
ਚੰਡੀਗੜ੍ਹ, 24 ਫ਼ਰਵਰੀ (ਸਸਸ): ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਕਿਲ੍ਹੇ ਅਤੇ ਨਗਰ ਬਾਰੇ ਪੁਸਤਕ 'ਲੋਹਗੜ੍ਹ' ਨੂੰ ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲੋਕ ਅਰਪਣ ਕੀਤਾ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸ਼ਾਹਬਾਦ ਮਾਰਕੰਡਾ ਦੇ ਨੇੜੇ, ਜੀ.ਟੀ. ਰੋਡ 'ਤੇ ਲੋਹਗੜ੍ਹ ਅਤੇ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਦਰਸਾਉਂਦਾ ਕੌਮਾਂਤਰੀ ਪੱਧਰ ਦਾ ਆਲੀਸ਼ਾਨ ਗੇਟ ਵੀ ਬਣਾਇਆ ਜਾਏਗਾ। ਉਨ੍ਹਾਂ ਦੀ ਇੱਛਾ ਹੈ ਕਿ ਇਸ ਥਾਂ ਨੂੰ ਇਕ ਆਲਾ ਦਰਜੇ ਦੇ ਇਤਿਹਾਸਕ ਟੂਰਿਸਟ ਸੈਂਟਰ ਵਜੋਂ ਵਿਕਸਤ ਕੀਤਾ ਜਾਵੇ। ਲੋਹਗੜ੍ਹ ਕਿਤਾਬ ਹਰਿਆਣਾ ਅਕੈਡਮੀ ਆਫ਼ ਹਿਸਟਰੀ ਐਂਡ ਕਲਚਰ ਕੁਰੂਕਸ਼ੇਤਰ ਵਲੋਂ ਛਾਪੀ ਗਈ ਹੈ। ਇਸ ਦੇ ਮੁੱਖ ਲੇਖਕ 60 ਤੋਂ ਵਧ ਪੁਸਤਕਾਂ ਦੇ ਨਾਮਵਰ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ ਹਨ ਤੇ ਉਨ੍ਹਾਂ ਤੋਂ ਇਲਾਵਾ ਸ. ਗਗਨਦੀਪ ਸਿੰਘ (ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ) ਅਤੇ ਸ ਗੁਰਵਿੰਦਰ ਸਿੰਘ (ਚੇਅਰਮੈਨ ਲੋਹਗੜ੍ਹ ਟਰਸਟ) ਦਾ ਵੀ ਇਸ ਵਿਚ ਸਹਿਯੋਗ ਹੈ। ਇਸ ਵਿਚ 17 ਚੈਪਟਰ ਹਨ ਅਤੇ ਇਸ ਵਿਚ ਰਬਿੰਦਰ ਨਾਥ ਟੈਗੋਰ ਦੀ ਬੰਦਾ ਸਿੰਘ ਬਹਾਦਰ 'ਤੇ ਲਿਖੀ ਕਵਿਤਾ ਤੋਂ ਇਲਾਵਾ ਉਚ ਦਰਜੇ ਦੇ ਨਕਸ਼ੇ,
ਕਿਲ੍ਹੇ ਦੇ ਕਈ ਮੋਰਚਿਆਂ ਦੀਆਂ ਤਸਵੀਰਾਂ ਅਤੇ ਕਿਲ੍ਹੇ ਵਿਚੋਂ ਲੱਭੀਆਂ ਕੀਮਤੀ ਨਿਸ਼ਾਨੀਆਂ ਦੀਆਂ ਰੰਗਦਾਰ ਤਸਵੀਰਾਂ ਵੀ ਹਨ, ਜੋ ਵਧੀਆ ਆਰਟ ਪੇਪਰ 'ਤੇ ਛਾਪੀਆਂ ਗਈਆਂ ਹਨ। ਇਹ ਕਿਤਾਬ ਇਤਿਹਾਸ ਦੇ ਖੋਜੀਆਂ, ਵਿਦਿਆਰਥੀਆਂ ਅਤੇ ਆਮ ਪਾਠਕਾਂ ਵਾਸਤੇ ਗਿਆਨ ਦਾ ਭਰਪੂਰ ਖ਼ਜ਼ਾਨਾ ਤੇ ਨਵੀਂ ਰੌਸ਼ਨੀ ਨਾਲ ਭਰਪੂਰ ਹੈ।ਕਿਤਾਬ ਰੀਲੀਜ਼ ਕਰਨ ਦਾ ਸਮਾਗਮ ਹਰਿਆਣਾ ਭਵਨ ਵਿਚ ਹੋਇਆ। ਇਸ ਮੌਕੇ ਮੁੱਖ ਮੰਤਰੀ ਤੋਂ ਇਲਾਵਾ ਹਰਿਆਣਾ ਦੇ ਅੱਧੀ ਦਰਜਨ ਦੇ ਕਰੀਬ ਵਜ਼ੀਰ, ਵਿਧਾਨ ਸਭਾ ਦੇ ਸਪੀਕਰ, ਬੰਦਈ ਸੰਪਰਦਾ ਦੇ ਮੁਖੀ ਬਾਬਾ ਜਤਿੰਦਰ ਸਿੰਘ, ਮਹੰਤ ਕਰਮਜੀਤ ਸਿੰਘ, ਤਰਸੇਮ ਸਿੰਘ ਚੇਅਰਮੈਨ ਦਿੱਲੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਜਗਦੀਸ਼ ਸਿੰਘ ਝੀਂਡਾ ਤੇ ਜਨਰਲ ਸਕਤਰ ਦੀਦਾਰ ਸਿੰਘ ਨਲਵੀ ਵੀ ਹਾਜ਼ਰ ਸਨ। ਰਲੀਜ਼ ਸਮਾਗਮ ਵਿਚ ਮੁੱਖ ਮੰਤਰੀ, ਡਾ. ਹਰਜਿੰਦਰ ਸਿੰਘ ਦਿਲਗੀਰ ਅਤੇ ਲੋਹਗੜ੍ਹ ਫ਼ਾਊਂਡੇਸ਼ਨ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਅਤੇ ਡੀਡੀਪੀਓ ਗਗਨਦੀਪ ਸਿੰਘ ਨੇ ਲੋਕਾਂ ਨੂੰ ਸੰਬੋਧਨ ਕੀਤਾ।