
ਅੰਮ੍ਰਿਤਸਰ, 25 ਸਤੰਬਰ
(ਸੁਖਵਿੰਦਰਜੀਤ ਸਿੰਘ ਬਹੋੜੂ) : ਸ਼ਿਵ ਮੋਹਨ ਗਰਗ ਵਧੀਕ ਸੈਸ਼ਨ ਜੱਜ, ਅੰਮ੍ਰਿਤਸਰ ਨੇ
ਬੇਅਦਬੀ ਕਰਨ ਦੇ ਦੋਸ਼ ਹੇਠ ਸਮਸ਼ੇਰ ਸਿੰਘ ਪੁੱਤਰ ਲਖਵਿੰਦਰ ਸਿੰਘ, ਪ੍ਰੇਮ ਸਿੰਘ ਪੁੱਤਰ
ਰਤਨ ਸਿੰਘ, ਰਾਜੂ ਮਸੀਹ ਪੁੱਤਰ ਕੁੰਨਣ ਮਸੀਹ ਵਾਸੀਅਨ ਰਾਮਦੀਵਾਲੀ ਨੂੰ 7 ਸਾਲ ਦੀ ਕੈਦ
ਅਤੇ 2-2 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਉਕਤ
ਦੋਸ਼ੀਆਂ ਨੂੰ ਥਾਣਾ ਮੱਤੇਵਾਲ ਦੇ ਪਿੰਡ ਰਾਮਦੀਵਾਲੀ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ
ਦੀ ਗੋਲਕ 'ਚ ਚੋਰੀ ਕਰਨ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਟਕਾ ਸਾਹਿਬ ਦੀ
ਬੇਅਦਬੀ ਕੀਤੀ ਸੀ, ਜਿਸ ਸਬੰਧੀ ਥਾਣਾ ਮੱਤੇਵਾਲ, ਅੰਮ੍ਰਿਤਸਰ ਦੀ ਪੁਲਿਸ ਨੇ ਦਫ਼ਾ
452,457,380,295, 295 ਏ, 436,427,34 ਆਈ ਪੀ ਸੀ ਐਕਟ ਤਹਿਤ ਮੁੱਕਦਮਾ 12 ਮਾਰਚ
2016 ਨੂੰ ਥਾਣਾ ਮੱਤੇਵਾਲ ਦੀ ਪੁਲਿਸ ਨੇ ਦਰਜ ਕੀਤਾ ਸੀ। ਇਸ ਘਟਨਾ ਸਬੰਧੀ ਸਿੱਖ ਕੌਮ
ਦੀਆਂ ਧਾਰਮਕ ਸ਼ਖ਼ਸੀਅਤਾਂ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਦਿਆਂ ਸਰਕਾਰ ਤੇ ਜ਼ੋਰ ਦਿਤਾ
ਸੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਤੀਆਂ ਜੋ ਆਏ ਦਿਨ ਸ੍ਰੀ ਗੁਰੂ ਗ੍ਰੰਥ
ਸਾਹਿਬ ਤੇ ਗੁਟਕਾ ਸਾਹਿਬ ਜੀ ਦੀ ਬੇਅਦਬੀ ਕਰ ਰਹੇ ਹਨ।
ਉਕਤ ਕੇਸ ਸਬੰਧੀ ਪੈਰਵਾਈ ਸੀਨੀਅਰ
ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵਲੋਂ ਕੀਤੀ ਗਈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਮੈਂਬਰ ਵੀ ਹਨ। ਇਹ ਵੀ ਦਸਣਯੋਗ ਹੈ ਕਿ ਪੰਜਾਬ ਭਰ 'ਚ ਬੇਅਦਬੀ ਦੀਆਂ ਘਟਨਾਵਾਂ
ਬੇਸ਼ੁਮਾਰ ਹੋਈਆ ਹਨ ਜਿਨ੍ਹਾਂ ਸਬੰਧੀ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਪਰਚੇ ਦਰਜ
ਕੀਤੇ ਗਏ ਹਨ। ਬਰਗਾੜੀ ਕਾਂਡ 'ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ
ਅਤੇ ਪੰਥਕ ਆਗੂਆਂ ਵੱਲੋਂ ਕਾਫੀ ਦਿਨ ਮੋਰਚਾ ਵੀ ਲਾਇਆ ਗਿਆ ਅਤੇ ਇਸ ਦੌਰਾਨ ਹੀ ਸਿੱਖ
ਨੌਜਵਾਨ ਦੀ ਮੌਤ ਵੀ ਹੋਈ ਸੀ ਜਿਸ ਸਬੰਧੀ ਉੱਚ ਪਧਰੀ ਕਮਿਸ਼ਨ ਵੀ ਬਣਾਏ ਗਏ ਸਨ।