
ਜੇ ਮੇਰੇ ਪ੍ਰਚਾਰ ਵਿਚ ਕੋਈ ਕਮੀ ਨਿਕਲੀ ਤਾਂ ਪ੍ਰਚਾਰ ਕਰਨਾ ਛੱਡ ਦਿਆਂਗਾ: ਢਡਰੀਆਂ ਵਾਲਾ
ਅਬੋਹਰ, 2 ਫ਼ਰਵਰੀ (ਤੇਜਿੰਦਰ ਸਿੰਘ ਖ਼ਾਲਸਾ): ਸਾਧਾਂ-ਸੰਤਾਂ ਅਤੇ ਸੰਪਰਦਾਵਾਂ ਤੋਂ ਕਿਨਾਰਾ ਕਰ ਕੇ ਪਿਛਲੇ 2-3 ਸਾਲਾਂ ਤੋਂ ਨਿਰੋਲ ਗੁਰਮਤਿ ਦਾ ਪ੍ਰਚਾਰ ਕਰ ਰਹੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ 'ਤੇ ਜਾਗਰੂਕ ਲਹਿਰ ਨੂੰ ਨੁਕਸਾਨ ਪਹੁੰਚਾਉਣ ਦੇ ਲੱਗ ਰਹੇ ਦੋਸ਼ਾਂ ਦੇ ਜਵਾਬ ਵਿਚ ਬੀਤੇ ਦਿਨੀ ਸੋਸ਼ਲ ਮੀਡੀਆ 'ਤੇ ਚਰਚਿਤ ਹੋਈ ਇਕ ਵੀਡੀਉ ਨੇ ਖਲਬਲੀ ਮਚਾ ਦਿਤੀ ਹੈ। ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਕਿਹਾ ਕਿ ਸੰਪਰਦਾਈ ਸਾਧਾਂ ਤੋਂ ਕਿਨਾਰਾ ਕਰ ਕੇ ਜਦ ਤੋਂ ਉਨ੍ਹਾਂ ਨੇ ਗੁਰਮਤਿ ਅਨੁਸਾਰ ਪ੍ਰਚਾਰ ਸ਼ੁਰੂ ਕੀਤਾ ਹੈ ਤਦ ਤੋਂ ਸਾਧ ਲਾਣਾ ਤਾਂ ਉਨ੍ਹਾਂ ਮਗਰ ਪਿਆ ਹੋਇਆ ਸੀ ਜਿਨ੍ਹਾਂ ਨੇ ਮੇਰੇ ਤੇ ਹਮਲਾ ਕਰ ਕੇ ਮੇਰਾ ਇਕ ਸਾਥੀ ਵੀ ਮਾਰ ਦਿਤਾ ਪਰ ਹੁਣ ਜਾਗਰੂਕ ਧਿਰਾਂ ਨੂੰ ਮੇਰੇ ਵਲੋਂ ਕੀਤੇ ਜਾਂਦੇ ਪ੍ਰਚਾਰ ਤੋਂ ਖ਼ਤਰਾ ਮਹਿਸੂਸ ਹੋਣਾ ਸ਼ਰਮਨਾਕ ਜਾਪਦਾ ਹੈ। ਉਨ੍ਹਾਂ ਕਿਹਾ ਕਿ ਸੰਪਰਦਾਈ ਪ੍ਰਚਾਰ ਦੌਰਾਨ ਪਾਏ ਭੁਲੇਖਿਆਂ ਨੂੰ ਉਨ੍ਹਾਂ ਨੇ ਅਪਣੀ ਗ਼ਲਤੀ ਮੰਨਦੇ ਹੋਏ ਮੌਜੂਦਾ ਪ੍ਰਚਾਰ ਦੌਰਾਨ ਗ਼ਲਤ ਰਵਾਇਤਾਂ ਨੂੰ ਕਟਿਆ ਹੈ ਜਦਕਿ ਬਰਗਾੜੀ ਗੋਲੀ ਕਾਂਡ, ਕੋਟਕਪੂਰਾ ਧਰਨਾ, ਸਰਬੱਤ ਖ਼ਾਲਸਾ, ਭਾਈ ਗੁਰਬਖ਼ਸ਼ ਸਿੰਘ, ਬਾਪੂ ਸੂਰਤ ਸਿੰਘ ਆਦਿ ਕਈ ਮੁਦਿਆਂ 'ਤੇ ਸਾਥੋਂ ਗ਼ਲਤੀਆਂ ਹੋਈਆਂ ਜੋ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਆਦਿ ਵਲੋਂ ਸਾਂਝੇ ਤੌਰ 'ਤੇ ਫ਼ੈਸਲੇ ਲਏ ਗਏ ਸਨ।
