
ਨਵੀਂ
ਦਿੱਲੀ: 1 ਅਕਤੂਬਰ (ਅਮਨਦੀਪ ਸਿੰਘ) ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖਤ ਦੀ ਸਰਬਉੱਚਤਾ
ਦੇ ਨਾਂਅ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ 9 ਅਕਤੂਬਰ ਨੂੰ ਤਲਬ ਕੀਤੇ ਗਏ ਰੀਕਾਰਡ
ਨੂੰ ਪੇਸ਼ ਕਰਨ ਤੋਂ ਟਾਲਾ ਵੱਟਣ ਪਿਛੋਂ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ
ਸ.ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ
ਅਪੀਲ ਕੀਤੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ
ਸਜ਼ਾਵਾਂ ਦਿਵਾਉਣ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਪੂਰਾ ਸਹਿਯੋਗ ਕਰਨ।
ਸ.ਸਰਨਾ
ਨੇ ਕਿਹਾ ਕਿ ਹੁਣ ਅਕਾਲ ਤਖਤ ਦੇ ਜੱਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਪਰਖ ਦੀ ਘੜੀ
ਹੈ ਕਿ ਉਹ ਬਾਦਲ ਪਰਵਾਰ ਦੇ ਭੈਅ ਤੋਂ ਮੁਕਤ ਹੋ ਕੇ, ਕਮਿਸ਼ਨ ਨੂੰ ਲੋੜੀਂਦਾ ਰੀਕਾਰਡ ਪੇਸ਼
ਕਰਨ ਤਾ ਕਿ ਭਵਿੱਖ ਵਿਚ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਹੀਆ ਨਾ ਕਰ
ਸਕੇ।
ਸ.ਸਰਨਾ ਨੇ ਆਸ ਪ੍ਰਗਟਾਈ ਕਿ ਪ੍ਰੋ.ਬਡੂੰਗਰ ਸਾਰਾ ਰੀਕਾਰਡ ਕਮਿਸ਼ਨ ਸਾਹਮਣੇ
ਪੇਸ਼ ਕਰਨਗੇ ਤੇ ਉਹ ਅਹਿਮ ਦਸਤਾਵੇਜ਼ ਵੀ ਕਮਿਸ਼ਨ ਨੂੰ ਸੌਂਪਣਗੇ ਜਿਸ ਨਾਲ ਬਲਾਤਕਾਰੀ ਸੌਦਾ
ਸਾਧ ਨੂੰ ਅਕਾਲ ਤਖਤ ਤੋਂ ਮਾਫੀ ਦਿਵਾਉਣ ਤੇ ਉਸ ਮਾਫੀ ਨੂੰ ਜਾਇਜ਼ ਠਹਿਰਾਉਣ ਲਈ ਅਖਬਾਰਾਂ
ਵਿਚ ਲੱਖਾਂ ਰੁਪਏ ਦੇ ਇਸ਼ਤਿਹਾਰ ਗੁਰੂ ਦੀ ਗੋਲਕ 'ਚੋਂ ਦਿਤੇ ਗਏ ਸਨ। ਉਨ੍ਹਾਂ ਕਿਹਾ ਕਿ
ਅਸਲ 'ਚ ਬਾਦਲ ਪਰਵਾਰ ਨੂੰ ਇਹ ਡਰ ਹੈ ਕਿ ਜੇ ਕਮਿਸ਼ਨ ਨੂੰ ਰੀਕਾਰਡ ਸੌਂਪ ਦਿਤਾ ਗਿਆ ਤਾਂ
ਇਹ ਵੀ ਨਸ਼ਰ ਹੋ ਜਾਵੇਗਾ ਕਿ ਆਖਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਉਂ ਨਹੀਂ
ਸੀ ਫੜੇ ਗਏ ਤੇ ਬਹਿਬਲ ਕਲਾਂ ਵਿਚ ਸ਼ਹੀਦ ਹੋਏ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲੇ
ਪੁਲਿਸ ਮੁਲਾਜ਼ਮਾਂ ਨੂੰ ਕਿਸ ਸ਼ਹਿ 'ਤੇ ਛੱਡ ਦਿਤਾ ਗਿਆ ਸੀ।