੁਰਬਾਣੀ ਪੜ੍ਹਨ ਤੋਂ ਗੁਰੇਜ਼ ਕਰਨ
Panthak News: ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਹਵਾਲਾ ਦੇ ਕੇ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਕੀਰਤਨੀ ਜਥਿਆਂ ਲਈ ਸ਼ਬਦ ਵਿਚਕਾਰ ‘ਵਾਹਿਗੁਰੂ’ ਦੇ ਜਾਪ ਦੀ ਥਾਂ ਸਿਰਫ਼ ਗੁਰਬਾਣੀ ਸ਼ਬਦ ਪੜ੍ਹਨਾ ਲਾਜ਼ਮੀ ਕਰਨ ਦਾ ਫ਼ੈਸਲਾ ਪੰਥ ਦੇ ਹਿਤ ਵਿਚ ਹੈ, ਪਰ ਇਹ ਕਿਹੜੇ ਰਾਗੀਆਂ ’ਤੇ ਲਾਗੂ ਹੋਵੇਗਾ?
ਅੱਜ ਇਥੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਇਥੋਂ ਦੀ ਜਥੇਬੰਦੀ ਗੁਰਬਾਣੀ ਵਿਚਾਰ ਕੇਂਦਰ ਦੇ ਮੁੱਖ ਸੇਵਾਦਾਰ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ, “ਦਿੱਲੀ ਕਮੇਟੀ ਵਲੋਂ ਜੋ ਮਤਾ ਪਾਸ ਕੀਤਾ ਗਿਆ ਹੈ ਕਿ ਰਾਗੀ ਜੱਥੇ ਫ਼ਿਲਮੀ ਧੁੰਨਾਂ ’ਤੇ ਗੁਰਬਾਣੀ ਪੜ੍ਹਨ ਤੋਂ ਗੁਰੇਜ਼ ਕਰਨ ਅਤੇ ਗੁਰਬਾਣੀ ਸ਼ਬਦ ਦਾ ਗਾਇਨ ਕਰਦੇ ਹੋਏ ‘ਵਾਹਿਗੁਰੂ-ਵਾਹਿਗੁਰੂ’ ਦਾ ਜਾਪ ਨਾ ਕਰਵਾਉਣ, ਬਲਕਿ ਪੂਰੇ ਸ਼ਬਦ ਦਾ ਗਾਇਨ ਕਰਨ’ ਇਹ ਸ਼ਲਾਘਾਯੋਗ ਫ਼ੈਸਲਾ ਹੈ, ਪਰ ਇਸ ਫ਼ੈਸਲੇ ਦੀ ਮਿਆਦ ਕਿੰਨਾ ਸਮਾਂ ਰਹੇਗੀ ਜਾਂ ਇਹ ਫ਼ੈਸਲਾ/ਮਤਾ ਕਿਹੜੇ ਕੀਰਤਨੀਆ ’ਤੇ ਲਾਗੂ ਹੋਵੇਗਾ, ਕਿਹੜੇ ਕੀਰਤਨੀਆਂ ’ਤੇ ਨਹੀਂ? ਕਿਉਂਕਿ ਕਈ ਸਾਰੇ ਪ੍ਰਸਿੱਧ ਕੀਰਤਨੀਏ ਜੋ ਦਿੱਲੀ ਕਮੇਟੀ ਅਧੀਨ ਇਤਿਹਾਸਕ ਗੁਰਦਵਾਰਿਆਂ ਦੀਆਂ ਸਟੇਜਾਂ ’ਤੇ ਮੋਟੀਆਂ ਭੇਟਾਵਾਂ ਲੈ ਕੇ, ਕੀਰਤਨ ਕਰਦੇ ਹਨ, ਉਹ ਗੁਰਬਾਣੀ ਗਾਇਨ ਨਾਲ ਸੰਗਤਾਂ ਨੂੰ ਜੋੜਦੇ ਹੋਏ ਵਿਚਕਾਰ, ‘ਵਾਹਿਗੁਰੂ’ ਦਾ ਜਾਪ ਸ਼ੁਰੂ ਕਰ ਦਿੰਦੇ ਹਨ, ਜਿਵੇਂ ਦਿੱਲੀ ਕਮੇਟੀ ਨੇ ਅਪਣੇ ਮਤੇ ਵਿਚ ਕਿਹਾ ਹੈ, ਕੀ ਉਨ੍ਹਾਂ ’ਤੇ ਵੀ ਕਮੇਟੀ ਇਹ ਫ਼ੈਸਲਾ ਲਾਗੂ ਕਰੇਗੀ ਜਾਂ ਕੁੱਝ ਰਾਗੀਆਂ ’ਤੇ ਇਹ ਲਾਗੂ ਕਰ ਕੇ, ਫਿਰ ਚੁਪ ਕਰ ਕੇ ਬੈਠ ਜਾਵੇਗੀ। ਵੱਡੀਆਂ ਸਿਫ਼ਾਰਸ਼ਾਂ ਨਾਲ ਕੀਰਤਨ ਕਰਨ ਵਾਲੇ ਰਾਗੀਆਂ ’ਤੇ ਕਮੇਟੀ ਇਹ ਫ਼ੈਸਲਾ ਲਾਗੂ ਕਰਨ ਦੀ ਜ਼ੁਰਅੱਤ ਵਿਖਾਏਗੀ ਜਾਂ ਛੋਟੇ ਰਾਗੀਆਂ ’ਤੇ ਨਜ਼ਲਾ ਝਾੜਿਆ ਜਾਵੇਗਾ?”