ਉਨ੍ਹਾਂ ਕਿਹਾ ਕਿ ਹੁਣ ਵਿਦੇਸ਼ਾਂ ਵਿਚ ਰੇਡੀਉ ਰਾਹੀਂ ਕੁੱਝ ਧਿਰਾਂ ਉਨ੍ਹਾਂ ਅਤੇ ਭਾਈ ਪੰਥਪ੍ਰੀਤ ਸਿੰਘ ਤੇ ਭਾਈ ਸਰਬਜੀਤ ਸਿੰਘ ਧੂੰਦਾ ਵਿਚ ਮਤਭੇਦ ਪੈਦਾ ਕਰਨ ਦੀ ਕੋਸ਼ਿਸ ਕਰ ਰਹੀਆਂ ਹਨ ਜਦਕਿ ਉਕਤ ਪ੍ਰਚਾਰਕਾਂ ਦਾ ਉਨ੍ਹਾਂ ਹਮੇਸ਼ਾ ਸਤਿਕਾਰ ਕੀਤਾ ਪਰ ਹੁਣ ਕੁੱਝ ਅਪਣੇ ਆਪ ਨੂੰ ਜਾਗਰੂਕ ਕਹਿਣ ਵਾਲੀਆਂ ਧਿਰਾਂ ਲਹਿਰ ਨੂੰ ਖ਼ਤਰਾ ਪੈਦਾ ਹੋਣ ਦਾ ਭੰਡੀ ਪ੍ਰਚਾਰ ਕਰ ਰਹੀਆਂ ਹਨ ਅਤੇ ਉਨ੍ਹਾਂ ਵਲੋਂ ਏਕਤਾ ਨਾ ਕਰਨ ਦਾ ਝੂਠਾ ਰੌਲਾ ਪਾਇਆ ਜਾ ਰਿਹਾ ਹੈ ਜਦਕਿ ਹਕੀਕਤ ਵਿਚ ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਹਰਜਿੰਦਰ ਸਿੰਘ ਮਾਝੀ ਆਦਿ ਪ੍ਰਚਾਰਕਾਂ ਨੂੰ ਸੱਭ ਪਤਾ ਹੈ। ਉਨ੍ਹਾਂ ਕਿਹਾ ਕਿ ਉਹ ਗੁਰਮਤਿ ਸੋਝੀ ਮੁਤਾਬਕ ਲਗਾਤਾਰ ਪ੍ਰਚਾਰ ਕਰ ਰਹੇ ਹਨ ਪਰ ਫਿਰ ਵੀ ਜੇ ਉਨ੍ਹਾਂ ਦੇ ਪ੍ਰਚਾਰ ਵਿਚ ਕੋਈ ਕਮੀ ਹੈ ਤਾਂ ਉਕਤ ਪ੍ਰਚਾਰਕਾਂ ਵਿਚੋਂ ਕੋਈ ਉਨ੍ਹਾਂ ਨਾਲ ਗੱਲਬਾਤ ਕਰ ਕੇ ਕਮੀ ਕੱਢੇ ਤਾਂ ਉਹ ਪ੍ਰਚਾਰ ਕਰਨਾ ਹੀ ਛੱਡ ਦੇਣਗੇ ਪਰ ਫਿਰ ਵੀ ਉਹ ਹੁਣ ਸੰਪਰਦਾਵਾਂ ਵਲ ਤਾਂ ਮੁੜ ਨਹੀਂ ਸਕਦੇ, ਬੱਸ 2-3 ਸਾਲ ਪ੍ਰਚਾਰ ਕਰ ਕੇ ਸੱਭ ਗੱਲਾਂ ਸੰਗਤ ਨਾਲ ਜ਼ਰੂਰ ਸਾਂਝੀਆਂ ਕਰਨਗੇ। ਇਸ ਬਾਬਤ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਭਾਈ ਰਣਜੀਤ ਸਿੰਘ, ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਆਦਿ ਸਮੂਹ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਧਿਰਾਂ ਨੂੰ ਸਾਰੀ ਸਿੱਖ ਕੌਮ ਇਕ ਮੰਚ 'ਤੇ ਵੇਖਣਾ ਚਾਹੁੰਦੀ ਹੈ ਜਦਕਿ ਉਕਤ ਵੀਡੀਉ ਉਨ੍ਹਾਂ ਹਾਲੇ ਪੂਰੀ ਨਹੀਂ ਵੇਖੀ। ਭਾਈ ਸਰਬਜੀਤ ਸਿੰਘ ਧੂੰਦਾ ਨੇ ਕਿਹਾ ਕਿ ਉਨ੍ਹਾਂ ਨੇ ਉਕਤ ਵੀਡੀਉ ਵੇਖ ਲਈ ਹੈ ਜਿਸ ਬਾਬਤ ਉਨ੍ਹਾਂ ਦੀ ਭਾਈ ਪੰਥਪ੍ਰੀਤ ਸਿੰਘ ਨਾਲ ਵੀ ਗੱਲਬਾਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਅਖੌਤੀ ਵਿਚੋਲਿਆਂ ਨੂੰ ਲਾਂਭੇ ਕਰ ਕੇ ਅਤੇ ਸੋਸ਼ਲ ਮੀਡੀਆ ਦੇ ਭੰਡੀ ਪ੍ਰਚਾਰ ਨੂੰ ਠੱਲ ਪਾਉਣ ਲਈ ਸੰਗਤ ਦੇ ਸਾਹਮਣੇ ਆਉਣਗੇ।