
ਅੰਮ੍ਰਿਤਸਰ, 30 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਚਰਚਿਤ ਚੀਫ਼ ਖ਼ਾਲਸਾ ਦੀਵਾਨ ਦੇ ਸਮੂਹ ਅਹੁਦੇਦਾਰਾਂ ਤੇ ਐਗਜ਼ੈਕਟਿਵ ਦੀ ਚੋਣ 26 ਫ਼ਰਵਰੀ ਨੂੰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 5 ਫ਼ਰਵਰੀ ਨੂੰ ਐਗਜ਼ੈਕਟਿਵ ਦੀ ਬੈਠਕ ਹੋ ਰਹੀ ਹੈ ਜਿਸ ਵਿਚ ਵਿੱਤੀ ਮਾਮਲਿਆਂ ਸਬੰਧੀ ਅਧਿਕਾਰ ਦਿਤੇ ਜਾਣਗੇ ਤਾਕਿ ਦੀਵਾਨ ਨਾਲ ਸਬੰਧਤ 50 ਸਕੂਲਾਂ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਤੇ ਹੋਰ ਕੰਮ ਕਾਰਜਾਂ ਲਈ ਪੈਸਿਆਂ ਦੀ ਦਿੱਕਤ ਨਾ ਆਵੇ। ਸੂਚਨਾ ਮੁਤਾਬਕ ਇਸ ਵੇਲੇ ਆਰਜ਼ੀ ਬੈਂਕ ਖਾਤੇ ਕੰਮ ਚਲਾਉਣ ਲਈ ਚਲ ਰਹੇ ਹਨ। 6 ਫ਼ਰਵਰੀ ਨੂੰ ਸਮੁੱਚੇ ਹਾਊਸ ਦੀ ਬੈਠਕ 'ਚ ਚਰਨਜੀਤ ਸਿੰਘ ਚੱਢਾ ਬਰਖ਼ਾਸਤ ਹੋਣਗੇ ਜਿਸ ਸਬੰਧੀ ਅਕਾਲ ਤਖ਼ਤ ਨੇ ਆਦੇਸ਼ ਆਨਰੇਰੀ ਸਕੱਤਰ ਨੂੰ ਕੀਤਾ ਹੈ ਕਿ ਉਹ ਚੱਢਾ ਨੂੰ ਪ੍ਰਧਾਨਗੀ ਤੇ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਕੇ ਸੂਚਿਤ ਕਰੇ। ਦਸਣਯੋਗ ਹੈ ਕਿ ਚੱਢਾ ਦੀਆਂ ਸਮਾਜਕ, ਰਾਜਨੀਤਕ, ਧਾਰਮਕ ਅਤੇ ਵਿਦਿਅਕ ਸਰਗਰਮੀਆਂ 'ਤੇ ਅਕਾਲ ਤਖ਼ਤ ਨੇ
ਦੋ ਸਾਲ ਦੀ ਰੋਕ ਲਾਈ ਹੈ। ਜਾਣਕਾਰੀ ਮੁਤਾਬਕ ਚੀਫ਼ ਖ਼ਾਲਸਾ ਦੀਵਾਨ ਦੇ ਜਨਰਲ ਹਾਊਸ ਵਲੋਂ ਅਹੁਦੇਦਾਰ ਚੁਣਨ ਲਈ ਘਟੋ-ਘੱਟ 15 ਦਿਨਾਂ ਦਾ ਨੋਟਿਸ ਸਮੂਹ ਮੈਂਬਰਾਂ ਨੂੰ ਜਾਰੀ ਕੀਤਾ ਜਾਵੇਗਾ। ਇਹ ਨੋਟਿਸ ਜੇ 6 ਫ਼ਰਵਰੀ ਨੂੰ ਹੁੰਦਾ ਹੈ ਤਾਂ ਅਹੁਦੇਦਾਰਾਂ ਤੇ ਐਗਜ਼ੈਕਟਿਵ ਦੀ ਚੋਣ 20 ਫ਼ਰਵਰੀ ਨੂੰ ਹੋਣ ਦੀ ਸੰਭਾਵਨਾ ਹੈ। ਇਸ ਵੇਲੇ ਚੀਫ਼ ਖ਼ਾਲਸਾ ਦੀਵਾਨ ਦੇ ਲਗਭਗ 500 ਮੈਂਬਰ ਹਨ। ਚੀਫ਼ ਖ਼ਾਲਸਾ ਦੀਵਾਨ ਲਗਭਗ 111 ਸਾਲ ਪਹਿਲਾਂ ਹੋਂਦ ਵਿਚ ਆਇਆ ਸੀ ਜਿਸ ਦਾ ਮੰਤਵ ਸਿੱਖੀ ਨੂੰ ਪ੍ਰਫ਼ੁਲਤ ਕਰਨਾ, ਸਿੱਖ ਬੱਚਿਆਂ ਨੂੰ ਉਚ ਪਾਏਦਾਰ ਤਾਲੀਮ ਦੇਣਾ ਤੇ ਹੋਰ ਸਮਾਜਕ ਕਾਰਜ ਸਿੱਖ ਹਿਤਾਂ ਲਈ ਕਰਨਾ ਹੈ। ਇਸ ਵੇਲੇ ਚੀਫ਼ ਖ਼ਾਲਸਾ ਦੀਵਾਨ ਅਧੀਨ ਲਗਭਗ 50 ਸਕੂਲ, ਕਾਲਜ ਤੇ ਹੋਰ ਅਦਾਰੇ ਚਲ ਰਹੇ ਹਨ।