
ਗੜ੍ਹਦੀਵਾਲਾ, 19 ਫ਼ਰਵਰੀ (ਹਰਪਾਲ ਸਿੰਘ): ਪੰਜਾਬ ਦੀ ਸੱਤਾ 'ਚੋਂ ਬਾਹਰ ਹੋਏ ਬਾਦਲ ਪਰਵਾਰ ਵਲੋਂ ਪੱਥਕ ਮਸਲਿਆਂ ਦਾ ਰਾਗ ਅਲਾਪਣਾ ਸਿਰਫ਼ ਇਕ ਡਰਾਮਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਅਮ੍ਰਿੰਤਸਰ ਦੇ ਹਲਕਾ ਪ੍ਰਧਾਨ ਟਾਡਾ ਜਥੇਦਾਰ ਕੁਲਦੀਪ ਸਿੰਘ ਮਸੀਤਪਲ ਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਕਰੀਬ 15 ਸਾਲ ਰਾਜ਼ ਦਾ ਸੁੱਖ ਭੋਗ ਕੇ ਚਲੀ ਗਈ ਹੈ। ਇਨ੍ਹਾਂ ਦੇ ਸਮੇਂ ਦੌਰਾਨ ਕੇਂਦਰ ਵਿਚ ਇਨ੍ਹਾਂ ਦੀਆਂ ਭਾਈਵਾਲ ਸਰਕਾਰਾਂ ਹੀ ਸਨ ਪਰ ਅਫ਼ਸੋਸ ਕਿ ਇਨ੍ਹਾਂ ਲੀਡਰਾਂ ਨੂੰ ਜਦ ਲੋਕ ਸੱਤਾ ਤੋਂ ਬਾਹਰ ਕਰ ਦਿੰਦੇ ਹਨ ਤੇ ਦੂਜੀ ਪਾਰਟੀ ਸੱਤਾ ਵਿਚ ਆ ਜਾਂਦੀ ਹੈ ਤਾਂ ਇਹ ਪੰਥ ਦਾ ਰਾਗ ਅਲਾਪਣ ਲੱਗ ਪੈਂਦੇ ਹਨ। ਇਨ੍ਹਾਂ ਨੂੰ ਅਦਾਲਤ ਵਲੋਂ ਦਿਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨਾਂ ਦੀ ਯਾਦ ਆਉਣ ਲੱਗ ਪੈਂਦੀ ਹੈ ਮਤਲਬ ਕੀ ਪੰਥ ਦੇ ਸਾਰੇ ਮਸਲੇ ਯਾਦ ਆ ਜਾਦੇ ਹਨ।
ਕੁਲਦੀਪ ਸਿੰਘ ਨੇ ਦਸੂਹਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਮੌਕੇ ਦੀਆ ਕੇਂਦਰ ਦੀਆਂ ਸਰਕਾਰਾ ਦੇ ਇਸ਼ਾਰੇ 'ਤੇ ਨਿਜੀ ਸਵਾਰਥ ਲਈ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ। ਉਨ੍ਹਾਂ ਕੈਪਟਨ ਕਾਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਇਹ ਦੋਵੇਂ ਇਕੋ ਤਕੜੀ ਦੇ ਚੱਡੇ-ਵੱਟੇ ਹਨ। ਉਨ੍ਹਾਂ ਕਿਹਾ ਕਿ ਜੇ ਅੱਜ ਸ਼੍ਰ੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਤਾਂ ਜਿਸ ਤਰਾਂ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬਾਦਲ ਨੂੰ ਸੱਤਾ ਤੋਂ ਬਾਹਰ ਕੀਤਾ ਹੈ, ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਤੋਂ ਵੀ ਬਾਦਲਕੇ ਬਾਹਰ ਹੋ ਜਾਣਗੇ। ਉਨ੍ਹਾਂ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਸ਼੍ਰੋ੍ਰਮਣੀ ਕਮੇਟੀ ਦੀ ਮਿਆਦ ਪੂਰੀ ਹੋ ਚੁੱਕੀ ਹੈ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੇਤੀ ਕਰਵਾਈਆਂ ਜਾਣ ਤਾਕਿ ਗੁਰੂ ਘਰ 'ਤੇ ਕਾਬਜ਼ ਹੋਏ ਬਾਦਲਕਿਆਂ ਦੇ ਮਹੰਤਾਂ ਤੋਂ ਅਕਾਲ ਤਖ਼ਤ ਨੂੰ ਆਜ਼ਾਦ ਕਰਵਾ ਕੇ ਗੁਰੂ ਘਰਾਂ ਦੇ ਕੰਮ ਕਾਜ ਨੂੰ ਸਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਸੰਦੀਪ ਸਿੰਘ ਖ਼ਾਲਸਾ ਰਣਜੀਤ ਸਿੰਘ ਸੈਨਪੁਰ ਸੁਰਿੰਦਰ ਸਿੰਘ ਮਸੀਤਪਲ ਕੋਟ ਰਣਦੀਪ ਸਿੰਘ ਹਰਪਿੰਦਰ ਸਿੰਘ ਆਦਿ ਹਾਜ਼ਰ ਸਨ।