
ਜਲੰਧਰ, 30 ਨਵੰਬਰ (ਸਤਨਾਮ ਸਿੰਘ ਸਿੱਧੂ): ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖ਼ਾਲਸਾ, ਸੁਰਿੰਦਰਪਾਲ ਸਿੰਘ ਗੋਲਡੀ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਬਲਵਿੰਦਰਪਾਲ ਸਿੰਘ ਸਕੱਤਰ ਜਨਰਲ ਨੇ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ 'ਤੇ ਟਿਪਣੀ ਕਰਦਿਆਂ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ 'ਤੇ ਪੰਥ ਵਿਰੋਧੀ ਸੌਦਾ ਸਾਧ ਦੇ ਪ੍ਰੇਮੀਆਂ ਦਾ ਕਬਜ਼ਾ ਹੋ ਚੁੱਕਾ ਹੈ। ਆਗੂਆਂ ਨੇ ਕਿਹਾ ਕਿ ਲੌਂਗੋਵਾਲ ਜੋ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਬਣੇ ਹਨ, ਉਹ ਬਲਾਤਕਾਰੀ ਸੌਦਾ ਸਾਧ ਦੇ ਪੂਜਕ ਹਨ ਤੇ ਵਿਧਾਨ ਸਭਾ ਚੋਣਾਂ ਦੌਰਾਨ ਉਹ ਉਸ ਦੇ ਡੇਰੇ ਵਿਚ ਵੋਟਾਂ ਦੀ ਭਿਖਿਆ ਮੰਗਣ ਗਏ ਸਨ ਹਾਲਾਂਕਿ ਅਕਾਲ ਤਖ਼ਤ ਵਲੋਂ ਹੁਕਮਨਾਮਾ ਜਾਰੀ ਸੀ ਕਿ ਜੋ ਵਿਅਕਤੀ ਇਸ ਹੁਕਮਨਾਮੇ ਦੀ ਉਲੰਘਣਾ ਕਰੇਗਾ, ਉਹ ਪੰਥ ਦਾ ਦੋਸ਼ੀ ਹੋਵੇਗਾ। ਇਸ ਵਿਅਕਤੀ ਨੂੰ ਅਕਾਲ ਤਖ਼ਤ ਤੋਂ ਸਜ਼ਾ ਵੀ ਦਿਤੀ ਜਾ ਚੁੱਕੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਜਿਹੇ ਵਿਅਕਤੀ ਨੂੰ ਅਪਣੇ ਲਿਫ਼ਾਫ਼ੇ ਵਿਚੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੱਢ ਕੇ ਪੰਥ 'ਤੇ ਥੋਪਣਾ ਪੰਥ ਵਿਰੋਧੀ ਹਰਕਤ ਹੈ ਤੇ ਅਕਾਲ ਤਖ਼ਤ ਦੀ ਹੋਂਦ ਨੂੰ ਸਿਧੀ ਚੁਨੌਤੀ ਹੈ। ਇਸ ਦੇ ਸਿੱਧੇ ਅਰਥ ਹਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਿਰਸੇ ਵਾਲੇ ਬਾਬੇ ਨਾਲ ਗੂੜਾ ਰਿਸ਼ਤਾ ਹੈ ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ ਵਿਚ ਹੁੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕੀ ਇਕ ਪੰਥਕ ਹਿਤਾਂ ਨੂੰ ਠੇਸ ਪਹੁੰਚਾਉਣ ਵਾਲਾ ਤਨਖ਼ਾਹੀਆ ਵਿਅਕਤੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਥ ਦੇ ਲਈ ਕੈਂਸਰ ਹੈ ਤੇ ਘੁਣ ਵਾਂਗ ਚਿੰਬੜੀ ਹੋਈ ਹੈ ਜੋ ਭਾਰਤੀ ਸੰਵਿਧਾਨ ਦੇ ਅਧੀਨ ਹੈ ਤੇ ਸਿੱਖ ਕੌਮ ਨੂੰ ਹੁਣ ਇਸ ਨੂੰ ਰੱਦ ਕਰ ਕੇ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਲਈ ਨਵੀਂ ਕਮੇਟੀ ਵਿਸ਼ਵ ਪੱਧਰ 'ਤੇ ਬਣਾਉਣੀ ਚਾਹੀਦੀ ਹੈ।