
ਪਟਿਆਲਾ/ਨਵੀਂ ਦਿੱਲੀ, 29 ਅਗੱਸਤ
(ਰਣਜੀਤ ਰਾਣਾ ਰੱਖੜਾ/ਸੁਖਰਾਜ ਸਿੰਘ) : ਆਸਾਮ ਦੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੇ
ਸੂਬੇ ਦੇ ਸਿੱਖਾਂ ਨੂੰ ਅਤਿ ਸੂਖਮ ਘੱਟ ਗਿਣਤੀ ਦਾ ਵਿਸ਼ੇਸ਼ ਰੁਤਬਾ ਪ੍ਰਦਾਨ ਕਰਨ ਅਤੇ
ਆਸਾਮ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਸਹਿਮਤੀ ਦੇ ਦਿਤੀ ਹੈ।
ਇਸ ਬਾਬਤ ਫ਼ੈਸਲਾ
ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ
ਦੀ ਅਗਵਾਈ ਹੇਠ ਉਚ ਪਧਰੀ ਸਿੱਖ ਵਫ਼ਦ ਤੇ ਮੁੱਖ ਮੰਤਰੀ ਦਰਮਿਆਨ ਹੋਈ ਮੀਟਿੰਗ ਵਿਚ ਲਿਆ
ਗਿਆ। ਵਫ਼ਦ ਨੇ ਅਸਾਮ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਸਮੇਂ ਉਨ੍ਹਾਂ ਨੂੰ ਮੰਗ ਪੱਤਰ
ਵੀ ਸੌਂਪਿਆ ਜਿਸ ਵਿਚ ਇਹ ਅਤਿ ਸੂਖਮ ਘੱਟ ਗਿਣਤੀ ਦਾ ਵਿਸ਼ੇਸ਼ ਦਰਜਾ ਦੇਣ ਸਮੇਤ ਸਿੱਖਾਂ
ਲਈ ਹੋਰ ਸਹੂਲਤਾਂ ਦੀ ਮੰਗ ਕੀਤੀ ਗਈ ਸੀ। ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਮੁੱਖ
ਮੰਤਰੀ ਨੇ ਸਿੱਖਾਂ ਦੀਆਂ ਸਾਰੀਆਂ ਹੀ ਪ੍ਰਮੁੱਖ ਮੰਗਾਂ ਮੰਨ ਲਈਆਂ ਹਨ ਅਤੇ ਉਨ੍ਹਾਂ ਨੇ
ਇਨ੍ਹਾਂ ਨੂੰ ਲਾਗੂ ਕਰਵਾਉਣ ਵਾਲੇ ਸ੍ਰੀ ਰਾਜੇਸ਼ ਪ੍ਰਸਾਦ ਆਈਏਐਸ ਨੂੰ ਨੋਡਲ ਅਫ਼ਸਰ ਵੀ
ਨਿਯੁਕਤ ਕੀਤਾ ਹੈ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਨੇ ਸੂਬੇ ਵਿਚ ਛੇਤੀ ਆਨੰਦ ਮੈਰਿਜ
ਐਕਟ ਲਾਗੂ ਕਰਨ, ਸਿੱਖਾਂ ਲਈ ਦਰਬਾਰ ਸਾਹਿਬ ਤੇ ਭਾਰਤ ਦੇ ਹੋਰ ਗੁਰਧਾਮਾਂ ਲਈ ਯਾਤਰਾਵਾਂ
ਸ਼ੁਰੂ ਕਰਨ ਅਤੇ ਨਗਾਉਂ ਵਿਚ ਕਮਿਊਨਿਟੀ ਸੈਂਟਰ ਤੇ ਵਿਦਿਅਕ ਕੰਪਲੈਕਸ ਦੀ ਉਸਾਰੀ ਲਈ 5
ਕਰੋੜ ਰੁਪਏ ਜਾਰੀ ਕਰਨ ਲਈ ਪ੍ਰਵਾਨਗੀ ਦਿਤੀ ਹੈ।
ਇਸ ਵਫ਼ਦ ਵਿਚ ਇਲਾਵਾ ਕੁਲਦੀਪ ਸਿੰਘ
ਭੋਗਲ ਸੀਨੀਅਰ ਅਕਾਲੀ ਆਗੂ, ਪ੍ਰਤਾਪ ਸਿੰਘ ਪ੍ਰਧਾਨ ਸਥਾਨਕ ਗੁਰਦਵਾਰਾ ਕਮੇਟੀ ਅਤੇ
ਸਮਾਜਕ ਕਾਰਕੁਨ ਇੰਦੂ ਸਿੰਘ ਵੀ ਸ਼ਾਮਲ ਸਨ।
ਵਫ਼ਦ ਨੇ ਮੁੱਖ ਮੰਤਰੀ ਨੂੰ ਸਿੱਖਾਂ
ਦੀ ਅਸਾਮ ਵਿਚ ਆਮਦ ਤੇ ਉਨ੍ਹਾਂ ਦੇ ਇਥੇ ਵਸੇਬੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਵਫ਼ਦ ਨੇ
ਮੁੱਖ ਮੰਤਰੀ ਦੀ ਮਦਦ ਮੰਗੀ ਤਾਕਿ ਇਹ ਅਤਿ ਸੂਖਮ ਘੱਟ ਗਿਣਤੀ ਤੇ ਅਣਗੌਲੇ ਸਿੱਖ ਸਿਰ
'ਤੇ ਖੜੇ ਖ਼ਤਰੇ ਵਿਚੋਂ ਬਾਹਰ ਆ ਸਕੇ ਅਤੇ ਸਿੱਖ ਵੀ ਦੇਸ਼ ਦੇ ਹੋਰ ਨਾਗਰਿਕਾਂ ਵਾਂਗ ਅਪਣੇ
ਪੈਰਾਂ 'ਤੇ ਖੜੇ ਹੋ ਸਕਣ।