
ਅੰਮ੍ਰਿਤਸਰ,
15 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਨੇ ਅੱਜ ਪੱਤਰਕਾਰ ਸੰਮੇਲਨ 'ਚ ਮੰਨਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੀ ਢਿੱਲੀ ਨੀਤੀ ਕਾਰਨ ਆਪੇ ਬਣੇ 'ਜਥੇਦਾਰ' ਹਿੰਸਕ ਕਾਰਵਾਈਆਂ ਅਤੇ ਮਰਿਆਦਾ ਭੰਗ
ਕਰਦੇ ਰਹੇ ਹਨ ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਪੁੱਜੀ ਸੰਗਤ ਨੂੰ ਠੇਸ ਪੁੱਜਦੀ ਰਹੀ ਹੈ।
'ਜਥੇਦਾਰ'
ਨੇ ਚਿਤਾਵਨੀ ਭਰੇ ਲਹਿਜੇ 'ਚ ਪੰਜਾਬ ਦੀ ਕੈਪਟਨ ਸਰਕਾਰ ਅਤੇ ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਨੂੰ ਸਪੱਸ਼ਟ ਕੀਤਾ ਕਿ ਦੀਵਾਲੀ ਦੇ ਮੁਕੱਦਸ ਦਿਵਸ ਤੇ ਗੁਰੂ ਘਰ
ਹੁਲੜਬਾਜ਼ਾਂ ਵਿਰੁਧ ਸਖ਼ਤ ਕਾਰਵਾਈ ਕਰਨ, ਜੋ ਸਿੱਖ ਕੌਮ ਨੂੰ ਸੰਦੇਸ਼ ਦੇਣ ਦੇ ਬਹਾਨੇ
ਮਰਿਆਦਾ ਭੰਗ ਕਰਦਿਆਂ ਨੰਗੀਆਂ ਕ੍ਰਿਪਾਨਾਂ ਲਹਿਰਾਈਆਂ ਜਾਂਦੀਆ ਹਨ ਜਿਸ ਨਾਲ ਮਾਹੌਲ
ਵਿਗੜਨ ਦਾ ਡਰ ਹੈ। ਉਨ੍ਹਾਂ ਅਸਿੱਧੇ ਢੰਗ ਨਾਲ ਕਿਹਾ ਕਿ ਆਪੇ ਬਣੇ 'ਜਥੇਦਾਰਾਂ' ਨੂੰ
ਸੰਦੇਸ਼ ਪੜ੍ਹਨ ਨਹੀਂ ਦਿਤਾ ਜਾਵੇਗਾ ਜੋ ਹਰ ਸਾਲ ਪੁੱਜ ਕੇ ਵਿਘਨ ਪਾਉਂਦੇ ਹਨ।
ਅਖੌਤੀ
ਜਥੇਦਾਰਾਂ ਬਾਰੇ ਉਨ੍ਹਾਂ ਕਿਹਾ ਕਿ ਦੀਵਾਲੀ ਬਾਅਦ ਤੁਰਤ 'ਜਥੇਦਾਰਾਂ' ਦੀ ਅਹਿਮ ਬੈਠਕ ਕਰ
ਕੇ ਅਕਾਲ ਤਖ਼ਤ ਸਾਹਿਬ ਸਲਾਹਕਾਰ ਕਮੇਟੀ ਮੈਂਬਰ ਤੇ ਵਿਦਵਾਨਾਂ ਦੀ ਰਾਇ ਲੇਣ ਬਾਅਦ ਸਖ਼ਤ
ਕਾਰਵਾਈ ਕੀਤੀ ਜਾਵੇਗੀ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਆਪੇ ਬਣੇ 'ਜਥੇਦਾਰਾਂ' ਦੇ ਹੁਕਮਨਾਮਿਆਂ ਨੇ ਸਿੱਖੀ ਸਿਧਾਂਤ ਨੂੰ ਖੋਰਾ ਲਾਇਆ ਹੈ। ਖੇਤਾਂ 'ਚ ਸਰਬੱਤ ਖ਼ਾਲਸੇ ਨਹੀਂ ਹੁੰਦੇ।
ਉਨ੍ਹਾਂ
ਸ਼੍ਰੋਮਣੀ ਕਮੇਟੀ ਨੂੰ ਸਖ਼ਤੀ ਨਾਲ ਕਿਹਾ ਕਿ ਉਹ ਆਪੇ ਬਣੇ 'ਜਥੇਦਾਰਾਂ' ਦੇ ਪੱਤਰਾਂ 'ਤੇ
ਕੋਈ ਵੀ ਕਾਰਵਾਈ ਨਾ ਕਰਨ। ਬੀਬੀ ਜਗੀਰ ਕੌਰ ਨੂੰ ਤਲਬ ਕਰਨ ਦੇ ਮਸਲੇ 'ਚ 'ਜਥੇਦਾਰ' ਨੇ
ਸਪੱਸ਼ਟ ਕੀਤਾ ਕਿ ਇਹ ਵਿਚਾਰ ਅਧੀਨ ਮਸਲਾ ਹੈ ਤੇ ਨੇੜਲੇ ਭਵਿੱਖ ਵਿਚ ਕੋਈ ਵੀ ਕਾਰਵਾਈ
ਨਹੀਂ ਹੋ ਰਹੀ।
ਉਨ੍ਹਾਂ ਤਨਖ਼ਾਹੀਆ ਕਰਾਰ ਦਿਤੇ ਮਾਸਟਰ ਜੌਹਰ ਸਿੰਘ ਸਾਬਕਾ ਐਮ ਐਲ ਏ ਬਾਰੇ
ਕਿਹਾ ਕਿ ਉਹ ਆਪੇ ਬਣੇ 'ਜਥੇਦਾਰਾਂ' ਦਾ ਤਨਖ਼ਾਹੀਆ ਹੈ। ਉਹ ਅਕਾਲ ਤਖ਼ਤ ਸਾਹਿਬ ਪੇਸ਼ ਹੋ
ਕੇ ਸਜ਼ਾ ਲਵਾਉਣ ਤੇ ਉਹ ਦਰਬਾਰ ਸਾਹਿਬ ਅੰਦਰ ਦਾਖ਼ਲ ਹੋ ਕੇ ਸੇਵਾ ਕਰ ਸਕਦਾ ਹੈ।