
ਲੰਦਨ, 29 ਅਕਤੂਬਰ (ਹਰਜੀਤ ਸਿੰਘ ਵਿਰਕ) : ਇਕ ਪਾਸੇ ਜਿਥੇ ਪੰਜਾਬ 'ਚ ਮਾਂ ਬੋਲੀ ਪੰਜਾਬੀ ਸਕੂਲਾਂ 'ਚ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਹੋਰ ਸੰਸਥਾਵਾਂ ਨਾਕਾਮ ਹੋ ਗਈਆਂ ਹਨ ਅਤੇ ਆਏ ਦਿਨ ਹੋ ਰਹੇ ਪੰਜਾਬੀ ਨਾਲ ਵਿਤਕਰੇ 'ਤੇ ਪੰਜਾਬ ਦੇ ਸਪੂਤ ਮੂਕ ਦਰਸ਼ਕ ਬਣੇ ਵੇਖ ਰਹੇ ਹਨ, ਉਥੇ ਹੀ ਅੰਗਰੇਜ਼ੀ ਦੀ ਜਨਮ ਭੂਮੀ ਵਲੈਤ 'ਚ ਪੰਜਾਬੀ ਮਾਂ ਅਪਣੇ ਸੱਚੇ ਸਪੂਤਾਂ ਦੀ ਬਦੌਲਤ ਆਏ ਦਿਨ ਨਵੇਂ ਮਾਅਰਕੇ ਪ੍ਰਾਪਤ ਕਰਦੀ ਜਾ ਰਹੀ ਹੈ।
ਹੁਣ ਲੰਦਨ ਦੇ ਮਿੰਨੀ ਪੰਜਾਬ
ਸਾਊਥਾਲ ਵਿਚ ਪੰਜਾਬੀਆਂ ਨੇ ਲੰਮੇ ਸੰਘਰਸ਼ਾਂ ਤੋਂ ਬਾਅਦ ਸਥਾਨਕ ਸਕੂਲਾਂ 'ਚ ਪੰਜਾਬੀ ਦੀ
ਪੜ੍ਹਾਈ ਸ਼ੁਰੂ ਕਰਵਾਈ ਸੀ, ਜੋ ਹੌਲੀ-ਹੌਲੀ ਬੰਦ ਹੋਣ ਲੱਗੀ ਹੈ ਅਤੇ ਇਥੋਂ ਦੇ ਵਿਲੀਅਮਜ਼
ਹਾਈ ਸਕੂਲ 'ਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਬੰਦ ਕਰਨ ਦੇ ਸਕੂਲ ਵਲੋਂ ਕੀਤੇ ਗਏ ਫ਼ੈਸਲੇ
ਵਿਰੁਧ ਸਿੱਖ ਮਿਸ਼ਨਰੀ ਸੁਸਾਇਟੀ ਅਤੇ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਆਰੰਭੇ
ਸੰਘਰਸ਼ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦਾ ਪ੍ਰਬੰਧ ਗੁਰਦਵਾਰਾ ਪਾਰਕ ਐਵੇਨਿਊ
ਵਿਖੇ ਕੀਤਾ ਗਿਆ। ਇਸ ਮੌਕੇ 'ਪੰਜਾਬੀ ਕਲਾਸਿਜ਼ ਐਟ ਵਿਲੀਅਮਜ਼ ਹਾਈ ਸਕੂਲ' ਨਾਂ ਦੇ ਸੰਗਠਨ
ਦਾ ਗਠਨ ਕੀਤੇ ਜਾਣ ਸਬੰਧੀ ਵਿਚਾਰਾਂ ਹੋਈਆਂ।
ਇਹ ਸੰਗਠਨ ਗੁਰੂ ਘਰਾਂ ਦੀ ਸੰਗਤ ਅਤੇ ਹੋਰ
ਸਥਾਨਕ ਮੀਡੀਆ ਰਾਹੀਂ ਸੰਗਤਾਂ ਨੂੰ ਜਾਗਰੂਕ ਕਰੇਗਾ। ਮੀਟਿੰਗ 'ਚ ਹਾਜ਼ਰ ਪੰਜਾਬੀ
ਹਿਤੈਸ਼ੀਆਂ ਨੇ ਪੰਜਾਬੀ ਲਈ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਮੌਕੇ ਗੁਰੂ ਘਰਾਂ
ਦੇ ਪ੍ਰਤੀਨਿਧ ਅਤੇ ਹੋਰ ਧਾਰਮਕ ਸੰਸਥਾਵਾਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ।