
ਅੰਮ੍ਰਿਤਸਰ, 13 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਟਾਸਕ ਫੋਰਸ ਦਾ ਟਕਰਾਅ ਪੰਥਕ ਸੰਗਠਨਾਂ ਦੇ ਆਗੂਆਂ ਨਾਲ ਹੋਣ ਦੀ ਸਿੱਖ ਹਲਕਿਆਂ 'ਚ ਚਰਚਾ ਰਹੀ ਤੇ ਸ਼ਰਧਾਲੂਆਂ ਨੂੰ ਠੇਸ ਪੁੱਜੀ ਜੋ ਲੱਖਾਂ ਦੀ ਗਿਣਤੀ ਵਿਚ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਅਤੇ ਸ਼ੁਕਰਾਨੇ ਲਈ ਦੇਸ਼-ਵਿਦੇਸ਼ ਤੋਂ ਪੁੱਜਦੇ ਹਨ।
ਇਸ ਵੇਲੇ ਹਲਾਤ ਇਹ ਹਨ ਕਿ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਤਖਤਾਂ ਦੇ ਜੱਥੇਦਾਰ ਇਕ ਪਾਸੇ ਤੇ ਸਰਬੱਤ ਖਾਲਸਾ ਚੱਬਾ ਵਿਖੇ ਥਾਪੇ ਗਏ ਜੱਥੇਦਾਰ ਦੂਜੇ ਪਾਸੇ ਜੋ ਸਿੱਖ ਮੱਸਲਿਆਂ ਸਬੰਧੀ ਮਿਲੀਆਂ ਸ਼ਿਕਾਇਤਾਂ ਬਾਰੇ ਹੁਕਮਨਾਮੇ, ਮਾਫ਼ੀਨਾਮੇ, ਧਾਰਮਿਕ ਤਨਖਾਹ ਲਾਉਣ ਲਈ ਆਪੋ-ਆਪਣੀਆਂ ਬੈਠਕਾਂ ਕਰ ਕੇ ਸੁਣਾ ਰਹੇ ਹਨ। ਤਖਤਾਂ ਦੇ ਜੱਥੇਦਾਰਾਂ ਨੂੰ ਪ੍ਰਕਾਸ਼ ਸਿੰਘ ਬਾਦਲ,
ਸੁਖਬੀਰ ਸਿੰਘ ਬਾਦਲ ਨਾਲ ਜੋੜਿਆ ਜਾ ਰਿਹਾ ਹੈ ਕਿ ਉਹ ਬਾਦਲ ਪਰਿਵਾਰ ਦੀਆਂ ਹਿਦਾਇਤਾਂ ਤੇ ਅਮਲ ਕਰਦੇ ਹਨ, ਜਿਸ ਨਾਲ ਇਕ ਤਰਫਾ ਫੈਸਲੇ ਲੈ ਰਹੇ ਹਨ। ਦੂਸਰੇ ਪਾਸੇ ਮੁਤਵਾਜੀ ਜੱਥੇਦਾਰਾਂ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਨੂੰ ਸੁਖਬੀਰ ਸਿੰਘ ਬਾਦਲ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਨਾਲ ਸਬੰਧ ਦਸ ਰਹੇ ਹਨ ਕਿ ਉਹ ਕਾਂਗਰਸੀਆਂ ਦੇ ਕਥਿਤ ਏਜੰਟ ਹਨ ਤੇ ਉਨ੍ਹਾਂ ਦੀ ਬੋਲੀ ਬੋਲ ਰਹੇ ਹਨ। ਅਜਿਹੀਆਂ ਸਥਿਤੀਆਂ 'ਚ ਸਿੱਖ ਕੌਮ ਦੁਬਿਧਾ ਵਿਚ ਹੈ ਕਿ ਉਹ ਕਿਸ ਜੱਥੇਦਾਰ ਦੇ ਹੁਕਮ ਨੂੰ ਸਵੀਕਾਰ ਕਰੇ। ਸਿੱਖ ਹਲਕਿਆਂ ਤੇ ਖਾਸ ਕਰਕੇ ਵਿਰੋਧੀ ਖੇਤਰ ਵਿਚ ਜੱਥੇਦਾਰਾਂ ਦੀ ਸਥਿਤੀ ਹਾਸੋਹੀਣੀ ਬਣੀ ਹੈ। ਅੱਜ ਤਖ਼ਤਾਂ ਦੇ ਸਮੂਹ ਜਥੇਦਾਰ, ਮੁਤਵਾਜ਼ੀ ਜਥੇਦਾਰਾਂ ਦੇ ਹੁਕਮਾਂ ਤੋਂ ਸਿੱਖ ਦੁਬਿਧਾ ਵਿਚ ਹੈ।
ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਵਾਪਰੀਆਂ ਘਟਨਾਵਾਂ ਨੇ ਸਿੱਖ ਹਲਕਿਆਂ ਤੇ ਸ਼ਰਧਾਲੂਆਂ 'ਚ ਮੁੜ ਚਰਚਾ ਛੇੜ ਦਿੱਤੀ ਹੈ ਕਿ ਸਿੱਖ ਕੌਮ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਡੰਗ ਟਪਾਉ ਸਮਾਂ ਬਿਤਾਉਣ ਦੀ ਥਾਂ ਸਭ ਤੋਂ ਪਹਿਲਾਂ ਤਖਤਾਂ ਦੇ ਜੱਥੇਦਾਰਾਂ ਦੀ ਨਿਯੁਕਤੀ ਤੇ ਸਿੱਖ ਸੰਗਠਨਾਂ 'ਚ ਪਈ ਦਰਾੜ ਸੰਬੰਧੀ ਨਿਗਰ ਫੈਸਲਾ ਲੈਣ ਦੀ ਲੋੜ ਹੈ। ਇਹ ਵੀ ਦਸਣਯੋਗ ਹੈ ਕਿ ਅੱਜ ਤਖ਼ਤਾਂ ਦੇ ਜਥੇਦਾਰਾਂ ਨੇ ਮੁਤਵਾਜ਼ੀ ਜਥੇਦਾਰਾਂ ਦੇ ਉਲਟ ਫ਼ੈਸਲਾ ਲਿਆ ਹੈ।