
ਅੰਮ੍ਰਿਤਸਰ, 28 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਥਕ ਸੇਵਾਵਾਂ ਨਿਭਾਉਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ (ਚੱਕਰਵਰਤੀ) ਪੰਜਾਬ ਹਿੰਦੁਸਤਾਨ (ਵਿਸ਼ਵ) ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੂੰ ਅੱਜ ਅਕਾਲ ਤਖ਼ਤ ਤੋਂ ਸ਼੍ਰੋਮਣੀ ਸੇਵਾ ਰਤਨ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਭਾਈ ਜਸਵੰਤ ਸਿੰਘ ਸਾਬਕਾ ਹਜ਼ੂਰੀ ਰਾਗੀ ਨੂੰ 'ਸ਼੍ਰੋਮਣੀ ਰਾਗੀ' ਵਜੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਬਾਣੀ ਕੀਰਤਨ ਉਪ੍ਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਨੇ ਅਰਦਾਸ ਕੀਤੀ। ਇਸ ਤੋਂ ਬਾਅਦ ਪਰੰਪਰਾ ਅਨੁਸਾਰ ਬਾਬਾ ਬਲਬੀਰ ਸਿੰਘ ਤੇ ਭਾਈ ਜਸਵੰਤ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ. ਇਕਬਾਲ ਸਿੰਘ, ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿ. ਮਲਕੀਤ ਸਿੰਘ ਅਤੇ ਅਕਾਲ ਤਖ਼ਤ ਦੇ ਗ੍ਰੰਥੀ ਗਿ. ਭਾਗ ਸਿੰਘ ਵਲੋਂ ਇਹ ਸਨਮਾਨ ਦਿਤੇ ਗਏ। ਇਸ ਮੌਕੇ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੂੰ ਖ਼ਾਸ ਦੇਣ, ਦੇਣ ਵਾਲਿਆਂ ਨੂੰ ਅਕਾਲ ਤਖ਼ਤ ਤੋਂ ਸਨਮਾਨ ਦੇਣ ਦੀ ਰਵਾਇਤ ਹੈ। ਇਸੇ ਤਹਿਤ ਬਾਬਾ ਬਲਬੀਰ ਸਿੰਘ ਨੂੰ ਸ਼੍ਰੋਮਣੀ ਸੇਵਾ ਰਤਨ ਦੀ ਉਪਾਧੀ ਅਤੇ ਭਾਈ ਜਸਵੰਤ ਸਿੰਘ ਨੂੰ ਸ਼੍ਰੋਮਣੀ ਰਾਗੀ ਦੀ ਉਪਾਧੀ ਦਿਤੀ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਬਾਬਾ ਬਲਬੀਰ ਸਿੰਘ ਤੇ ਭਾਈ ਜਸਵੰਤ ਸਿੰਘ ਨੂੰ ਵਧਾਈ ਦਿੰਦਿਆਂ ਇਨ੍ਹਾਂ ਦੀਆਂ ਪੰਥ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਬਲਬੀਰ ਸਿੰਘ ਨੇ ਪੰਥ ਨੂੰ ਇਕਜੁੱਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਸਿੱਖ ਨੌਜਵਾਨੀ ਨੂੰ ਅਪਣੇ ਵਿਰਸੇ ਨਾਲ ਜੋੜਨ ਲਈ ਕਈ ਕਾਰਜ ਕੀਤੇ ਹਨ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਉਹ ਸਾਲ 1974 ਵਿਚ ਖ਼ਾਲਸਾ ਪੰਥ ਅਕਾਲੀ ਬੁੱਢਾ ਦਲ ਵਿਚ ਸ਼ਾਮਲ ਹੋਏ ਸਨ। ਭਾਈ ਬਲਬੀਰ ਸਿੰੰਘ ਮੁਤਾਬਕ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀਆਂ ਵਿਚੋ ਸ਼੍ਰੋਮਣੀ ਹੈ, ਬੁੱਢਾ ਦਲ ਵਿਚੋਂ ਹੀ ਬਾਕੀ ਨਿਹੰਗ ਸਿੰਘ ਜਥੇਬੰਦੀਆਂ ਹੋਂਦ ਵਿਚ ਆਈਆਂ। ਗੁਰੂ ਸਾਹਿਬਾਨ ਦੇ ਸ਼ਸਤਰ ਤੇ ਹੋਰ ਯਾਦਗਾਰੀ ਨਿਸ਼ਾਨੀਆਂ ਉਨ੍ਹਾਂ ਦੀ ਜਥੇਬੰਦੀ ਕੋਲ ਹਨ। ਉਨ੍ਹਾਂ ਨੇ 14ਵੇਂ ਮੁਖੀ ਵਜੋਂ 1 ਅਕਤੂਬਰ 2007 ਨੂੰ ਪੰਥ ਦਲ ਦੀ ਕਮਾਂਡ ਸੰਭਾਲੀ। ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਦੀ ਖ਼ਸਤਾ ਹੋ ਚੁੱਕੀ ਇਮਾਰਤ ਨੂੰ ਨਵੇਂ ਤਰੀਕੇ ਨਾਲ ਸੰਭਾਲਿਆ ਜਾ ਰਿਹਾ ਹੈ। ਦਰਸ਼ਨੀ ਡਿਊੜੀ ਤੇ ਸਰਾਵਾਂ ਦੀ ਸੇਵਾ ਵੀ ਉਹ ਕਰਵਾ ਰਹੇ ਹਨ।
