
ਪ੍ਰਧਾਨ ਲਈ ਚਾਰ ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ
ਅੰਮ੍ਰਿਤਸਰ, 23 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਚੀਫ ਖਾਲਸਾ ਦੀਵਾਨ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਆਨਰੇਰੀ ਸਕੱਤਰ ਦੀ ਚੋਣ 4 ਮਾਰਚ ਨੂੰ ਹੋ ਰਹੀ ਹੈ। 6 ਫਰਵਰੀ ਨੂੰ ਦੀਵਾਨ ਦੇ ਜਨਰਲ ਹਾਊਸ ਸਮੇਂ ਚੋਣ ਕਰਾਉਣ ਦੇ ਲਏ ਗਏ ਫੈਸਲੇ ਦੇ ਪਹਿਲੇ ਪੜਾਅ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ। ਅੱਜ ਨਾਮਜਦਗੀ ਪੱਤਰ ਭਰੇ ਜਾਣ ਦਾ ਸਮਾਂ ਸਮਾਪਤ ਹੋਣ ਉਪਰੰਤ ਇਸ ਵੇਲੇ ਪ੍ਰਧਾਨ ਲਈ ਚਾਰ, ਮੀਤ ਪ੍ਰਧਾਨ ਲਈ ਚਾਰ ਅਤੇ ਤਿੰਨ ਆਨਰੇਰੀ ਸਕੱਤਰ ਦੇ ਆਹੁਦੇ ਲਈ ਕੁਲ 11 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਇੰਨ੍ਹਾਂ ਦੀ ਪੜਤਾਲ ਉਪਰੰਤ 27 ਫਰਵਰੀ ਨੂੰ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ ਹੈ। ਇਸ ਸਬੰਧੀ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਦੱਸਿਆ ਕਿ ਪ੍ਰਧਾਨ ਦੇ ਅਹੁੱਦੇ ਲਈ ਚਾਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਹਨ, ਜਿੰਨ੍ਹਾਂ ਵਿੱਚ ਰਾਜਮਹਿੰਦਰ ਸਿੰਘ ਮਜੀਠਾ ਸਾਬਕਾ ਸਸੰਦ ਮੈਂਬਰ, ਡਾ.ਸੰਤੋਖ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ ਤੇ ਮੌਜੂਦਾ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਸ਼ਾਮਲ ਹਨ।
ਇਸੇ ਤਰ੍ਹਾ ਮੀਤ ਪ੍ਰਧਾਨ ਦੇ ਅਹੁਦੇ ਲਈ ਬਲਦੇਵ ਸਿੰਘ ਚੌਹਾਨ, ਨਿਰਮਲ ਸਿੰਘ, ਸਰਬਜੀਤ ਸਿੰਘ ( ਸ਼ਾਸ਼ਤਰੀ ਨਗਰ) ਅਤੇ ਸੁਰਿੰਦਰ ਸਿੰਘ (ਰੁਮਾਲਿਆ ਵਾਲੇ) ਨੇ ਕਾਗਜ ਦਾਖਲ ਕੀਤੇ ਹਨ। ਆਨਰੇਰੀ ਸਕੱਤਰ ਲਈ ਸੁਰਜੀਤ ਸਿੰਘ (ਚੌਕ ਮੰਨਾ ਸਿੰਘ), ਗੁਰਿੰਦਰ ਸਿੰਘ ਚਾਵਲਾ ਅਤੇ ਸੰਤੋਖ ਸਿੰਘ ਸੇਠੀ ਨੇ ਕਾਗਜ਼ ਦਾਖਲ ਕੀਤੇ ਹਨ। ਸ੍ਰ ਖੁਰਾਣਾ ਨੇ ਦੱਸਿਆ ਕਿ 26 ਫਰਵਰੀ ਨੂੰ ਕਾਰਜਸਾਧਕ ਕਮੇਟੀ ਵਿੱਚ ਕਾਗਜਾਂ ਦੀ ਪੜਤਾਲ ਕਰਨ ਦੇ ਨਾਲ ਨਾਲ ਇੱਕ ਚੋਣ ਬੋਰਡ ਸਥਾਪਿਤ ਹੋਵੇਗਾ, ਜਿਹੜਾ ਚੋਣ ਪ੍ਰਬੰਧ ਦੀ ਸਾਰੀ ਪ੍ਰਕਿਰਿਆ ਮੁਕੰਮਲ ਕਰੇਗਾ। 27 ਫਰਵਰੀ ਨੂੰ ਕਾਗਜ਼ ਵਾਪਸ ਲਏ ਜਾਣਗੇ ਅਤੇ 4 ਫਰਵਰੀ ਨੂੰ ਦੀਵਾਨ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਵੋਟਾਂ ਪੈਣਗੀਆਂ ਅਤੇ ਨਤੀਜਾ ਉਸ ਦਿਨ ਹੀ ਨਿਕਲੇਗਾ। ਚੀਫ ਖਾਲਸਾ ਦੀਵਾਨ ਦੀ ਇਸ ਤੋ ਪਹਿਲਾਂ ਚੋਣ ਸਰਬਸੰਮਤੀ ਨਾਲ ਹੁੰਦੀ ਸੀ। ਪਰ ਇਸ ਵੇਲੇ ਜਬਰਦਸਤ ਘੋਲ ਹੋ ਰਿਹਾ ਹੈ।