
ਅੰਮ੍ਰਿਤਸਰ, 18 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੰਦੀ ਛੋੜ ਦਿਵਸ ਮੌਕੇ ਹੁਲੜਬਾਜ਼ੀ ਵਿਰੁਧ ਸਰਕਾਰ ਤੇ ਪ੍ਰਸਾਸਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਇਕ ਧਿਰ ਦੀ ਭੀੜ ਵਲੋਂ ਥਾਪੇ ਕਥਿਤ ਜਥੇਦਾਰਾਂ ਵਿਰੁਧ ਕਾਰਵਾਈ ਕਰਨ ਤਾਕਿ ਸ਼ੁਭ ਦਿਹਾੜਾ ਸ਼ਰਧਾ ਨਾਲ ਮਨਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਬੰਦੀ-ਛੋੜ ਦਿਵਸ ਮਨਾਉਣ ਲਈ ਦੇਸ਼-ਵਿਦੇਸ਼ ਤੋਂ ਸੰਗਤ ਵੱਡੀ ਗਿਣਤੀ ਵਿਚ ਪਹੁੰਚ ਰਹੀ ਹੈ ਅਤੇ ਸੰਗਤ ਦੀ ਰਿਹਾਇਸ਼-ਲੰਗਰ ਆਦਿ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾਂਦਾ ਹੈ। ਆਪੇ ਬਣੇ ਜਥੇਦਾਰ ਬੰਦੀ-ਛੋੜ ਦਿਵਸ 'ਤੇ ਸੰਦੇਸ਼ ਦੇਣਾ ਚਾਹੁੰਦੇ ਹਨ ਜੋ ਪੰਥਕ ਮਰਿਆਦਾ ਦੀ ਉਲੰਘਣਾ ਹੈ। ਜਥੇਦਾਰ ਨੇ ਕਿਹਾ ਕਿ ਬੰਦੀ-ਛੋੜ ਦਿਵਸ 'ਤੇ ਸ਼੍ਰੋਮਣੀ ਕਮੇਟੀ ਦੀ
ਅੰਤ੍ਰਿੰਗ ਕਮੇਟੀ ਜੋ ਸਿੱਖਾਂ ਦੀ ਨੁਮਾਇੰਦਾ ਜਮਾਤ ਅਤੇ ਧਾਰਮਕ ਬਾਡੀ ਹੈ, ਪੰਥਕ ਰਵਾਇਤ ਅਨੁਸਾਰ ਉਨ੍ਹਾਂ ਵਲੋਂ ਨਿਯੁਕਤ ਕੀਤੇ ਪੰਥ ਪ੍ਰਵਾਨਤ ਜਥੇਦਾਰ ਹੀ ਸੰਗਤ ਨੂੰ ਸੰਦੇਸ਼ ਦਿੰਦਾ ਹੈ। ਅੱਜ ਕੁੱਝ ਨਾਮ-ਨਿਹਾਦ ਲੋਕ ਸੰਗਤ ਵਿਚ ਅਸ਼ਾਂਤੀ ਫੈਲਾਉਣ ਅਤੇ ਮਾਹੌਲ ਖ਼ਰਾਬ ਕਰਨ ਲਈ ਕੁੱਝ ਸਮੇਂ ਤੋਂ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ। ਜਥੇਦਾਰ ਮੁਤਾਬਕ ਇਸ ਗੱਲ ਨੂੰ ਧਿਆਨ ਵਿਚ ਰਖਦਿਆਂ ਮੌਜੂਦਾ ਕਾਂਗਰਸ ਸਰਕਾਰ ਇਸ 'ਤੇ ਸਖ਼ਤੀ ਨਾਲ ਪੇਸ਼ ਆਵੇ ਜਿਸ ਨਾਲ ਹੋ ਰਹੇ ਸਮਾਗਮ ਵਿਚ ਕਿਸੇ ਨੂੰ ਮਾਹੌਲ ਖ਼ਰਾਬ ਕਰਨ ਦੀ ਆਗਿਆ ਨਾ ਦਿਤੀ ਜਾਵੇ। ਜੇ ਕੋਈ ਅਣ-ਸੁਖਾਵੀਂ ਜਾਂ ਮਾਹੌਲ ਵਿਗਾੜਨ ਲਈ ਕੋਈ ਅਜਿਹੀ ਘਟਨਾ ਵਾਪਰਦੀ ਹੈ
ਤਾਂ ਇਹ ਸਮਝਿਆ ਜਾਵੇਗਾ ਕਿ ਇਹ ਕਾਂਗਰਸ ਸਰਕਾਰ ਜਿਸ ਨੇ ਪਹਿਲਾਂ ਅਕਾਲ ਤਖ਼ਤ ਢਹਿ-ਢੇਰੀ ਕੀਤਾ ਅਤੇ ਸ਼ਾਂਤੀ ਦੇ ਸੋਮੇ, ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕੀਤਾ ਅਤੇ ਹੁਣ ਇਹ ਪੰਥਕ ਮਰਿਆਦਾ ਅਤੇ ਪੰਥਕ ਸੰਸਥਾਵਾਂ ਦਾ ਘਾਣ ਕਰਨ 'ਤੇ ਤੁਲੀ ਹੋਈ ਹੈ, ਜੋ ਸੰਗਤ ਲਈ ਅਸਹਿ ਹੈ। ਉਹ ਅੰਦਰ ਦੇ ਵਾਤਾਵਰਣ ਨੂੰ ਖ਼ਰਾਬ ਨਹੀਂ ਕਰਨਾ ਚਾਹੁੰਦੇ ਤਾਕਿ ਸਿੱਖਾਂ ਦਾ ਦੇਸ਼-ਵਿਦੇਸ਼ ਵਿਚ ਗ਼ਲਤ ਪ੍ਰਭਾਵ ਨਾ ਜਾਵੇ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਤੇ ਕਰਮਚਾਰੀ ਵੱਖ-ਵੱਖ ਥਾਵਾਂ ਤੇ ਵੱਡੀ ਗਿਣਤੀ ਵਿਚ ਤਾਇਨਾਤ ਕੀਤੇ ਗਏ ਹਨ। ਖ਼ੁਫ਼ੀਆ ਏਜੰਸੀਆਂ ਪਲ-ਪਲ ਦੀ ਖ਼ਬਰ ਹੁਕਮਰਾਨਾਂ ਤਕ ਪਹੁੰਚਾ ਰਹੀਆਂ ਹਨ।