
ਤਰਨਤਾਰਨ, 9 ਫ਼ਰਵਰੀ (ਚਰਨਜੀਤ ਸਿੰਘ): ਦਿਲੀ ਦੇ ਟੈਗੋਰ ਗਾਰਡਨ ਦੇ ਗੁਰਦਵਾਰਾ ਸਿੰਘ ਸਭਾ ਡੀ ਬਲਾਕ ਦਿਲੀ ਵਿਖੇ ਆਰਐਸਐਸ ਦਾ ਸਮਾਗਮ ਕਰਵਾਉਣ ਵਾਲੇ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਜਤਿੰਦਰ ਸਿੰੰਘ ਨੂੰ ਅਕਾਲ ਤਖ਼ਤ ਵਿਖੇ ਤਲਬ ਕਰ ਲਿਆ ਤੇ ਸਪਸ਼ਟੀਕਰਨ ਦੀ ਮੰਗ ਕੀਤੀ। ਅੱਜ ਇਸ ਮਾਮਲੇ ਨੂੰ ਜਨਤਕ ਕਰਨ ਵਾਲੇ ਅਤੇ ਗੁਰਦਵਾਰਾ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਦਿੱਲੀ ਦੇ ਸਿੱਖ ਹਮੇਸ਼ਾ ਤੋਂ ਹੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਤੇ ਅਕਾਲ ਤਖ਼ਤ ਨੂੰ ਸਮਰਪਤ ਹਨ, ਇਸ ਮਾਮਲੇ ਤੇ ਵੀ ਜਥੇਦਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ। ਵਿਕਰਮਜੀਤ ਸਿੰਘ ਨੇ ਦਸਿਆ ਕਿ ਆਰਐਸਐਸ ਨੇ ਦਿੱਲੀ ਦੇ ਵੱਖ-ਵੱਖ ਗੁਰਦਵਾਰਿਆਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਸਮਾਗਮਾਂ ਨੂੰ ਸਮਰਪਤ ਪ੍ਰੋਗਰਾਮਾਂ ਦੀ ਇਕ ਲੜੀ ਚਲਾਉਣ ਦੀ ਤਿਆਰੀ ਕੀਤੀ ਸੀ ਪਰ ਸੰਗਤ ਦੇ ਵਿਰੋਧ ਕਾਰਨ ਅਜਿਹਾ ਨਹੀਂ ਹੋ ਸਕਿਆ।
ਉਨ੍ਹਾਂ ਦਸਿਆ ਕਿ 16 ਜੁਲਾਈ 2017 ਨੂੰ ਆਰਐਸਐਸ ਨੇ ਗੁਰਦਵਾਰਾ ਟੈਗੋਰ ਗਾਰਡਨ ਵਿਖੇ ਇਕ ਪ੍ਰੋਗਰਾਮ ਰਖਿਆ ਸੀ ਤੇ ਗੁਰਦਵਾਰਾ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਸ. ਜਤਿੰਦਰ ਸਿੰਘ ਮੁਖੀ ਦਾ ਆਰਐਸਐਸ ਨੂੰ ਪੂਰਾ ਸਮਰਥਨ ਪ੍ਰਾਪਤ ਸੀ। ਆਰਐਸਐਸ ਦੇ ਵਰਕਰ ਅਪਣੀ ਪੂਰੀ ਵਰਦੀ ਵਿਚ ਗੁਰਦਵਾਰਾ ਸਾਹਿਬ ਆਏ ਤੇ ਉਨ੍ਹਾਂ ਗਣੇਸ਼ ਵੰਦਨਾ, ਆਰਤੀ ਅਤੇ ਅਪਣਾ ਝੰਡਾ ਲਹਿਰਾ ਕੇ ਪ੍ਰੋਗਰਾਮ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਣ ਨਾ ਤਾਂ ਇਸ ਸਮਾਗਮ ਦੀ ਕਿਸੇ ਰਜਿਸਟਰ ਵਿਚ ਐਂਟਰੀ ਕੀਤੀ ਗਈ ਤੇ ਗੁਰਦਵਾਰਾ ਕੰਪਲੈਕਸ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਮੂੰਹ ਵੀ ਘੁੰਮਾ ਦਿਤੇ ਗਏ ਤਾਕਿ ਕੋਈ ਸਬੂਤ ਬਾਕੀ ਨਾ ਰਹੇ। ਉਨ੍ਹਾਂ ਦਸਿਆ ਕਿ ਇਸ ਮਾਮਲੇ ਦੇ ਭੱਖ ਜਾਣ ਕਾਰਨ ਆਰਐਸਐਸ ਦਿੱਲੀ ਦੇ ਬਾਕੀ ਗੁਰੂ ਘਰਾਂ ਵਿਚ ਅਪਣੇ ਪ੍ਰੋਗਰਾਮ ਨਹੀਂ ਕਰ ਸਕੀ ਅਤੇ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਨੇ ਇਸ ਵਿਰੋਧ ਨੂੰ ਵੇਖਦਿਆਂ ਇਸ ਸਮਾਗਮ ਨੂੰ ਆਰਐਸਐਸ ਦਾ ਸਮਾਗਮ ਨਾ ਦਸ ਕੇ ਰੈਜਿਡੈਸ਼ਲ ਵੈਲਫ਼ੇਅਰ ਐਸੋਸੀਏਸ਼ਨ ਦਾ ਸਮਾਗਮ ਦਸਿਆ।