ਭਾਈ ਬਲਬੀਰ ਸਿੰਘ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਿਆਂ ਨੂੰ ਖੂਬਸੂਰਤ ਆਧੁਨਿਕ ਤਕਨੀਕ ਨਾਲ ਬਣਾਇਆ ਜਾ ਰਿਹਾ ਹੈ। ਬੁੱਢਾ ਦਲ ਦੀਆਂ ਤਕਰੀਬਨ 350 ਛਾਉਣੀਆਂ ਦੀ ਸੇਵਾ ਜੰਗੀ ਪੱਧਰ 'ਤੇ ਚਲ ਰਹੀ ਹੈ। ਬਾਬਾ ਬਲਬੀਰ ਸਿੰਘ ਨੇ ਗਿ. ਗੁਰਬਚਨ ਸਿੰਘ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਬਾਬਾ ਅਵਤਾਰ ਸਿੰਘ, ਬਾਬਾ ਗੱਜਣ ਸਿੰਘ ਬਾਬਾ ਬਕਾਲਾ, ਬਾਬਾ ਨਾਗਰ ਸਿੰਘ ਤੇ ਬਾਬਾ ਨੌਰੰਗ ਸਿੰਘ ਤਰਨਾ ਦਲ ਹਰੀਆਂ ਵੇਲਾਂ, ਬਾਬਾ ਸ਼ਿੰਦਾ ਸਿੰਘ ਮਹਿਤਾ ਚੌਕ, ਗਿ. ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਤਰਸੇਮ ਸਿੰਘ ਮਹਿਤਾ ਚੌਕ, ਬਾਬਾ ਮਾਨ ਸਿੰਘ ਦਲ ਮੜੀਆਂ ਵਾਲਾ, ਬਾਬਾ ਵਰਿਆਮ ਸਿੰਘ, ਬਾਬਾ ਵੱਸਣ ਸਿੰਘ, ਬਾਬਾ ਮੇਜਰ ਸਿੰਘ ਲੁਧਿਆਣਾ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਜੱਸਾ ਸਿੰਘ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਜਸਪਾਲ ਸਿੰਘ ਜੌਹਲਾਂਵਾਲੇ, ਬਾਬਾ ਸੁੱਖਾਂ ਸਿੰਘ ਖਿਆਲੇਵਾਲੇ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਖੜਕ ਸਿੰਘ, ਬਾਬਾ ਲੱਖਾ ਸਿੰਘ ਹਰਿਆਣਾ, ਬਾਬਾ ਢੂੰਡਾ ਸਿੰਘ, ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਹੋਰ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਅਤੇ ਧਾਰਮਕ ਸ਼ਖ਼ਸੀਅਤਾਂ ਦਾ ਧਨਵਾਦ ਕੀਤਾ। ਇਸ ਮੌਕੇ ਸੁਰਜੀਤ ਸਿੰਘ ਭਿੱਟੇਵਡ, ਮੰਗਵਿੰਦਰ ਸਿੰਘ ਖਾਪੜਖੇੜੀ, ਪਰਮਜੀਤ ਸਿੰਘ ਰਾਣਾ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਅਵਤਾਰ ਸਿੰਘ ਸੈਂਪਲਾ, ਹਰਭਜਨ ਸਿੰਘ ਮਨਾਵਾਂ ਤੇ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਦਿਲਜੀਤ ਸਿੰਘ ਬੇਦੀ ਤੇ ਬਿਜੈ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਭਗਵੰਤ ਸਿੰਘ ਧੰਗੇੜਾ, ਮੈਨੇਜਰ ਸੁਲੱਖਣ ਸਿੰਘ ਭੰਗਾਲੀ ਤੇ ਗੁਰਿੰਦਰ ਸਿੰਘ ਮਥਰੇਵਾਲ, ਗਿ ਗੁਰਬਖਸ਼ ਸਿੰਘ ਗੁਲਸ਼ਨ, ਗੁਰਪ੍ਰਤਾਪ ਸਿੰਘ ਟਿੱਕਾ ਆਦਿ ਹਾਜ਼ਰ ਸਨ।