
ਤਰਨਤਾਰਨ, 14 ਨਵੰਬਰ (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਦੇ ਕੰਮ ਕਾਰ ਦਾ ਜੇ ਪੂਰੇ ਸਾਲ ਦਾ ਲੋਖਾ ਜੋਖਾ ਕੀਤਾ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਸ. ਬਡੂੰਗਰ ਨੇ ਪੂਰਾ ਸਾਲ ਸਿਰਫ਼ ਅਖ਼ਬਾਰੀ ਬਿਆਨਾਂ ਤਕ ਹੀ ਸੀਮਤ ਰਹਿ ਕੇ ਅਪਣੀ ਹੋਂਦ ਦਾ ਅਹਿਸਾਸ ਕਰਵਾਇਆ। ਸ. ਬਡੂੰਗਰ ਦੀ ਕਾਰਗੁਜਾਰੀ ਨੂੰ ਲੋਕਾਂ ਤਕ ਪੁਜਦਾ ਕਰਨ ਲਈ ਕਮੇਟੀ ਵਲੋਂ ਇਕ ਸੇਵਾ ਸਰਗਮੀਆਂ ਨਾਮਕ ਕਿਤਾਬ ਤਾਂ ਜਾਰੀ ਕੀਤੀ ਹੈ, ਇਸ ਦੇ ਬਾਵਜੂਦ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਆਮ ਆਦਮੀ ਦੇ ਪਲੇ ਸਿਰਫ਼ ਨਿਰਾਸ਼ਾ ਹੀ ਪਈ ਹੈ। ਜੇ ਗੱਲ ਕੀਤੀ ਜਾਵੇ ਤਾਂ ਸੱਭ ਤੋਂ ਪਹਿਲਾਂ ਗੁਰਦਵਾਰਾ ਗਿਆਨ ਗੋਦੜੀ ਦੀ ਪ੍ਰਾਪਤੀ ਲਈ ਕਮੇਟੀ ਦੇ ਯਤਨਾਂ ਦੀ ਤਾਂ ਇਸ ਮਾਮਲੇ ਤੇ ਕੋਈ ਠੋਸ ਯਤਨ ਕਰਨ ਦੀ ਬਜਾਏ ਪਹਿਲਾਂ ਜਪੁਜੀ ਸਾਹਿਬ ਦੇ ਪਾਠ ਕਰਨ ਤੇ ਫਿਰ ਇਕ ਕਮੇਟੀ ਬਣਾ ਕੇ ਅਪਣੇ ਗਲੋਂ ਗਲਾਵਾਂ ਲਾਹ ਕੇ ਕਮੇਟੀ ਦੇ ਗਲ ਪਾ ਦਿਤੀਆਂ। ਇਥੇ ਹੀ ਬਸ ਨਹੀਂ, ਸ. ਬਡੂੰਗਰ ਦੇ ਕਾਰਜਕਾਲ ਵਿਚ ਸਿੱਖ ਵਿਰੋਧੀ ਤਾਕਤਾਂ ਸਿਰ ਤਾਂ ਚੁਕਦੀਆਂ ਰਹੀਆਂ ਪਰ ਮਜਾਲ ਹੈ ਕਿ ਸ. ਬਡੂੰਗਰ ਨੇ ਉਨ੍ਹਾਂ ਤਾਕਤਾਂ ਦੇ ਬਾਰੇ ਇਕ ਸ਼ਬਦ ਵੀ ਬੋਲਿਆ ਹੋਵੇ। ਫਿਰ ਭਾਵੇਂ ਅੰਮ੍ਰਿਤਸਰ ਦੇ ਸੁਧੀਰ ਸੂਰੀ ਦੇ ਸਿੱਖਾਂ ਬਾਰੇ ਅੱਗ ਉਗਲਦੇ ਬਿਆਨ ਹੋਣ ਜਾਂ ਆਰਐਸਐਸ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਨੂੰ ਲੈ ਕੇ ਕੀਤੇ ਜਾਂਦੇ ਸਮਾਗਮ। ਸ. ਬਡੂੰਗਰ ਨੇ ਸਿੱਖਾਂ ਦੀ ਗੱਲ ਕਰਨ ਦੀ ਬਜਾਏ ਸਿੱਧੇ ਤੌਰ 'ਤੇ ਸੰਘ
ਪਰਵਾਰ ਦੀ ਪਿਠ ਥਾਪੜਦਿਆਂ ਬਿਆਨ ਜਾਰੀ ਕਰ ਦਿਤਾ ਕਿ ਹਰ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਅਧਿਕਾਰ ਹੈ। ਹਾਲਾਂਕਿ ਬਡੂੰਗਰ ਭਲੀ ਭਾਂਤ ਜਾਣਦੇ ਹਨ ਕਿ ਸਾਲ 2004 ਵਿਚ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਵਿਰੋਧੀ ਜਥੇਬੰਦੀ ਐਲਾਣਿਆ ਹੋਇਆ ਹੈ। ਹੁਣ ਆਉਂਦੇ ਹਾਂ, ਸ. ਬਡੂੰਗਰ ਦੀ ਧਰਮ ਪ੍ਰਚਾਰ ਲਹਿਰ ਵਲ। ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਬਡੂੰਗਰ ਵਲੋਂ 5 ਜੁਲਾਈ ਨੂੰ ਬੜੇ ਹੀ ਜੋਰ ਸ਼ੋਰ ਨਾਲ ਸ਼ੁਰੂ ਕੀਤੀ। ਇਹ ਧਰਮ ਪ੍ਰਚਾਰ ਲਹਿਰ ਅੱਧ ਵਿਚਾਲੇ ਦਮ ਤੋੜ ਗਈ। ਇਸ ਲਹਿਰ ਦੇ ਹਾਲ ਇਹ ਰਿਹਾ ਕਿ ਮਾਝਾ ਖੇਤਰ ਵਿਚ ਜਿਥੇ ਸ਼੍ਰੋਮਣੀ ਕਮੇਟੀ ਦੇ ਕਰੀਬ 31 ਮੈਂਬਰ ਹਨ ਫਿਰ ਵੀ ਇਹ ਲਹਿਰ ਕੋਈ ਮਆਰਕੇਯੋਗ ਕੰਮ ਨਹੀ ਕਰ ਸਕੀ। ਅਫਸੋਸ ਦੀ ਗਲ ਇਹ ਵੀ ਰਹੀ ਕਿ ਜਿਥੇ ਜਿਥੇ ਵੀ ਲਹਿਰ ਨਾਲ ਸੰਬਧਤ ਸਮਾਗਮ ਹੋਏ ਉਥੋ ਅਹੀਆਂ ਖਬਰਾਂ ਆਈਆਂ ਜਿਨਾਂ ਨੇ ਕੌਮ ਦਾ ਸਿਰ ਸ਼ਰਮ ਲਾਲ ਨੀਵਾਂ ਕਰ ਦਿੱਤਾ। ਕਮੇਟੀ ਦੇ ਮੁਖ ਦਫਤਰ ਤੇਜਾ ਸਿੰਘ ਸਮੂੰਦਰੀ ਹਾਲ ਤੋ ਮਾਹਿਜ 20 ਕਿਲੋਮੀਟਰ ਦੂਰੀ ਤੇ ਸਥਿਤ ਤਰਨਤਾਰਨ ਸਾਹਿਬ ਤਕ ਆਉਂਦੇ ਆਉਂਦੇ ਹੀ ਦਮ ਨਿਕਲ ਗਿਆ ਲਗ ਰਿਹਾ ਹੈ। ਇਸ ਸੰਬਧੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਦਫਤਰ ਕੋਲ ਹੁਣ ਤਕ ਕੋਈ ਪ੍ਰੋਗਰਾਮ ਨਹੀ ਹੈ ਜਦਕਿ ਇਹ ਲਹਿਰ ਸ਼ੁਰੂ ਕਰਨ ਸਮੇ ਦਾਅਵਾ ਕੀਤਾ ਗਿਆ ਸੀ ਕਿ ਇਹ ਲਹਿਰ ਪੰਜਾਬ ਵਿਚ ਡੇਰਾਵਾਦ ਨੂੰ ਠਲ ਪਾਵੇਗੀ। ਤਰਨਤਾਰਨ ਸਾਹਿਬ ਵਿਚ ਡੇਰਾਵਾਦ ਨੂੰ ਠਲ ਤਾਂ ਕੀ ਪਾਉਂਣੀ ਸੀ ਨਿਰੰਕਾਰੀ ਦਰਬਾਰ, ਸੁਲਾਕੁਲ ਲਹਿਰ ਰਾਧਾ ਸੁਆਮੀ ਮੱਤ ਦਾ ਪ੍ਰਚਾਰ ਜੋਰਾਂ ਤੇ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਕ੍ਰਿਪਾਲ ਸਿੰਘ ਬਡੂੰਗਰ ਨੇ ਦਾਅਵਾ ਕੀਤਾ ਸੀ ਹਰ ਮੈਂਬਰ ਨੂੰ ਇਕ ਇਕ ਰਾਗੀ ਜੱਥਾ, ਇਕ ਇਕ ਢਾਢੀ ਜਥਾ ਅਤੇ ਪ੍ਰਚਾਰਕ ਦਿੱਤਾ ਜਾਵੇਗਾ ਜੋ ਕਿ ਆਪਣੇ ਹਲਕੇ ਵਿਚ ਵਖ ਵਖ ਧਾਰਮਿਕ ਪ੍ਰੋਗਰਾਮ ਕਰਕੇ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੇਗਾ। ਪਰ ਅੱਜ ਲਹਿਰ ਦੇ ਸ਼ੁਰੂ ਹੋਣ ਦੇ ਬਾਅਦ ਵੀ ਇਹ ਲਹਿਰ 20 ਕਿਲੋ ਮੀਟਰ ਦਾ ਪੰਧ ਨਹੀ ਮੁੱਕਾ ਸਕੀ। ਤਰਨ ਤਾਰਨ ਜਿਨੇ ਨਾਲ ਸੰਬਧਤ ਵਖ ਵਖ ਮੈਂਬਰਾਂ ਨਾਲ ਗਲ ਕੀਤੇ ਜਾਣ ਤੇ ਉਨ੍ਹਾਂ ਦਸਿਆ ਕਿ ਜਲਦ ਹੀ ਅਸੀ ਤਰਨ ਤਾਰਨ ਜਿਲੇ ਵਿਚ ਸਮਾਗਮ ਕਰਕੇ ਗੁਰਮਤਿ ਲਹਿਰ ਸ਼ੁਰੂ ਕਰਾਂਗੇ। ਇਹ ਲਹਿਰ ਕਦੋ ਸ਼ੁਰੂ ਹੋਵੇਗੀ, ਕਿਥੋ ਸ਼ੁਰੂ ਹੋਵੇਗੀ ਤੇ ਇਸ ਦੀ ਰੂਪ ਰੇਖਾ ਕੀ ਹੋਵੇਗੀ ਇਸ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਨਹੀ। ਸਿਤਮਜ਼ਰੀਫੀ ਇਹ ਵੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਭ ਤੋ ਵਧ ਪ੍ਰਭਾਵਸ਼ਾਲੀ ਧਰਮ ਪ੍ਰਚਾਰ ਦੇ ਸਕਤੱਰ ਦਾ ਜਿੰਮਾ ਸ੍ਰ ਸੁਖਦੇਵ ਸਿੰਘ ਭੂਰਾ ਕੋਹਨਾ ਕੋਲ ਹੈ ਜੋ ਖੁਦ ਤਰਨਤਾਰਨ ਜਿਲੇ ਦੇ ਨਾਲ ਸੰਬਧਤ ਹਨ। ਦੂਜੇ ਪ੍ਰਭਾਵਸ਼ਾਲੀ ਸਕਤੱਰ ਸ ਹਰਭਜਨ ਸਿੰਘ ਮਨਾਵਾਂ ਵੀ ਤਰਨਤਾਰਨ ਨਾਲ ਸਬੰਧਤ ਹਨ।