
ਮੈਲਬਰਨ, 1 ਫ਼ਰਵਰੀ (ਪਰਮਵੀਰ ਸਿੰਘ ਆਹਲੂਵਾਲੀਆ): ਆਸਟ੍ਰੇਲੀਆ ਦੇ ਕਰੀਬ 20 ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ 15 ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਭਾਰਤੀ ਅਧਿਕਾਰੀਆਂ ਦੇ ਗੁਰਦਵਾਰੇ ਵਿਚ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ 'ਤੇ ਪਾਬੰਦੀ ਲਗਾ ਦਿਤੀ ਹੈ। ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਪਾਬੰਦੀਸ਼ੁਦਾ ਅਧਿਕਾਰੀ ਗੁਰਦਵਾਰੇ ਵਿਚ ਹੋਣ ਵਾਲੇ ਕਿਸੇ ਵੀ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈ ਸਕਣਗੇ ਤੇ ਕਿਸੇ ਵੀ ਭਾਰਤੀ ਪ੍ਰਤੀਨਿਧੀ ਨੂੰ ਸਟੇਜ ਤੋਂ ਸੰਬੋਧਨ ਕਰਨ ਦੀ ਵੀ ਮਨਾਹੀ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਬੰਦੀ ਨਿਜੀ ਰੂਪ ਵਿਚ ਆਉਣ ਵਾਲੇ ਅਧਿਕਾਰੀਆਂ 'ਤੇ ਲਾਗੂ ਨਹੀਂ ਹੋਵੇਗੀ। ਇਹ ਪਾਬੰਦੀ ਗ਼ੈਰ ਸਿੱਖ ਸੰਗਠਨਾਂ ਜਿਵੇਂ ਆਰ.ਐਸ.ਐਸ, ਵਿਸ਼ਵ ਹਿੰਦੂਪ੍ਰੀਸ਼ਦ (ਵੀ.ਐਚ.ਪੀ) ਅਤੇ ਸ਼ਿਵਸੈਨਾ ਦੇ
ਅਹੁਦੇਦਾਰਾਂ 'ਤੇ ਵੀ ਲਗਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਹ ਪਾਬੰਦੀ ਲਗਾਉਣ ਦਾ ਮਕਸਦ ਇਸ ਗੱਲ ਨੂੰ ਯਕੀਨੀ ਬਣਾਉਣਾ ਹੈ ਕਿ ਸਿੱਖ ਸੰਸਥਾਵਾਂ ਕਿਸੇ ਵੀ ਤਰ੍ਹਾਂ ਦੇ ਪ੍ਰਭਾਵ ਤੋਂ ਮੁਕਤ ਹਨ। ਆਮ ਸ਼ਰਧਾਲੂ ਵਜੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਗੁਰਦਵਾਰੇ ਦੇ ਦਰਵਾਜ਼ੇ ਖੁੱਲ੍ਹੇ ਹਨ। ਬਿਆਨ ਵਿਚ ਇਹ ਦੋਸ਼ ਲਾਇਆ ਗਿਆ ਹੈ ਕਿ ਭਾਰਤੀ ਸਫ਼ਾਰਤਖ਼ਾਨੇ ਬਿਨਾਂ ਮਤਲਬ ਦੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦਿੰਦੇ ਹਨ ਅਤੇ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀ ਸਿੱਖੀ ਦਾ ਦਰਦ ਰੱਖਣ ਵਾਲਿਆਂ ਨੂੰ ਪ੍ਰੇਸ਼ਾਨ ਕਰਦੇ ਹਨ। ਬਿਆਨ ਵਿਚ ਇਹ ਸਾਫ਼ ਕੀਤਾ ਗਿਆ ਹੈ ਕਿ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀ ਗੁਰਦਵਾਰਿਆਂ ਵਿਚ ਕੋਈ ਬਿਆਨਬਾਜ਼ੀ ਜਾਂ ਸਰਕਾਰੀ ਗਤੀਵਿਧੀ ਨਹੀਂ ਕਰ ਸਕਣਗੇ ਪਰ ਉਨ੍ਹਾਂ ਦੇ ਆਮ ਸੰਗਤ ਦੇ ਰੂਪ ਵਿਚ ਗੁਰੁ ਘਰਾਂ ਵਿਚ ਆਉਣ ਤੇ ਕਿਸੇ ਕਿਸਮ ਦੀ ਕੋਈ ਮਨਾਹੀ ਨਹੀ ਹੋਵੇਗੀ।